ਚੰਡੀਗਡ਼੍ਹ (ਸੁਸ਼ੀਲ)- ਡੱਡੂਮਾਜਰਾ ਪਿੰਡ ’ਚ ਸ਼ਰਾਬ ਦੇ ਠੇਕੇ ਦੇ ਬਾਹਰ ਖਡ਼੍ਹੇ ਹੋਣ ਤੋਂ ਐਤਵਾਰ ਰਾਤ ਨੂੰ ਬਲੈਰੋ ਸਵਾਰ 6 ਨੌਜਵਾਨਾਂ ਨੇ ਦੋ ਨੌਜਵਾਨਾਂ ਦੀ ਕੁੱਟ-ਮਾਰ ਕਰਕੇ ਫਾਇਰਿੰਗ ਕਰ ਦਿੱਤੀ। ਅਾਵਾਜ਼ ਸੁਣ ਕੇ ਲੋਕ ਇਕੱਠੇ ਹੋ ਗਏ। ਲੋਕਾਂ ਨੂੰ ਆਉਂਦੇ ਦੇਖ ਨੌਜਵਾਨ ਬੋਲੈਰੋ ਗੱਡੀ ਮੌਕੇ ’ਤੇ ਛੱਡ ਕੇ ਆਪਣੇ ਹੋਰ ਸਾਥੀਆਂ ਦੀ ਆਈ-20 ਕਾਰ ਵਿਚ ਸਵਾਰ ਹੋ ਕੇ ਫਰਾਰ ਹੋ ਗਏ। ਕੁੱਟ-ਮਾਰ ’ਚ ਦੋ ਨੌਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪੁਲਸ ਨੇ ਜੀ. ਐੱਮ. ਐੱਸ. ਐੱਚ.-16 ’ਚ ਦਾਖਲ ਕਰਵਾਇਆ। ਜ਼ਖ਼ਮੀਆਂ ਦੀ ਪਛਾਣ ਡੱਡੂਮਾਜਰਾ ਪਿੰਡ ਨਿਵਾਸੀ ਰਵਿੰਦਰ ਉਰਫ ਗੁੱਗੀ ਤੇ ਗੁਰਪ੍ਰੀਤ ਸਿੰਘ ਉਰਫ ਰੋਂਪੀ ਵਜੋਂ ਹੋਈ। ਪੁਲਸ ਨੇ ਦੱਸਿਆ ਕਿ ਇਕ ਦੇ ਮੂੰਹ ਤੇ ਦੂਜੇ ਦੇ ਹੱਥ ’ਤੇ ਸੱਟ ਲੱਗੀ ਹੈ, ਉਥੇ ਹੀ ਪੁਲਸ ਨੇ ਇਕ ਹਮਲਾਵਰ ਨੂੰ ਥੋਡ਼੍ਹੀ ਦੇਰ ਬਾਅਦ ਰਾਊਂਡਅਪ ਕੀਤਾ ਹੈ। ਮਲੋਆ ਥਾਣਾ ਪੁਲਸ ਦੇਰ ਰਾਤ ਤਕ ਮਾਮਲੇ ਦੀ ਛਾਣਬੀਣ ਕਰਦੀ ਰਹੀ।
ਵਿਚ-ਬਚਾਅ ਕਰਨ ਵਾਲਿਆਂ ’ਤੇ ਵੀ ਕੀਤਾ ਹਮਲਾ
ਡੱਡੂਮਾਜਰਾ ਪਿੰਡ ਨਿਵਾਸੀ ਗਗਨਦੀਪ ਸਿੰਘ ਨੇ ਦੱਸਿਆ ਕਿ ਐਤਵਾਰ ਰਾਤ ਅੱਠ ਵਜੇ ਉਹ ਆਪਣੇ ਦੋਸਤਾਂ ਨਾਲ ਡਿਊਟੀ ’ਤੇ ਜਾਣ ਲਈ ਸ਼ਰਾਬ ਦੇ ਠੇਕੇ ਕੋਲ ਆਇਆ ਸੀ। ਉਨ੍ਹਾਂ ਦੇਖਿਆ ਕਿ ਬਲੈਰੋ ਗੱਡੀ ਸਵਾਰ ਨੌਜਵਾਨ ਪਿੰਡ ਦੇ ਹੀ ਨੌਜਵਾਨ ਗੁਰਪ੍ਰੀਤ ਉਰਫ ਰੋਂਪੀ ਅਤੇ ਰਵਿੰਦਰ ਉਰਫ ਗੁੱਗੀ ਦੀ ਕੁੱਟ-ਮਾਰ ਕਰ ਰਹੇ ਸਨ। ਉਹ ਆਪਣੇ ਦੋਸਤਾਂ ਨਾਲ ਜਾ ਕੇ ਵਿਚ-ਬਚਾਅ ਕਰਨ ਲੱਗਾ ਤਾਂ ਨੌਜਵਾਨਾਂ ਨੇ ਉਨ੍ਹਾਂ ’ਤੇ ਵੀ ਹਮਲਾ ਕਰ ਦਿੱਤਾ। ਕੁੱਟ-ਮਾਰ ਹੁੰਦੀ ਦੇਖ ਕੇ ਪਿੰਡ ਦੇ ਲੋਕ ਇਕੱਠੇ ਹੋਣ ਲੱਗੇ। ਇੰਨੇ ’ਚ ਨੌਜਵਾਨਾਂ ਨੇ ਪਿਸਤੌਲ ਕੱਢੀ ਤੇ ਇਕ ਤੋਂ ਬਾਅਦ ਇਕ ਪੰਜ ਫਾਇਰ ਕਰ ਦਿੱਤੇ। ਗੋਲੀ ਚੱਲਦੀ ਦੇਖ ਸਾਰੇ ਨੌਜਵਾਨ ਤੇ ਲੋਕ ਸਾਈਡ ’ਤੇ ਹੋ ਗਏ।
ਸਾਥੀਆਂ ਦੀ ਆਈ-20 ਕਾਰ ’ਚ ਫਰਾਰ ਹੋਏ ਹਮਲਾਵਰ
ਹਮਲਾਵਰ ਨੌਜਵਾਨ ਪਿਸਤੌਲ ਲਹਿਰਾਉਂਦੇ ਹੋਏ ਬਲੈਰੋ ਗੱਡੀ ਛੱਡ ਕੇ ਲਾਈਟ ਪੁਆਇੰਟ ਵੱਲ ਗਏ ਤੇ ਉਥੇ ਆਪਣੇ ਹੋਰ ਸਾਥੀਆਂ ਦੀ ਆਈ-20 ਗੱਡੀ ’ਚ ਬੈਠ ਕੇ ਫਰਾਰ ਹੋ ਗਏ। ਫਾਇਰਿੰਗ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਦਿਅਾਂ ਹੀ ਥਾਣਾ ਇੰਚਾਰਜ ਚਿਰੰਜੀ ਲਾਲ ਮੌਕੇ ’ਤੇ ਪੁੱਜੇ। ਸ਼ਰਾਬ ਦੇ ਠੇਕੇ ਦੇ ਚਾਰੇ ਪਾਸੇ ਲੋਕਾਂ ਦੀ ਭੀਡ਼ ਇਕੱਠੀ ਹੋ ਗਈ। ਪੁਲਸ ਨੇ ਕੁੱਟ-ਮਾਰ ’ਚ ਜ਼ਖ਼ਮੀ ਦੋ ਨੌਜਵਾਨਾਂ ਨੂੰ ਹਸਪਤਾਲ ਪਹੁੰਚਾਇਆ, ਉਥੇ ਹੀ ਪੁਲਸ ਨੂੰ ਸ਼ਰਾਬ ਦੇ ਠੇਕੇ ਦਾ ਕਾਊਂਟਰ ਵੀ ਟੁੱਟਿਆ ਹੋਇਆ ਮਿਲਿਆ ਹੈ।
ਠੇਕੇ ਤੋਂ ਰਾਤ ਨੂੰ ਹੁੰਦੀ ਹੈ ਸ਼ਰਾਬ ਦੀ ਸਮੱਗਲਿੰਗ
ਲੋਕਾਂ ਨੇ ਦੱਸਿਆ ਕਿ ਜਿਹੜੇ ਠੇਕੇ ਦੇ ਬਾਹਰ ਗੋਲੀ ਚੱਲੀ ਹੈ, ਉਥੋਂ ਰਾਤ ਨੂੰ ਸ਼ਰਾਬ ਦੀ ਸਮੱਗਲਿੰਗ ਹੁੰਦੀ ਹੈ। ਲੋਕਾਂ ਨੇ ਕਿਹਾ ਕਿ ਬਲੈਰੋ ਗੱਡੀ ਸਵਾਰ ਹਮਲਾਵਰਾਂ ਨੇ ਇਸ ਲਈ ਜਾਅਲੀ ਨੰਬਰ ਲਾਇਆ ਹੋਇਆ ਸੀ। ਲੋਕਾਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਵੀ ਠੇਕੇ ਦੇ ਬਾਹਰ ਦੇਸੀ ਕੱਟੇ ਨਾਲ ਇਕ ਨੌਜਵਾਨ ’ਤੇ ਹਮਲਾ ਹੋਇਆ ਸੀ। ਨੌਜਵਾਨ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੋਈ ਹੈ ਪਰ ਥਾਣਾ ਪੁਲਸ ਨੇ ਮਾਮਲਾ ਦਰਜ ਨਹੀਂ ਕੀਤਾ।
ਭੀਡ਼ ਦੇਖ ਕੇ ਐੱਸ. ਐੱਚ. ਓ. ’ਤੇ ਭਡ਼ਕੀ ਐੱਸ. ਐੱਸ. ਪੀ.
ਸ਼ਰਾਬ ਦੇ ਠੇਕੇ ਦੇ ਬਾਹਰ ਗੋਲੀ ਚੱਲਣ ਤੋਂ ਬਾਅਦ ਲੋਕਾਂ ਦੀ ਭੀਡ਼ ਇਕੱਠੀ ਹੋ ਗਈ ਸੀ। ਥਾਣਾ ਪੁਲਸ ਤੋਂ ਭੀਡ਼ ਕੰਟਰੋਲ ਨਹੀਂ ਹੋ ਰਹੀ ਸੀ। ਇੰਨੇ ’ਚ ਐੱਸ. ਐੱਸ. ਪੀ. ਨਿਲਾਂਬਰੀ ਵਿਜੇ ਜਗਦਲੇ ਮੌਕੇ ’ਤੇ ਪਹੁੰਚੀ। ਘਟਨਾ ਸਥਾਨ ’ਤੇ ਲੋਕਾਂ ਦੀ ਭੀਡ਼ ਦੇਖ ਕੇ ਉਹ ਐੱਸ. ਐੱਚ. ਓ. ’ਤੇ ਭਡ਼ਕ ਉੱਠੀ। ਐੱਸ. ਐੱਸ. ਪੀ. ਨੇ ਥਾਣਾ ਇੰਚਾਰਜ ਨੂੰ ਸਾਰੇ ਲੋਕਾਂ ਨੂੰ ਸਾਈਡ ’ਤੇ ਕਰਨ ਲਈ ਕਿਹਾ। ਭੀਡ਼ ਸਾਈਡ ’ਤੇ ਹੋਣ ਤੋਂ ਬਾਅਦ ਐੱਸ. ਐੱਸ. ਪੀ. ਨੇ ਘਟਨਾ ਸਥਾਨ ਨੂੰ ਦੇਖਿਆ। ਹੈਰਾਨੀ ਇਹ ਸੀ ਕਿ ਐੱਸ. ਐੱਸ. ਪੀ. ਮੌਕੇ ’ਤੇ ਪਹੁੰਚ ਗਈ ਸੀ ਪਰ ਇਲਾਕਾ ਡੀ. ਐੱਸ. ਪੀ. ਉਦੋਂ ਤਕ ਘਟਨਾ ਸਥਾਨ ’ਤੇ ਨਹੀਂ ਪੁੱਜੇ ਸਨ।
ਬਲੈਰੋ ਗੱਡੀ ’ਤੇ ਲੱਗਾ ਸੀ ਸਕੂਟਰ ਦਾ ਨੰਬਰ
ਗੋਲੀ ਚਲਾਉਣ ਵਾਲੇ ਨੌਜਵਾਨਾਂ ਨੇ ਬਲੈਰੋ ਗੱਡੀ ’ਤੇ ਜਾਅਲੀ ਨੰਬਰ ਲਾਇਆ ਹੋਇਆ ਸੀ। ਪੁਲਸ ਨੇ ਜਦੋਂ ਗੱਡੀ ’ਤੇ ਲੱਗਾ ਪੀ. ਬੀ. 30 ਕੇ. 8034 ਨੰਬਰ ਵਾਹਨ ਐਪ ’ਤੇ ਚੈੱਕ ਕੀਤਾ ਤਾਂ ਉਹ ਨੰਬਰ ਸਕੂਟਰ ਦਾ ਪਾਇਆ ਗਿਆ। ਸਕੂਟਰ ਮੁਕਤਸਰ ਦੇ ਪ੍ਰੇਮ ਜਿੰਦਲ ਦੇ ਨਾਂ ’ਤੇ ਰਜਿਸਟਰਡ ਪਾਇਆ ਗਿਆ ਹੈ।
ਮਿਊਚੁਅਲ ਫੰਡ 'ਚ 24 ਮਹੀਨਿਆਂ ਦਾ ਸਿਪ ਰਿਟਰਨ ਹੇਠਲੇ ਪੱਧਰ 'ਤੇ
NEXT STORY