ਬਿਜ਼ਨੈੱਸ ਡੈਸਕ–ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਰਤੀ ਕਰੰਸੀ ’ਤੇ ਦੇਵੀ ਦੇਵਤਿਆਂ ਦੀ ਫੋਟੋ ਛਾਪਣ ਦਾ ਬਿਆਨ ਦੇ ਕੇ ਰਾਜਨੀਤੀ ’ਚ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ। ਕਰੰਸੀ ’ਤੇ ਫੋਟੋ ਕਿਸ ਦੀ ਹੋਣੀ ਚਾਹੀਦੀ ਹੈ, ਇਸ ’ਤੇ ਕਈ ਪਾਰਟੀਆਂ ਦੇ ਨੇਤਾਵਾਂ ਦੇ ਬਿਆਨ ਵੀ ਹੁਣ ਸਾਹਮਣੇ ਆ ਰਹੇ ਹਨ। ਅਜਿਹੇ ’ਚ ਜਨਤਾ ਦੇ ਦਿਮਾਗ ’ਚ ਸਵਾਲ ਉਠਦਾ ਹੈ ਕਿ ਆਖਿਰ ਭਾਰਤੀ ਕਰੰਸੀ ’ਤੇ ਫੋਟੋ ਛਾਪਣ ਨੂੰ ਲੈ ਕੇ ਦੇਸ਼ ’ਚ ਕੀ ਨਿਯਮ-ਕਾਨੂੰਨ ਹਨ ਅਤੇ ਕੌਣ ਇਸ ਦਾ ਫ਼ੈਸਲਾ ਲੈਂਦਾ ਹੈ।
ਰਿਜ਼ਰਵ ਬੈਂਕ ਅਤੇ ਕੇਂਦਰ ਸਰਕਾਰ ਲੈਂਦੀ ਹੈ ਫ਼ੈਸਲੇ
ਇਸ ਬਾਰੇ ਇਕ ਮੀਡੀਆ ਰਿਪੋਰਟ ’ਚ ਕਮੋਡਿਟੀ ਐਕਸਪਰਟ ਅਜੇ ਕੇਡੀਆ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਉਂਝ ਤਾਂ ਦੇਸ਼ ’ਚ ਸਾਰੇ ਤਰ੍ਹਾਂ ਦੇ ਨੋਟ ਛਾਪਣ ਦਾ ਫ਼ੈਸਲਾ ਆਰ. ਬੀ. ਆਈ. ਹੀ ਲੈਂਦਾ ਹੈ ਪਰ ਇਸ ’ਚ ਕੇਂਦਰ ਸਰਕਾਰ ਦੀ ਵੀ ਸਹਿਮਤੀ ਹੁੰਦੀ ਹੈ। ਨੋਟ ’ਤੇ ਕਿਸ ਤਰ੍ਹਾਂ ਦੀ ਅਤੇ ਕਿਸ ਦੀ ਫੋਟੋ ਛਾਪੀ ਜਾਵੇਗੀ, ਇਸ ਦਾ ਫ਼ੈਸਲਾ ਵੀ ਰਿਜ਼ਰਵ ਬੈਂਕ ਅਤੇ ਕੇਂਦਰ ਸਰਕਾਰ ਦਾ ਸਾਂਝਾ ਪੈਨਲ ਮਿਲ ਕੇ ਲੈਂਦਾ ਹੈ। ਰਿਜ਼ਰਵ ਬੈਂਕ ਦੇ ਐਕਟ ’ਚ ਨੋਟ ’ਤੇ ਫੋਟੋ ਛਾਪਣ ਨੂੰ ਲੈ ਕੇ ਬਕਾਇਦਾ ਕਾਨੂੰਨ ਬਣਾਇਆ ਗਿਆ ਹੈ। ਰਿਜ਼ਰਵ ਬੈਂਕ ਨੇ ਸੂਚਨਾ ਦੇ ਅਧਿਕਾਰ ਦੇ ਤਹਿਤ ਮੰਗੀ ਜਾਣਕਾਰੀ ’ਚ ਦੱਸਿਆ ਸੀ ਕਿ ਆਰ. ਬੀ. ਆਈ. ਐਕਟ 1934 ਦੇ ਸੈਕਸ਼ਨ 25 ਦੇ ਤਹਿਤ ਕੇਂਦਰੀ ਬੈਂਕ ਅਤੇ ਕੇਂਦਰ ਸਰਕਾਰ ਮਿਲ ਕੇ ਨੋਟ ਅਤੇ ਉਸ ’ਤੇ ਤਸਵੀਰ ਛਾਪਣ ਦਾ ਫ਼ੈਸਲਾ ਕਰਦੀ ਹੈ। ਇਸ ’ਚ ਕੋਈ ਬਦਲਾਅ ਕਰਨਾ ਹੈ ਤਾਂ ਵੀ ਦੋਹਾਂ ਦਾ ਸਾਂਝਾ ਪੈਨਲ ਹੀ ਇਸ ’ਤੇ ਫ਼ੈਸਲਾ ਕਰਦਾ ਹੈ। ਹਾਲਾਂਕਿ ਨੋਟ ’ਤੇ ਤਸਵੀਰ ਛਾਪਣ ਦਾ ਫ਼ੈਸਲਾ ਨਿਯਮਾਂ ਨਾਲੋਂ ਵੱਧ ਸਿਆਸਤ ਤੋਂ ਪ੍ਰੇਰਿਤ ਹੁੰਦਾ ਹੈ ਅਤੇ ਇਸ ’ਚ ਕੇਂਦਰ ਸਰਕਾਰ ਦੀ ਹੀ ਵਧੇਰੇ ਦਖਲਅੰਦਾਜ਼ੀ ਰਹਿੰਦੀ ਹੈ।
ਤਸਵੀਰਾਂ ਨੂੰ ਲੈ ਕੇ ਪਹਿਲਾਂ ਵੀ ਹੋਈਆਂ ਹਨ ਚਰਚਾਵਾਂ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਰਾਜਨੇਤਾ ਨੇ ਭਾਰਤੀ ਕਰੰਸੀ ’ਚ ਤਸਵੀਰ ਛਾਪਣ ਦੀ ਗੱਲ ਪਹਿਲੀ ਵਾਰ ਕਹੀ ਹੋਵੇ। ਇਸ ਤੋਂ ਪਹਿਲਾਂ ਮੋਦੀ ਸਰਕਾਰ ਨੇ ਸਾਲ 2016 ’ਚ ਵੀ ਮਹਾਤਮਾ ਗਾਂਧੀ ਦੀ ਤਸਵੀਰ ਦੇ ਬਦਲੇ ਡਾ. ਭੀਮਰਾਵ ਅੰਬੇਡਕਰ ਦੀ ਤਸਵੀਰ ਲਗਾਉਣ ਦੀ ਗੱਲ ਕਹੀ ਸੀ ਪਰ ਬਾਅਦ ’ਚ ਇਸ ਫ਼ੈਸਲੇ ਨੂੰ ਟਾਲ ਦਿੱਤਾ ਸੀ। ਜੂਨ 2022 ’ਚ ਵੀ ਆਰ. ਬੀ. ਆਈ. ਨੇ ਨੋਟ ’ਤੇ ਮਹਾਤਮਾ ਗਾਂਧੀ ਦੀ ਤਸਵੀਰ ਨਾਲ ਡਾ. ਭੀਮਰਾਵ ਅੰਬੇਡਕਰ ਅਤੇ ਡਾ. ਏ. ਪੀ. ਜੇ. ਅਬਦੁਲ ਕਲਾਮ ਦਾ ਵਾਟਰਮਾਰਕ ਲਗਾਉਣ ਦੀ ਗੱਲ ਕਹੀ ਸੀ। ਇਸ ਲਈ ਆਈ. ਆਈ. ਟੀ. ਦੀ ਇਕ ਕਮੇਟੀ ਨੇ ਵੀ ਨੋਟ ’ਤੇ ਗਾਂਧੀ ਜੀ ਦੀ ਤਸਵੀਰ ਤੋਂ ਇਲਾਵਾ ਹੋਰ ਸੁਰੱਖਿਆ ਮਾਰਕ ਲਗਾਉਣ ਦੀ ਗੱਲ ਕਹੀ ਹੈ ਅਤੇ ਕਮੇਟੀ ਨੇ 2020 ’ਚ ਆਪਣੀ ਰਿਪੋਰਟ ਵੀ ਸੌਂਪੀ ਹੈ।
ਗਾਂਧੀ ਜੀ ਤੋਂ ਪਹਿਲਾਂ ਸੀ ਅਸ਼ੋਕ ਥੰਮ ਦੀ ਤਸਵੀਰ
ਭਾਰਤੀ ਨੋਟਾਂ ’ਤੇ ਗਾਂਧੀ ਜੀ ਦੀ ਤਸਵੀਰ ਛਾਪਣ ਦਾ ਸਿਲਸਿਲਾ ਸਾਲ 1966 ਤੋਂ ਸ਼ੁਰੂ ਹੋਇਆ। ਇਸ ਤੋਂ ਪਹਿਲਾਂ ਰਾਸ਼ਟਰੀ ਪ੍ਰਤੀਕ ਅਸ਼ੋਕ ਥੰਮ ਨੂੰ ਨੋਟਾਂ ’ਤੇ ਛਾਪਿਆ ਜਾਂਦਾ ਸੀ। ਇਸ ਤਸਵੀਰ ਤੋਂ ਇਲਾਵਾ ਨੋਟ ’ਤੇ ਰਾਇਲ ਬੰਗਾਲ ਟਾਈਗਰਸ, ਆਰਯਭੱਟ ਉਪਗ੍ਰਹਿ, ਖੇਤੀ, ਸ਼ਾਲੀਮਾਰ ਗਾਰਡਨ ਵਰਗੀਆਂ ਤਸਵੀਰਾਂ ਵੀ ਛਾਪੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ 20 ਰੁਪਏ ਦੇ ਨੋਟ ’ਤੇ ਕੋਣਾਰਕ ਮੰਦਰ, 1000 ਰੁਪਏ ਦੇ ਨੋਟ ’ਤੇ ਬ੍ਰਹਦੇਸ਼ਵਰ ਮੰਦਰ ਅਤੇ 5000 ਰੁਪਏ ਦੇ ਨੋਟ ’ਤੇ ਗੇਟਵੇਅ ਆਫ ਇੰਡੀਆ ਦੀ ਤਸਵੀਰ ਛਾਪੀ ਜਾਂਦੀ ਸੀ। ਭਾਰਤੀ ਕਰੰਸੀ ’ਤੇ ਛਪੀ ਗਾਂਧੀ ਜੀ ਦੀ ਫੋਟੋ ਕੋਈ ਪੋਟ੍ਰੇਟ ਨਹੀਂ ਸਗੋਂ ਇਹ ਰਾਸ਼ਟਰਪਿਤਾ ਦੀ ਅਸਲੀ ਤਸਵੀਰ ਹੈ। ਨੋਟ ’ਤੇ ਨਜ਼ਰ ਆ ਰਹੀ ਇਹ ਤਸਵੀਰ ਸਾਲ 1946 ’ਚ ਰਾਸ਼ਟਰਪਤੀ ਭਵਨ ਦੇ ਸਾਹਮਣੇ ਖਿੱਚੀ ਗਈ ਸੀ, ਉਦੋਂ ਇਹ ਵਾਇਸਰਾਏ ਦੀ ਰਿਹਾਇਸ਼ ਹੁੰਦੀ ਸੀ। ਦੇਸ਼ ’ਚ ਨਾਸਿਕ, ਦੇਵਾਸ, ਮੈਸੂਰ ਅਤੇ ਸਾਲਬੋਨੀ ’ਚ ਨੋਟਾਂ ਦੀ ਛਪਾਈ ਦਾ ਕੰਮ ਹੁੰਦਾ ਹੈ। ਮਹਾਤਮਾ ਗਾਂਧੀ ਦੀ ਤਸਵੀਰ ਪਹਿਲੀ ਵਾਰ 100 ਰੁਪਏ ਦੇ ਨੋਟ ’ਤੇ ਛਾਪੀ ਗਈ ਸੀ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਦੇ ਦਿਓ।
ਦੇਸ਼ ’ਚ ਮਹਿੰਗਾਈ ਦੇ ਪਿੱਛੇ ਬਾਹਰੀ ਕਾਰਕ ਜ਼ਿੰਮੇਵਾਰ : ਸ਼ਸ਼ਾਂਕ ਭਿੜੇ
NEXT STORY