ਨਵੀਂ ਦਿੱਲੀ - ਜੀ ਹਾਂ, ਕ੍ਰਿਪਟੋ ਕਰੰਸੀ ’ਤੇ ਹੁਣ ਚੀਨ ਦੀ ਮਾਰ ਪਈ ਹੈ। ਪਿਛਲੇ ਹਫਤੇ ’ਚ ਦੋ ਵਾਰ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ ਟੈਸਲਾ ਦੇ ਸੀ. ਈ. ਓ. ਐਲਨ ਮਸਕ ਦੇ ਟਵੀਟ ਦੇ ਝਟਕੇ ਨਾਲ ਡਿੱਗੀ ਕ੍ਰਿਪਟੋ ਕਰੰਸੀ ਨੂੰ ਬੁੱਧਵਾਰ ਨੂੰ ਚੀਨੀ ਬੈਂਕਾਂ ਨੇ ਝਟਕਾ ਦੇ ਦਿੱਤਾ। ਕੁਆਈਨ ਮੈਟ੍ਰਿਕਸ ਦੇ ਡਾਟਾ ਮੁਤਾਬਕ ਬੁੱਧਵਾਰ ਦੀ ਟ੍ਰੇਡਿੰਗ ਦੌਰਾਨ ਸਭ ਤੋਂ ਵੱਡੀ ਕ੍ਰਿਪਟੋ ਕਰੰਸੀ ਬਿਟਕੁਆਈਨ ਇੰਟ੍ਰਾ ਡੇਅ ਟ੍ਰੇਡਿੰਗ ਦੌਰਾਨ 20 ਫੀਸਦੀ ਡਿਗ ਕੇ 30201 ਡਾਲਰ ਤੱਕ ਪਹੁੰਚ ਗਈ। 22 ਜਨਵਰੀ ਤੋਂ ਬਾਅਦ ਇਹ ਬਿਟਕੁਆਈਨ ਦਾ ਸਭ ਤੋਂ ਹੇਠਲਾ ਪੱਧਰ ਹੈ। ਹਾਲਾਂਕਿ ਕਿ ਬਾਅਦ ਦੇ ਕਾਰੋਬਾਰ ’ਚ ਇਸ ’ਚ ਥੋੜਾ ਸੁਧਾਰ ਜ਼ਰੂਰ ਆਇਆ ਅਤੇ ਇਹ 37 ਹਜ਼ਾਰ ਦੇ ਕਰੀਬ ਪਹੁੰਚ ਗਿਆ ਪਰ ਇਸ ਦੀ ਸਥਿਤੀ ਕਮਜ਼ੋਰ ਬਣੀ ਹੋਈ ਹੈ। ਦਰਅਸਲ ਚੀਨ ਨੇ ਬੁੱਧਵਾਰ ਨੂੰ ਅਾਪਣੇ ਬੈਂਕਾਂ ਅਤੇ ਵਿੱਤੀ ਸੰਸਥਾਨਾਂ ਨੂੰ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਉਹ ਕ੍ਰਿਪਟੋਕਰੰਸੀ ’ਚ ਨਿਵੇਸ਼ ਕਰਨ ਵਾਲਿਆਂ ਨੂੰ ਸੇਵਾਵਾਂ ਨਾ ਮੁਹੱਈਆ ਕਰਵਾਉਣ। ਬੈਂਕਾਂ ਨੂੰ ਕਿਹਾ ਗਿਆ ਹੈ ਕਿ ਉਹ ਕ੍ਰਿਪਟੋ ਦੇ ਨਿਵੇਸ਼ਕਾਂ ਨੂੰ ਰਜਿਸਟ੍ਰੇਸ਼ਨ ਕਰਨ ਅਤੇ ਆਨਲਾਈਨ ਪੇਮੈਂਟ ਚੈਨਲ ਬਣਾਉਣ ਅਤੇ ਟ੍ਰੇਡਿੰਗ ਅਤੇ ਸੈਟਲਮੈਂਟ ਦੇ ਕੰਮ ’ਚ ਸਹਿਯੋਗ ਨਾ ਦੇਣ। ਚੀਨ ਦੀ ਇਸ ਚਿਤਾਵਨੀ ਤੋਂ ਬਾਅਦ ਕ੍ਰਿਪਟੋ ਕਰੰਸੀ ਬਾਜ਼ਾਰ ਢਹਿ-ਢੇਰੀ ਹੋ ਗਿਆ। ਇਸ ਤੋਂ ਪਹਿਲਾਂ 12 ਮਈ ਨੂੰ ਟੈਸਲਾ ਦੇ ਸੀ. ਈ. ਓ. ਐਲਨ ਮਸਕ ਵਲੋਂ ਕਾਰਾਂ ਦੀ ਖਰੀਦ ’ਚ ਬਿਟਕੁਆਈਨ ਦਾ ਇਸਤੇਮਾਲ ਨਾ ਕੀਤੇ ਜਾਣ ਦੇ ਟਵੀਟ ਤੋਂ ਬਾਅਦ ਬਿਟਕੁਆਈਨ ਦੀਆਂ ਕੀਮਤਾਂ ’ਚ 17 ਫੀਸਦੀ ਦੀ ਗਿਰਾਵਟ ਆਈ ਸੀ ਜਦ ਕਿ 17 ਮਈ ਨੂੰ ਐਲਾਨ ਮਸਕ ਵਲੋਂ ਕੰਪਨੀ ਦੇ ਸਾਰੇ ਬਿਟਕੁਆਈਨ ਵੇਚੇ ਜਾਣ ਕਾਰਨ ਇਸ ’ਚ ਹੋਣ ਵਾਲੀ ਗਿਰਾਵਟ ਸਬੰਧੀ ਇਕ ਟਵੀਟ ’ਤੇ ਸਹਿਮਤੀ ਜਤਾਏ ਜਾਣ ਨਾਲ ਬਿਟਕੁਆਈਨ 15 ਫੀਸਦੀ ਟੁੱਟ ਗਿਆ ਸੀ।
ਇਹ ਵੀ ਪੜ੍ਹੋ: ਭਾਰਤੀ ਉਦਯੋਗ ਕੋਰੋਨਾ ਆਫ਼ਤ ਦਰਮਿਆਨ ਆਪਣੇ ਮੁਲਾਜ਼ਮਾਂ ਦੀ ਸਹਾਇਤਾ ਲਈ ਆਇਆ ਅੱਗੇ
ਚੀਨ ਨੇ ਪਹਿਲਾਂ ਵੀ ਜਾਰੀ ਕੀਤੀ ਸੀ ਚਿਤਾਵਨੀ
ਚੀਨ ਨੇ ਪਹਿਲਾਂ ਤੋਂ ਹੀ ਕ੍ਰਿਪਟੋ ਐਕਸਚੇਂਜ ’ਤੇ ਪਾਬੰਦੀ ਲਗਾਈ ਹੋਈ ਹੈ ਪਰ ਉਸ ਨੇ ਨਿੱਜੀ ਤੌਰ ’ਤੇ ਲੋਕਾਂ ਨੂੰ ਇਸ ’ਚ ਨਿਵੇਸ਼ ਕਰਨ ਤੋਂ ਨਹੀਂ ਰੋਕਿਆ ਸੀ ਪਰ ਨਵੀਂ ਚਿਤਾਵਨੀ ’ਚ ਕਿਹਾ ਗਿਆ ਹੈ ਕਿ ਇਹ ਸਪੈਕੁਲੇਟਿਵ ਟ੍ਰੇਡਿੰਗ ਹੈ ਅਤੇ ਨਿਵੇਸ਼ਕ ਇਸ ਤੋਂ ਦੂਰ ਰਹਿਣ। ਇਸ ਤੋਂ ਪਹਿਲਾਂ 2017 ’ਚ ਚੀਨ ਨੇ ਦੇਸ਼ ’ਚ ਕ੍ਰਿਪਟੋ ਕਰੰਸੀ ਐਕਸਚੇਂਜਾਂ ਨੂੰ ਬੰਦ ਕਰ ਦਿੱਤਾ ਸੀ। ਉਸ ਸਮੇਂ ਦੁਨੀਆ ਭਰ ’ਚ ਹੋਣ ਵਾਲੇ ਕ੍ਰਿਪਟੋ ਕਰੰਸੀ ਕਾਰੋਬਾਰ ਦਾ 90 ਫੀਸਦੀ ਕਾਰੋਬਾਰ ਚੀਨ ’ਚ ਹੋ ਰਿਹਾ ਸੀ। 2019 ’ਚ ਚੀਨ ਦੇ ਪੀਪਲ ਬੈਂਕ ਆਫ ਚਾਈਨਾ ਨੇ ਸਥਾਨਕ ਅਤੇ ਵਿਦੇਸ਼ੀ ਕ੍ਰਿਪਟੋ ਐਕਸਚੇਂਜਾਂ ਅਤੇ ਕੁਆਈਨ ਜਾਰੀ ਕਰਨ ਵਾਲੀਆਂ ਵੈੱਬਸਾਈਟਾਂ ਨੂੰ ਪੈਸੇ ਦੀ ਟ੍ਰਾਂਜੈਕਸ਼ਨ ਰੋਕ ਦਿੱਤੀ ਸੀ। ਇਸ ਦੇ ਨਾਲ ਹੀ ਬੈਂਕ ਨੇ ਚਿਤਾਵਨੀ ਦਿੱਤੀ ਸੀ ਕਿ ਕ੍ਰਿਪਟੋ ਕਰੰਸੀ ਦੀ ਕੋਈ ਅਸਲ ਕੀਮਤ ਨਹੀਂ ਹੈ ਅਤੇ ਇਹ ਬਾਜ਼ਾਰ ਦੀਆਂ ਸਪੈਕੁਲੇਸ਼ਨ (ਅਟਕਲਾਂ) ’ਤੇ ਤੈਅ ਹੁੰਦੀ ਹੈ, ਜਿਸ ਨਾਲ ਨਿਵੇਸ਼ਕਾਂ ਦੇ ਹਿੱਤ ਸੁਰੱਖਿਅਤ ਨਹੀਂ ਰਹਿੰਦੇ ਅਤੇ ਇਹ ਚੀਨ ਦੇ ਕਾਨੂੰਨਾਂ ਦੇ ਮੁਤਾਬਕ ਵੀ ਨਹੀਂ ਹੈ।
ਇਹ ਵੀ ਪੜ੍ਹੋ: ਐਲਨ ਮਸਕ ਦਾ ਟਵੀਟ Bitcoin ਤੇ ਪਿਆ ਭਾਰੀ, ਕੀਮਤਾਂ ਚ ਆਈ ਗਿਰਾਵਟ
ਬੈਂਕ ਆਫ ਇੰਗਲੈਂਡ ਵੀ ਦੇ ਚੁੱਕੈ ਚਿਤਾਵਨੀ
ਕ੍ਰਿਪਟੋ ਕਰੰਸੀ ਨੂੰ ਲੈ ਕੇ ਚੀਨ ਦੇ ਬੈਂਕਾਂ ਵਲੋਂ ਜਾਰੀ ਕੀਤੀ ਗਈ ਚਿਤਾਵਨੀ ਤੋਂ ਪਹਿਲਾਂ ਬੈਂਕ ਆਫ ਇੰਗਲੈਂਡ ਦੇ ਗਵਰਨਰ ਐਂਡ੍ਰਿਊ ਬੈਲੀ ਨੇ 8 ਮਈ ਨੂੰ ਚੌਕਸ ਕੀਤਾ ਸੀ ਕਿ ਕ੍ਰਿਪਟੋ ਕਰੰਸੀ ਦਾ ਕੋਈ ਅੰਦਰੂਨੀ ਮੁੱਲ ਨਹੀਂ ਹੈ ਅਤੇ ਇਸ ’ਚ ਨਿਵੇਸ਼ ਕਰਨ ਵਾਲਿਆਂ ਦਾ ਸਾਰਾ ਪੈਸਾ ਡੁੱਬ ਸਕਦਾ ਹੈ। ਜਗ ਬਾਣੀ ਨੇ ਐਂਡ੍ਰਿਊ ਬੈਲੀ ਦੀ ਇਸ ਚਿਤਾਵਨੀ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ ਅਤੇ ਨਿਵੇਸ਼ਕਾਂ ਨੂੰ ਕ੍ਰਿਪਟੋ ਕਰੰਸੀ ’ਚ ਸੰਭਲ ਕੇ ਨਿਵੇਸ਼ ਕਰਨ ਦੀ ਸਲਾਹ ਦਿੱਤੀ ਸੀ। ਬੈਲੀ ਨੇ ਕਿਹਾ ਸੀ ਕਿ ਕ੍ਰਿਪਟੋ ਕਰੰਸੀ ਦੀ ਕੋਈ ਅੰਦਰੂਨੀ ਕੀਮਤ ਨਹੀਂ ਹੈ। ਮੈਂ ਇਕ ਵਾਰ ਮੁੜ ਦੋ ਟੁੱਕ ਸ਼ਬਦਾਂ ’ਚ ਕਹਿ ਰਿਹਾ ਹਾਂ ਕਿ ਜੇ ਲੋਕ ਆਪਣਾ ਸਾਰਾ ਪੈਸਾ ਡੋਬਣ ਲਈ ਮਾਨਸਿਕ ਤੌਰ ’ਤੇ ਤਿਆਰ ਹਨ ਤਾਂ ਉਹ ਇਸ ਨੂੰ ਖਰੀਦ ਸਕਦੇ ਹਨ।
ਇਕ ਹਫਤੇ ’ਚ ਘੱਟ ਹੋਇਆ 1.06 ਖਰਬ ਡਾਲਰ ਦਾ ਮਾਰਕੀਟ ਕੈਪ
12 ਮਈ ਨੂੰ ਕ੍ਰਿਪਟੋ ਕਰੰਸੀ ਦਾ ਮਾਰਕੀਟ ਕੈਪ 2.43 ਖਰਬ ਡਾਲਰ ਸੀ ਜੋ ਬੁੱਧਵਾਰ ਸ਼ਾਮ ਨੂੰ ਘੱਟ ਹੋ ਕੇ 1.37 ਖਰਬ ਡਾਲਰ ਰਹਿ ਗਿਆ। ਹਾਲਾਂਕਿ ਬਾਅਦ ’ਚ ਹੇਠਲੇ ਪੱਧਰ ਤੋਂ ਇਸ ’ਚ ਰਿਕਵਰੀ ਆਈ ਅਤੇ ਬੁੱਧਵਾਰ ਦੇਰ ਰਾਤ ਇਹ ਫਿਰ 1.57 ਖਰਬ ਡਾਲਰ ਤੱਕ ਪਹੁੰਚ ਗਿਆ ਸੀ ਪਰ ਕ੍ਰਿਪਟੋ ਕਰੰਸੀ ਬਾਜ਼ਾਰ ’ਚ ਲਗਾਤਾਰ ਕਮਜ਼ੋਰੀ ਦਾ ਰੁਝਾਨ ਜਾਰੀ ਹੈ। ਕ੍ਰਿਪਟੋ ਕਰੰਸੀ ਬਾਜ਼ਾਰ ’ਚ ਬਿਟਕੁਆਈਨ ਦੀ ਹਿੱਸੇਦਾਰੀ 40 ਫੀਸਦੀ ਦੇ ਕਰੀਬ ਹੈ ਅਤੇ ਪਿਛਲੇ ਮਹੀਨੇ 6 ਅਪ੍ਰੈਲ ਨੂੰ ਕ੍ਰਿਪਟੋ ਕਰੰਸੀ ਬਾਜ਼ਾਰ ਦਾ ਮਾਰਕੀਟ ਕੈਪ 2 ਖਰਬ ਡਾਲਰ ਨੂੰ ਪਾਰ ਕਰ ਗਿਆ ਸੀ ਅਤੇ ਇਸ ’ਚ 1.1 ਖਰਬ ਡਾਲਰ ਦੀ ਹਿੱਸੇਦਾਰੀ ਬਿਟਕੁਆਈਨ ਦੀ ਸੀ ਪਰ ਹੁਣ ਬਿਟਕੁਆਈਨ ਪਿਛਲੇ ਇਕ ਹਫਤੇ ’ਚ ਕਰੀਬ 38 ਫੀਸਦੀ ਡਿੱਗਣ ਕਾਰਨ ਕ੍ਰਿਪਟੋ ਕਰੰਸੀ ਦੇ ਮਾਰਕੀਟ ਕੈਪ ਦੇ ਨਾਲ-ਨਾਲ ਬਿਟਕੁਆਈਨ ਦਾ ਮਾਰਕੀਟ ਕੈਪ ਵੀ ਕਰੀਬ 440 ਅਰਬ ਰੁਪਏ ਘੱਟ ਹੋ ਗਿਆ ਹੈ।
ਇਹ ਵੀ ਪੜ੍ਹੋ: ਸਰਕਾਰ ਦੇ ਰਹੀ ਸਸਤਾ ਸੋਨਾ ਖ਼ਰੀਦਣ ਦਾ ਮੌਕਾ, ਜਾਣੋ ਕਿੰਨੇ ਚ ਮਿਲੇਗਾ 10 ਗ੍ਰਾਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਬਾਜ਼ਾਰ 'ਚ ਤੇਜ਼ੀ, ਸੈਂਸੈਕਸ 168 ਅੰਕ ਦੀ ਬੜ੍ਹਤ ਨਾਲ 50,000 ਤੋਂ ਪਾਰ ਖੁੱਲ੍ਹਾ
NEXT STORY