ਨਵੀਂ ਦਿੱਲੀ— ਜਹਾਜ਼ ਮੁਸਾਫਰਾਂ ਨੂੰ ਫਲਾਈਟ 'ਚ ਇੰਟਰਨੈੱਟ ਅਤੇ ਕਾਲਿੰਗ ਦੀ ਸੁਵਿਧਾ ਲਈ ਇਕ ਸਾਲ ਉਡੀਕ ਕਰਨੀ ਪੈ ਸਕਦੀ ਹੈ। ਦੂਰਸੰਚਾਰ ਮੰਤਰੀ ਮਨੋਜ ਮੰਤਰੀ ਸਿਨਹਾ ਨੇ ਮੰਗਲਵਾਰ ਨੂੰ ਇਹ ਸੰਕੇਤ ਦਿੱਤੇ ਹਨ। ਦੂਰਸੰਚਾਰ ਵਿਭਾਗ ਅਤੇ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਅਧਿਕਾਰੀ 10 ਦਿਨ 'ਚ ਇਸ ਦੇ ਸੰਚਾਲਨ ਮੁੱਦਿਆਂ 'ਤੇ ਵਿਚਾਰ ਕਰਨਗੇ। ਦੂਰਸੰਚਾਰ ਸਕੱਤਰ ਅਰੁਣਾ ਸੁੰਦਰਾਰਾਜਨ ਨੇ ਕਿਹਾ ਕਿ 10 ਦਿਨਾਂ ਅੰਦਰ ਇਕ ਬੈਠਕ ਹੋਵੇਗੀ, ਜਿਸ 'ਚ ਸ਼ਹਿਰੀ ਹਵਾਬਾਜ਼ੀ ਮੰਤਰਾਲਾ, ਸਾਡਾ ਵਿਭਾਗ ਅਤੇ ਇੰਟਰਨੈੱਟ ਓਪਰੇਟਰ ਸ਼ਾਮਲ ਹੋਣਗੇ। ਹਾਲਾਂਕਿ ਇਸ ਬੈਠਕ ਦੀ ਪੱਕੀ ਤਰੀਕ ਅਜੇ ਤੈਅ ਨਹੀਂ ਹੋਈ ਹੈ। ਉੱਥੇ ਹੀ ਸਰਕਾਰ ਦੇ ਚਾਰ ਸਾਲ ਪੂਰੇ ਹੋਣ 'ਤੇ ਸੰਬੋਧਨ ਕਰਦੇ ਹੋਏ ਸਿਨਹਾ ਨੇ ਕਿਹਾ ਕਿ ਇਨ-ਫਲਾਈਟ ਸੇਵਾਵਾਂ ਸ਼ੁਰੂ ਹੋਣ 'ਚ ਇਕ ਸਾਲ ਤਕ ਦਾ ਸਮਾਂ ਲੱਗ ਸਕਦਾ ਹੈ।
ਜ਼ਿਕਰਯੋਗ ਹੈ ਕਿ 1 ਮਈ ਨੂੰ ਦੂਰਸੰਚਾਰ ਕਮਿਸ਼ਨ ਨੇ ਫਲਾਈਟ 'ਚ ਇੰਟਰਨੈੱਟ ਸੇਵਾਵਾਂ ਦੇਣ ਦੇ ਪ੍ਰਸਤਾਵ ਨੂੰ ਹਰੀ ਝੰਡੀ ਦਿੱਤੀ ਸੀ। ਦੂਰਸੰਚਾਰ ਕਮਿਸ਼ਨ ਡੀ. ਓ. ਟੀ. (ਦੂਰਸੰਚਾਰ ਵਿਭਾਗ) ਦੀ ਉੱਚ ਪਾਲਿਸੀ ਨਿਰਮਾਤਾ ਸੰਸਥਾ ਹੈ। ਇਨ-ਫਲਾਈਟ ਸੇਵਾਵਾਂ ਦਾ ਮਕਸਦ ਭਾਰਤੀ ਹਵਾਈ ਖੇਤਰ 'ਚ ਜਹਾਜ਼ 'ਚ ਸਫਰ ਦੌਰਾਨ ਕਾਲਿੰਗ ਅਤੇ ਇੰਟਰਨੈੱਟ ਸਰਵਿਸ ਦੇਣਾ ਹੈ। ਨਿਯਮਾਂ ਮੁਤਾਬਕ ਫਲਾਈਟ ਦੇ ਉਡਾਣ ਭਰਨ ਅਤੇ ਉਤਰਨ ਦੌਰਾਨ ਮੋਬਾਇਲ ਫੋਨ ਦੇ ਇਸਤੇਮਾਲ 'ਤੇ ਰੋਕ ਰਹੇਗੀ।
ਮੌਜੂਦਾ ਸਮੇਂ ਕਈ ਕੌਮਾਂਤਰੀ ਹਵਾਬਾਜ਼ੀ ਕੰਪਨੀਆਂ ਆਪਣੇ ਮੁਸਾਫਰਾਂ ਨੂੰ ਵਾਈ-ਫਾਈ ਸੁਵਿਧਾ ਦੇ ਰਹੀਆਂ ਹਨ ਪਰ ਭਾਰਤ ਦੇ ਹਵਾਈ ਖੇਤਰ 'ਚ ਦਾਖਲ ਹੋਣ 'ਤੇ ਉਨ੍ਹਾਂ ਨੂੰ ਇਹ ਸੁਵਿਧਾ ਬੰਦ ਕਰਨੀ ਪੈਂਦੀ ਹੈ। ਏਅਰ ਏਸ਼ੀਆ, ਏਅਰ ਫਰਾਂਸ, ਬ੍ਰਿਟਿਸ਼ ਏਅਰਵੇਜ਼, ਅਮੀਰਾਤਸ, ਏਅਰ ਨਿਊਜ਼ੀਲੈਂਡ, ਮਲੇਸ਼ੀਆ ਏਅਰਲਾਈਨ, ਕਤਰ ਏਅਰਵੇਜ਼ ਅਤੇ ਵਰਜ਼ਿਨ ਅਟਲਾਂਟਿਕ ਉਨ੍ਹਾਂ 30 ਹਵਾਬਾਜ਼ੀ ਕੰਪਨੀਆਂ 'ਚ ਸ਼ਾਮਲ ਹਨ ਜਿਨ੍ਹਾਂ 'ਚ ਮੋਬਾਇਲ ਫੋਨ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਰੂਚੀ ਸੋਇਆ: ਅਡਾਣੀ ਗਰੁੱਪ ਨੇ ਲਗਾਈ ਪਤੰਜਲੀ ਤੋਂ ਵੱਡੀ ਬੋਲੀ
NEXT STORY