ਨਵੀਂ ਦਿੱਲੀ—ਪਿਛਲੇ ਹਫ਼ਤੇ ਦੇ ਕਾਰੋਬਾਰ 'ਚ ਦੇਸ਼ ਦੀਆਂ ਮੋਹਰੀ 10 'ਚੋਂ 7 ਕੰਪਨੀਆਂ 'ਚ ਨਿਵੇਸ਼ਕਾਂ ਦੇ 98,530 ਕਰੋੜ ਰੁਪਏ ਡੁੱਬ ਗਏ। ਸਟਾਕਸ 'ਚ ਗਿਰਾਵਟ ਨਾਲ ਕਾਰੋਬਾਰ 'ਚ ਰਿਲਾਇੰਸ ਇੰਡਸਟ੍ਰੀਜ਼ ਅਤੇ ਓ. ਐੱਨ. ਜੀ. ਸੀ. ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ। ਇਸ ਤੋਂ ਇਲਾਵਾ ਐੱਚ. ਡੀ. ਐੱਫ. ਸੀ. ਬੈਂਕ, ਆਈ. ਟੀ. ਸੀ., ਮਾਰੂਤੀ-ਸੁਜ਼ੂਕੀ, ਐੱਸ. ਬੀ. ਆਈ., ਇਨਫੋਸਿਸ ਅਤੇ ਓ. ਐੱਨ. ਜੀ. ਸੀ. ਦਾ ਵੀ ਬਾਜ਼ਾਰ ਪੂੰਜੀਕਰਨ (ਮਾਰਕੀਟ ਕੈਪ) ਘਟਿਆ। ਹਾਲਾਂਕਿ ਇਸ ਦੌਰਾਨ ਟੀ. ਸੀ. ਐੱਸ., ਐੱਚ. ਡੀ. ਐੱਫ. ਸੀ. ਅਤੇ ਐੱਚ. ਯੂ. ਐੱਲ. ਦੇ ਬਾਜ਼ਾਰ ਪੂੰਜੀਕਰਨ 'ਚ ਵਾਧਾ ਹੋਇਆ।
ਵਿਦੇਸ਼ੀ ਕਰੰਸੀ ਭੰਡਾਰ 417.78 ਅਰਬ ਡਾਲਰ ਦੇ ਰਿਕਾਰਡ ਪੱਧਰ 'ਤੇ
ਦੇਸ਼ ਦੇ ਵਿਦੇਸ਼ੀ ਕਰੰਸੀ ਭੰਡਾਰ 'ਚ ਲਗਾਤਾਰ 7ਵੇਂ ਹਫ਼ਤੇ ਤੇਜ਼ੀ ਦਰਜ ਕੀਤੀ ਗਈ ਅਤੇ 26 ਜਨਵਰੀ ਨੂੰ ਖ਼ਤਮ ਹਫ਼ਤੇ 'ਚ ਇਹ 3 ਅਰਬ ਡਾਲਰ ਦੇ ਭਾਰੀ ਵਾਧੇ ਨਾਲ 417.78 ਅਰਬ ਡਾਲਰ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ 19 ਜਨਵਰੀ ਨੂੰ ਖ਼ਤਮ ਹਫ਼ਤੇ 'ਚ 95.91 ਕਰੋੜ ਡਾਲਰ ਵਧ ਕੇ ਇਹ 414.83 ਅਰਬ ਡਾਲਰ 'ਤੇ ਰਿਹਾ ਸੀ।
ਰਿਜ਼ਰਵ ਬੈਂਕ ਵੱਲੋਂ ਜਾਰੀ ਅੰਕੜਿਆਂ ਅਨੁਸਾਰ 26 ਜਨਵਰੀ ਨੂੰ ਖ਼ਤਮ ਹਫ਼ਤੇ ਦੇ ਵਿਦੇਸ਼ੀ ਕਰੰਸੀ ਭੰਡਾਰ ਦੇ ਸਭ ਤੋਂ ਵੱਡੇ ਸਰੋਤ ਵਿਦੇਸ਼ੀ ਕਰੰਸੀ ਜਾਇਦਾਦ 'ਚ 93.46 ਕਰੋੜ ਡਾਲਰ ਦਾ ਵਾਧਾ ਹੋਇਆ ਅਤੇ ਇਹ 390.77 ਅਰਬ ਡਾਲਰ 'ਤੇ ਪਹੁੰਚ ਗਿਆ। ਸੋਨਾ ਭੰਡਾਰ 20.42 ਅਰਬ ਡਾਲਰ 'ਤੇ ਸਥਿਰ ਰਿਹਾ। ਬੀਤੇ ਹਫ਼ਤੇ ਇੰਟਰਨੈਸ਼ਨਲ ਮੋਨੇਟਰੀ ਫੰਡ ਦੇ ਕੋਲ ਰਾਖਵੀਂ ਰਾਸ਼ੀ ਵੀ 1.7 ਕਰੋੜ ਡਾਲਰ ਵਧ ਕੇ ਹਫਤੇ ਦੇ ਅਖੀਰ 'ਤੇ 2.07 ਅਰਬ ਡਾਲਰ 'ਤੇ ਅਤੇ ਵਿਸ਼ੇਸ਼ ਨਿਕਾਸੀ ਹੱਕ 1.27 ਕਰੋੜ ਡਾਲਰ ਵਧ ਕੇ 1.54 ਅਰਬ ਡਾਲਰ 'ਤੇ ਰਿਹਾ।
ਆਰ. ਆਈ. ਐੱਲ. ਟਾਪ ਲੂਜ਼ਰ
ਬੀਤੇ ਹਫਤੇ ਦੇ ਕਾਰੋਬਾਰ 'ਚ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ (ਆਰ. ਆਈ. ਐੱਲ.) ਟਾਪ ਲੂਜ਼ਰ ਰਹੀ। ਕੰਪਨੀ ਦਾ ਬਾਜ਼ਾਰ ਪੂੰਜੀਕਰਨ 37,256.05 ਕਰੋੜ ਰੁਪਏ ਘਟ ਕੇ 5,73,682.16 ਕਰੋੜ ਰੁਪਏ ਹੋ ਗਿਆ। ਓ. ਐੱਨ. ਜੀ. ਸੀ. ਦਾ ਮਾਰਕੀਟ ਕੈਪ 20,276.51 ਕਰੋੜ ਰੁਪਏ ਡਿੱਗ ਕੇ 2,46,975.61 ਕਰੋੜ ਰੁਪਏ ਅਤੇ ਐੱਸ. ਬੀ. ਆਈ. ਦਾ ਮਾਰਕੀਟ ਕੈਪ 4,027.08 ਕਰੋੜ ਰੁਪਏ ਫਿਸਲ ਕੇ 2,56,285.68 ਕਰੋੜ ਰੁਪਏ ਰਿਹਾ। ਮਾਰੂਤੀ ਸੁਜ਼ੂਕੀ ਦਾ ਮਾਰਕੀਟ ਕੈਪ 8,364.59 ਕਰੋੜ ਰੁਪਏ ਫਿਸਲ ਕੇ 2,71,881.12 ਕਰੋੜ ਰੁਪਏ ਅਤੇ ਆਈ. ਟੀ. ਸੀ. ਦਾ ਮਾਰਕੀਟ ਕੈਪ 6,690.94 ਕਰੋੜ ਰੁਪਏ ਦੀ ਗਿਰਾਵਟ ਨਾਲ 3,35,678.04 ਕਰੋੜ ਰੁਪਏ ਰਿਹਾ।
ਦੇਸ਼ ਦੀ ਦੂਜੀ ਵੱਡੀ ਆਈ. ਟੀ. ਕੰਪਨੀ ਇਨਫੋਸਿਸ ਦੇ ਮਾਰਕੀਟ ਕੈਪ 'ਚ 6,355.29 ਕਰੋੜ ਰੁਪਏ ਦੀ ਗਿਰਾਵਟ ਰਹੀ ਅਤੇ ਕੰਪਨੀ ਦਾ ਮਾਰਕੀਟ ਕੈਪ 2,49,341.55 ਕਰੋੜ ਰੁਪਏ ਰਿਹਾ। ਉਥੇ ਹੀ ਐੱਚ. ਡੀ. ਐੱਫ. ਸੀ. ਬੈਂਕ ਦਾ ਮਾਰਕੀਟ ਕੈਪ 5,559.98 ਕਰੋੜ ਰੁਪਏ ਫਿਸਲ ਕੇ 5,05,141.67 ਕਰੋੜ ਰੁਪਏ ਹੋ ਗਿਆ।
ਟੀ. ਸੀ. ਐੱਸ. ਬਣੀ ਦੇਸ਼ ਦੀ ਮੋਸਟ ਵੈਲਿਊਏਬਲ ਕੰਪਨੀ
ਇਸ ਦੇ ਉਲਟ ਦੇਸ਼ ਦੀ ਆਈ. ਟੀ. ਕੰਪਨੀ ਟੀ. ਸੀ. ਐੱਸ. ਦਾ ਮਾਰਕੀਟ ਕੈਪ 5,991.72 ਕਰੋੜ ਰੁਪਏ ਵਧ ਕੇ 6,02,837.88 ਕਰੋੜ ਰੁਪਏ ਹੋ ਗਿਆ। ਇਸ ਦੇ ਨਾਲ ਆਰ. ਆਈ. ਐੱਲ. ਨੂੰ ਪਛਾੜ ਕੇ ਟੀ. ਸੀ. ਐੱਸ. ਦੇਸ਼ ਦੀ ਮੋਸਟ ਵੈਲਿਊਡ ਕੰਪਨੀ ਬਣ ਗਈ। ਹਾਲਾਂਕਿ ਆਰ. ਆਈ. ਐੱਲ. ਨੇ 31 ਜਨਵਰੀ ਨੂੰ ਟੀ. ਸੀ. ਐੱਸ. ਨੂੰ ਪਛਾੜਦਿਆਂ ਇਹ ਮੁਕਾਮ ਹਾਸਲ ਕੀਤਾ ਸੀ ਪਰ ਹਫ਼ਤੇ ਦੇ ਅੰਤ 'ਚ ਮਾਰਕੀਟ ਕੈਪ ਦੇ ਹਿਸਾਬ ਨਾਲ ਟੀ. ਸੀ. ਐੱਸ. ਨੇ ਇਹ ਤਮਗਾ ਵਾਪਸ ਹਾਸਲ ਕਰ ਲਿਆ। ਇਸ ਤੋਂ ਇਲਾਵਾ ਐੱਚ. ਯੂ. ਐੱਲ. ਦਾ ਮਾਰਕੀਟ ਕੈਪ 324.67 ਕਰੋੜ ਰੁਪਏ ਚੜ੍ਹ ਕੇ 2,97,117.97 ਕਰੋੜ ਰੁਪਏ ਅਤੇ ਐੱਚ. ਡੀ. ਐੱਫ. ਸੀ. ਦਾ ਐੱਮ. ਕੈਪ 119.82 ਕਰੋੜ ਰੁਪਏ ਵਧ ਕੇ 3,04,069.59 ਕਰੋੜ ਰੁਪਏ ਹੋ ਗਿਆ।
ਟੈਲੀਕਾਮ ਸੈਕਟਰ 'ਚ ਆਵੇਗੀ ਨੌਕਰੀਆਂ ਦੀ ਬਹਾਰ
NEXT STORY