ਮੁੰਬਈ (ਇੰਟ.) - ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ. ਆਈ. ਆਈ.) ਨੇ ਭਾਰਤੀ ਬਾਜ਼ਾਰਾਂ ’ਚ ਰਿਕਾਰਡ ਬਿਕਵਾਲੀ ਕੀਤੀ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦੇ ਅੰਕੜਿਆਂ ਮੁਤਾਬਿਕ ਗਲੋਬਲ ਫੰਡਸ ਨੇ ਲਗਾਤਾਰ ਪਿਛਲੇ 18 ਸੈਸ਼ਨਾਂ ’ਚ ਲੱਗਭਗ 1 ਲੱਖ ਕਰੋੜ ਰੁਪਏ ਦੇ ਸ਼ੇਅਰ ਵੇਚੇ ਹਨ।
ਗ੍ਰੋਥ ’ਚ ਨਰਮੀ, ਚੀਨ ’ਚ ਸੁਧਾਰ ਦੇ ਉਪਾਅ ਤੇ ਉੱਚੀ ਵੈਲਿਊਏਸ਼ਨ ਨੇ ਨਿਵੇਸ਼ਕਾਂ ਨੂੰ ਪ੍ਰਭਾਵਿਤ ਕੀਤਾ ਹੈ। ਹਾਲਾਂਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ (ਡੀ. ਆਈ. ਆਈ.) ਗਿਰਵਾਟ ’ਚ ਲਗਾਤਾਰ ਖਰੀਦਦਾਰੀ ਕਰ ਰਹੇ ਹਨ ਤੇ ਇਨ੍ਹਾਂ ਨੇ 1 ਲੱਖ ਕਰੋੜ ਰੁਪਏ ਦੇ ਸ਼ੇਅਰ ਖਰੀਦੇ ਹਨ। ਡੀ. ਆਈ. ਆਈ. ਦੀ ਖਰੀਦ ਨਾਲ ਬਾਜ਼ਾਰ ਵੱਡੀ ਗਿਰਾਵਟ ਤੋਂ ਬਚ ਗਿਆ। ਐੱਫ. ਆਈ. ਆਈ. ਨੇ ਅਕਤੂਬਰ ਮਹੀਨੇ ’ਚ ਹੁਣ ਤੱਕ 97,205.42 ਕਰੋੜ ਰੁਪਏ ਦੇ ਸ਼ੇਅਰ ਵੇਚੇ ਹਨ।
ਮੱਠੇ ਆਰਥਿਕ ਵਾਧੇ ਤੇ ਕਾਰਪੋਰੇਟ ਲਾਭ ’ਚ ਮੱਠੀ ਰਫਤਾਰ ਕਾਰਨ ਗੋਲਡਮੈਨ ਸਾਕਸ ਨੇ ਆਪਣੇ ਏਸ਼ੀਆ/ਉੱਭਰਦੇ ਬਾਜ਼ਾਰਾਂ ਦੀ ਅਲਾਟਮੈਂਟ ਦੇ ਅੰਦਰ ਘਰੇਲੂ ਸ਼ੇਅਰਾਂ ਨੂੰ ਡਾੳੂਨਗ੍ਰੇਡ ਕਰ ਕੇ ਨਿਰਪੱਖ ਕੀਤਾ ਹੈ। ਬਰਨਸਟੀਨ ਰਿਸਰਚ ਦੇ ਘਰੇਲੂ ਸ਼ੇਅਰਾਂ ਨੂੰ ‘ਅੰਡਰਵੇਟ’ ਤੋਂ ਡਾੳੂਨਗ੍ਰੇਡ ਕਰਨ ਤੋਂ ਬਾਅਦ ਇਹ ਗਿਰਾਵਟ ਆਈ ਹੈ, ਕਿਉਂਕਿ ਬਰਨਸਟੀਨ ਮੁਤਾਬਿਕ ਛੋਟੀ ਮਿਆਦ ’ਚ ਬਾਜ਼ਾਰ ‘ਕਾਫੀ ਕਮਜ਼ੋਰ’ ਰਹਿ ਸਕਦਾ ਹੈ। ਬਰਨਸਟੀਨ ਨੇ ਇਕ ਨੋਟ ’ਚ ਕਿਹਾ ਕਿ ਚੀਨ ਅਤੇ ਦੂਜੇ ਉੱਭਰਦੇ ਬਾਜ਼ਾਰਾਂ ਦੇ ਮੁਕਾਬਲੇ ਭਾਰਤੀ ਸ਼ੇਅਰਾਂ ਦੇ ਰਿਕਾਰਡ ਹਾਈ ਵੈਲਿਊਏਸ਼ਨ ਨੂੰ ਲੈ ਕੇ ਹੈ। ਉਸ ਮੁਤਾਬਕ ਹੁਣ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ਦੇ ਵੈਲਿਊਏਸ਼ਨ ਵੀ ਬਹੁਤ ਜ਼ਿਆਦਾ ਹੋ ਗਏ ਹਨ।
ਐੱਫ. ਆਈ. ਆਈ. ਦੀ ਬਿਕਵਾਲੀ ਏਸ਼ੀਆ ’ਚ ਆਊਟਫਲੋ ’ਚ ਸਭ ਤੋਂ ਉੱਪਰ
ਵਿਦੇਸ਼ੀ ਨਿਵੇਸ਼ਕਾਂ ਨੇ ਅਕਤੂਬਰ ’ਚ ਭਾਰਤੀ ਸ਼ੇਅਰ ਬਾਜ਼ਾਰ ਤੋਂ ਰਿਕਾਰਡ ਬਿਕਵਾਲੀ ਕੀਤੀ, ਜੋ ਏਸ਼ੀਆ ’ਚ ਆਊਟਫਲੋ ’ਚ ਸਭ ਤੋਂ ਉੱਪਰ ਸੀ। ਦੇਸ਼ ਤੋਂ ਆਊਟਫਲੋ ਅਜਿਹੇ ਸਮੇਂ ’ਚ ਹੋ ਰਿਹਾ ਹੈ, ਜਦੋਂ ਚੀਨ ਅਰਥਵਿਵਸਥਾ ’ਚ ਸੁਧਾਰ ਕਰਨ ਲਈ ਵਿਆਜ ਦਰ ’ਚ ਕਟੌਤੀ ਤੋਂ ਲੈ ਕੇ ਸਥਾਨਕ ਸਰਕਾਰ ਦੇ ਜ਼ਰੀਏ ਖਰਚੇ ਨੂੰ ਘੱਟ ਕਰਨ ਲਈ ਕੋਸ਼ਿਸ਼ਾਂ ਸ਼ੁਰੂ ਕਰ ਰਿਹਾ ਹੈ।
ਨੈਸ਼ਨਲ ਸਕਿਓਰਿਟੀਜ਼ ਡਿਪਾਜ਼ਟਰੀ ਲਿਮਟਿਡ ਦੇ ਅੰਕੜਿਆਂ ਮੁਤਾਬਿਕ ਅਕਤੂਬਰ ’ਚ ਭਾਰੀ ਬਿਕਵਾਲੀ ਦੇ ਬਾਵਜੂਦ ਐੱਫ. ਆਈ. ਆਈ. 2024 ’ਚ ਹੁਣ ਤੱਕ 28,647 ਕਰੋੜ ਰੁਪਏ ਦੀ ਖਰੀਦਦਾਰੀ ਕੀਤੀ ਜਾ ਚੁੱਕੀ ਹੈ। ਹਾਲਾਂਕਿ, ਇਹ ਸਾਰੀ ਖਰੀਦਦਾਰੀ ਪ੍ਰਾਇਮਰੀ ਮਾਰਕੀਟ ਭਾਵ ਆਈ. ਪੀ. ਓ. ਰਾਹੀਂ ਕੀਤੀ ਗਈ ਹੈ।
ਗਲੋਬਲ ਫੰਡਾਂ ਦੇ ਸ਼ੇਅਰ ਵੇਚਣ ਕਾਰਨ ਰੁਪਏ ’ਤੇ ਅਸਰ
ਐੱਫ. ਆਈ. ਆਈ. ਦੀ ਲਗਾਤਾਰ ਬਿਕਵਾਲੀ ਨੇ ਰੁਪਏ ਨੂੰ ਰਿਕਾਰਡ ਹੇਠਲੇ ਪੱਧਰ ਦੇ ਨੇੜੇ ਬਣਾਈ ਰੱਖਿਆ ਹੈ। ਰੁਪਇਆ 11 ਅਕਤੂਬਰ ਨੂੰ 84.09 ਦੇ ਰਿਕਾਰਡ ਹੇਠਲੇ ਪੱਧਰ ’ਤੇ ਪਹੁੰਚਣ ਤੋਂ ਬਾਅਦ ਸੀਮਿਤ ਘੇਰੇ ’ਚ ਰਿਹਾ। ਅੱਜ ਡਾਲਰ ਦੇ ਮੁਕਾਬਲੇ ਰੁਪਇਆ 84.09 ’ਤੇ ਬੰਦ ਹੋਇਆ।
ਸੀ. ਆਰ. ਫਾਰੈਕਸ ਐਡਵਾਈਜ਼ਰਜ਼ ਦੇ ਐੱਮ. ਡੀ. ਅਮਿਤ ਪਾਬਰੀ ਮੁਤਾਬਿਕ ਲੰਬੇ ਸਮੇਂ ਤੋਂ ਓਵਰਵੈਲਿਊਡ ਮੰਨੇ ਜਾਣ ਵਾਲੇ ਭਾਰਤੀ ਸ਼ੇਅਰ ਬਾਜ਼ਾਰ ’ਚ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ ਤੇ ਇਹ ਅਸਲ ਭਾਵ ਸਹੀ ਪੱਧਰ ’ਤੇ ਪਰਤ ਰਿਹਾ ਹੈ। ਉਨ੍ਹਾਂ ਕਿਹਾ ਕਿ ਪੂਰੇ ਮਹੀਨੇ ਲਗਾਤਾਰ ਐੱਫ. ਆਈ. ਆਈ. ਦੀ ਬਿਕਵਾਲੀ ਵੀ ਰੁਪਏ ਦੀ ਕਮਜ਼ੋਰੀ ਦਾ ਇਕ ਵੱਡਾ ਕਾਰਨ ਹੈ।
ਉਨ੍ਹਾਂ ਕਿਹਾ ਕਿ ਮੀਡੀਅਮ ਟਰਮ ’ਚ ਡਾਲਰ ਸੂਚਕ ਅੰਕ 100-102 ਦੀ ਹੱਦ ਤੱਕ ਡਿੱਗਣ ਦੀ ਸੰਭਾਵਨਾ ਹੈ, ਕਿਉਂਕਿ ਫੈਡ ਦੇ 2025 ’ਚ ਦਰਾਂ ’ਚ 100 ਆਧਾਰ ਅੰਕਾਂ ਦੀ ਕਟੌਤੀ ਕਰਨ ਦੀ ਸੰਭਾਵਨਾ ਹੈ। ਪਾਬਰੀ ਨੇ ਕਿਹਾ ਕਿ ਨੇੜ ਭਵਿੱਖ ’ਚ ਰੁਪਏ ਦੇ ਸੀਮਿਤ ਘੇਰੇ ’ਚ ਰਹਿਣ ਦੀ ਉਮੀਦ ਹੈ।
1 ਮਹੀਨੇ ’ਚ 40 ਲੱਖ ਕਰੋੜ ਰੁਪਏ ਡੁੱਬੇ
ਭਾਰਤੀ ਸ਼ੇਅਰ ਬਾਜ਼ਾਰ ’ਚ ਪਿਛਲੇ 1 ਮਹੀਨੇ ਦੀ ਗਿਰਾਵਟ ’ਚ ਨਿਵੇਸ਼ਕਾਂ ਦੇ ਲੱਖਾਂ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। 27 ਸਤੰਬਰ ਤੋਂ ਆਈ ਗਿਰਾਵਟ ਨਾਲ ਹੁਣ ਤੱਕ ਦੀ ਸਥਿਤੀ ’ਤੇ ਨਜ਼ਰ ਮਾਰੀਏ ਤਾਂ ਸੈਂਸੈਕਸ 6500 ਅੰਕ ਤੇ ਨਿਫਟੀ 2100 ਅੰਕ ਟੁੱਟਿਆ ਹੈ। ਇਕ ਮਹੀਨੇ ’ਚ ਨਿਵੇਸ਼ਕਾਂ ਦੇ 40 ਲੱਖ ਕਰੋੜ ਰੁਪਏ ਡੁੱਬੇ ਹਨ।
ਬੀ. ਐੱਸ. ਈ. ਦਾ ਮਾਰਕੀਟ ਕੈਪ 27 ਸਤੰਬਰ ਨੂੰ 4.77 ਲੱਖ ਕਰੋੜ ਰੁਪਏ ਸੀ। ਅੱਜ ਇਹ 4.37 ਲੱਖ ਕਰੋੜ ਰੁਪਏ ’ਤੇ ਹੈ। ਇਸ ਮਿਆਦ ’ਚ ਨਿਫਟੀ ਆਪਣੇ ਸਿਖਰ ਤੋਂ 8 ਫੀਸਦੀ, ਸੈਂਸੈਕਸ ਵੀ 8 ਫੀਸਦੀ, ਬੈਂਕ ਨਿਫਟੀ 7 ਫੀਸਦੀ, ਮਿਡਕੈਪ 100 ਇੰਡੈਕਸ 9 ਫੀਸਦੀ ਤੇ ਸਮਾਲਕੈਪ 100 ਇੰਡੈਕਸ 8 ਫੀਸਦੀ ਡਿੱਗ ਗਿਆ ਹੈ।
Income Tax Returns: 8 ਲੱਖ ਰੁਪਏ ਤੱਕ ਟੈਕਸ ਮੁਕਤ ਇਨਕਮ! 2025 ਤੱਕ 9 ਕਰੋੜ ਹੋ ਜਾਣਗੇ ITR
NEXT STORY