ਮੁੰਬਈ (ਯੂ. ਐੱਨ. ਆਈ.)-ਮਹਾਰਾਸ਼ਟਰ ਸਰਕਾਰ ਨੇ ਯੈੱਸ ਬੈਂਕ ਦੀ ਘਟਨਾ ਤੋਂ ਬਾਅਦ ਵੱਖ-ਵੱਖ ਨਿੱਜੀ ਖੇਤਰ ਦੇ ਬੈਂਕਾਂ ਦੇ ਜਮ੍ਹਾ ਪੈਸੇ ਦਾ ਵੇਰਵਾ ਮੰਗਿਆ ਹੈ। ਸੂਬਾ ਸਰਕਾਰ ਨੇ ਵੱਖ-ਵੱਖ ਸਿਵਲ ਬਾਡੀਜ਼, ਸੂਬੇ ਦੇ ਜਨਤਕ ਖੇਤਰ ਦੇ ਅਦਾਰਿਆਂ, ਨਿੱਜੀ ਅਦਾਰਿਆਂ ਅਤੇ ਹੋਰ ਸਰਕਾਰੀ ਵਿਭਾਗਾਂ ਤੋਂ ਯੈੱਸ ਬੈਂਕ ’ਚ ਫਸੇ ਪੈਸਿਆਂ ਦੀ ਜਾਣਕਾਰੀ ਮੰਗੀ ਹੈ, ਨਾਲ ਹੀ ਹੋਰ ਨਿੱਜੀ ਖੇਤਰਾਂ ਦੇ ਬੈਂਕ ’ਚ ਉਨ੍ਹਾਂ ਦੇ ਪੈਸੇ/ਜਮ੍ਹਾ/ਤਨਖਾਹ ਖਾਤਿਆਂ ਆਦਿ ਦਾ ਪੂਰਾ ਵੇਰਵਾ ਦੇਣ ਲਈ ਕਿਹਾ ਹੈ ।ਸ਼ੁੱਕਰਵਾਰ ਨੂੰ ਮੁੱਖ ਮੰਤਰੀ ਊਧਵ ਠਾਕਰੇ ਨੇ ਨਿੱਜੀ ਖੇਤਰ ਦੇ ਬੈਂਕਾਂ ’ਚ ਸੂਬਾ ਸਰਕਾਰ ਦਾ ਪੈਸਾ ਜਮ੍ਹਾ ਕਰਨ ਤੋਂ ਬਚਣ ਲਈ ਕਿਹਾ ਸੀ। ਉਨ੍ਹਾਂ ਕਿਹਾ ਸੀ ਕਿ ਸਿਰਫ ਜਨਤਕ ਖੇਤਰ ਦੇ ਬੈਂਕਾਂ ਦੀਆਂ ਸੇਵਾਵਾਂ ਦੀ ਵਰਤੋਂ ਕੀਤੀ ਜਾਵੇ। ਘੱਟ ਤੋਂ ਘੱਟ 3 ਪ੍ਰਮੁੱਖ ਸਿਵਲ ਬਾਡੀਜ਼ ਨੇ ਮੰਨਿਆ ਕਿ ਉਨ੍ਹਾਂ ਦਾ 1125 ਕਰੋਡ਼ ਰੁਪਏ ਦਾ ਡਿਪਾਜ਼ਿਟ ਯੈੱਸ ਬੈਂਕ ’ਚ ਹੈ। ਇਸ ਤੋਂ ਬਾਅਦ ਸੂਬਾ ਸਰਕਾਰ ਨੇ ਇਹ ਕਦਮ ਚੁੱਕਿਆ। ਪਿੰਪਰੀ-ਚਿੰਚਵੜ ਨਗਰ ਨਿਗਮ (ਪੀ. ਸੀ. ਐੱਮ. ਸੀ.), ਨਾਸਿਕ ਨਗਰ ਨਿਗਮ (ਐੱਨ. ਐੱਮ. ਸੀ.) ਅਤੇ ਨਾਸਿਕ ਨਿਗਮ ਸਮਾਰਟ ਸਿਟੀ ਡਿਵੈੱਲਪਮੈਂਟ ਕਾਰਪੋਰੇਸ਼ਨ ਲਿਮਟਿਡ (ਐੱਨ. ਐੱਮ. ਐੱਸ. ਸੀ. ਡੀ. ਸੀ. ਐੱਲ.) ਨੇ ਮੰਨਿਆ ਹੈ ਕਿ ਉਨ੍ਹਾਂ ਦਾ ਯੈੱਸ ਬੈਂਕ ’ਚ ਕ੍ਰਮਵਾਰ 800 ਕਰੋਡ਼ ਰੁਪਏ, 310 ਰੁਪਏ ਅਤੇ 15 ਕਰੋਡ਼ ਰੁਪਏ ਜਮ੍ਹਾ ਹੈ।
ਪੀ. ਸੀ. ਐੱਮ. ਸੀ. ਨਿਗਮ ਕਮਿਸ਼ਨਰ ਸ਼ਰਵਨ ਹਾਰਡਿਕਰ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਯੈੱਸ ਬੈਂਕ ’ਚ ਆਪਣੀ ਜਮ੍ਹਾ ਰਾਸ਼ੀ ਨੂੰ 1100 ਕਰੋਡ਼ ਰੁਪਏ ਤੋਂ ਘਟਾ ਕੇ 800 ਕਰੋਡ਼ ਰੁਪਏ ਕਰ ਦਿੱਤਾ ਹੈ ਅਤੇ ਹੋਰ ਬੈਂਕਾਂ ’ਚ ਵੀ 4000 ਕਰੋਡ਼ ਰੁਪਏ ਦੀ ਰਾਸ਼ੀ ਜਮ੍ਹਾ ਕੀਤੀ ਹੈ। ਬੀਤੀ ਦਸੰਬਰ ’ਚ ਮੁੰਬਈ ਦੀ ਮਹਾਪੌਰ ਕਿਸ਼ੋਰੀ ਪੇਡਨੇਕਰ ਨੇ ਕਿਹਾ ਸੀ ਕਿ ਬਾਹਰੀ ਮੁੰਬਈ ਨਗਰ ਨਿਗਮ ਸਾਵਧਾਨੀ ਵਜੋਂ ਆਪਣੇ ਕੁਝ ਖਾਤਿਆਂ ਨੂੰ ਨਿੱਜੀ ਖੇਤਰ ਦੇ ਬੈਂਕਾਂ ਤੋਂ ਪੀ. ਐੱਸ. ਬੀ. ਦੇ ਸੁਰੱਖਿਅਤ ਬਦਲ ਦੇ ਰੂਪ ’ਚ ਤਬਦੀਲ ਕਰਨ ’ਤੇ ਵਿਚਾਰ ਕਰ ਰਿਹਾ ਹੈ। ਇਕ ਅਧਿਕਾਰੀ ਨੇ ਕਿਹਾ ਕਿ ਇਸੇ ਤਰ੍ਹਾਂ ਸੂਬਾ ਸਰਕਾਰ ਯੈੱਸ ਬੈਂਕ ਦੀ ਸਮੱਸਿਆ ਤੋਂ ਬਾਅਦ ਆਪਣੇ ਪੁਲਸ ਵਿਭਾਗ ਦੇ ਖਾਤਿਆਂ ਨੂੰ ਐਕਸਿਸ ਬੈਂਕ ਤੋਂ ਪੀ. ਐੱਸ. ਬੀ. ’ਚ ਤਬਦੀਲ ਕਰਨ ਦੀ ਦਿਸ਼ਾ ’ਚ ਕਦਮ ਚੁੱਕਣ ’ਤੇ’ ਵਿਚਾਰ ਕਰ ਰਹੀ ਹੈ।
ਯੈੱਸ ਬੈਂਕ ਨੂੰ ਜਨਤਕ ਖੇਤਰ ’ਚ ਲਿਆਉਣ ਦੀ ਮੰਗ
ਹੈਦਰਾਬਾਦ : ਕੁਲ ਭਾਰਤੀ ਬੈਂਕ ਕਰਮਚਾਰੀ ਐਸੋਸੀਏਸ਼ਨ (ਏ. ਆਈ. ਬੀ. ਈ. ਏ.) ਨੇ ਸੰਕਟ ’ਚ ਯੈੱਸ ਬੈਂਕ ਨੂੰ ਛੇਤੀ ਤੋਂ ਛੇਤੀ ਜਨਤਕ ਖੇਤਰ ’ਚ ਲਿਆਉਣ ਅਤੇ ਉਸ ਦੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਦੇ ਜਨਰਲ ਸਕੱਤਰ ਸੀ. ਐੱਚ. ਵੇਂਕਟਾਚਲਮ ਨੇ ਕਿਹਾ ਕਿ ਸਰਕਾਰ ਵੱਲੋਂ ਕਦੇ ਜਿਨ੍ਹਾਂ ਨਿੱਜੀ ਬੈਂਕਾਂ ਦਾ ਗੁਣਗਾਨ ਕੀਤਾ ਜਾ ਰਿਹਾ ਸੀ, ਇਕ-ਇਕ ਕਰ ਕੇ ਉਹ ਸਾਰੇ ਬੈਂਕ ਡੁੱਬ ਰਹੇ ਹਨ। ਸਮਾਂ ਆ ਗਿਆ ਹੈ ਕਿ ਸਰਕਾਰ ਹਰਕਤ ’ਚ ਆਏ ਅਤੇ 1969 ਵਾਂਗ ਸਾਰੇ ਨਿੱਜੀ ਬੈਂਕਾਂ ਨੂੰ ਜਨਤਕ ਬੈਂਕ ਬਣਾਏ। ਜਨਤਾ ਦੇ ਪੈਸੇ ਦੀ ਵਰਤੋਂ ਜਨਤਾ ਦੇ ਕਲਿਆਣ ਲਈ ਹੋਣੀ ਚਾਹੀਦੀ ਹੈ, ਨਾ ਕਿ ਨਿੱਜੀ ਲੁੱਟ ਲਈ।
ਏ. ਟੀ. ਐੱਮ. ਮਸ਼ੀਨਾਂ ਤੋਂ ਨਹੀਂ ਮਿਲ ਰਹੀ ਨਕਦੀ
ਨਵੀਂ ਦਿੱਲੀ : ਨਕਦੀ ਕੱਢਣ ਲਈ ਯੈੱਸ ਬੈਂਕ ਦੇ ਏ. ਟੀ. ਐੱਮਜ਼ ਦੇ ਬਾਹਰ ਖਾਤਾਧਾਰਕਾਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਸ਼ਨੀਵਾਰ ਨੂੰ ਵੀ ਵੇਖੀਆਂ ਗਈਆਂ। ਉਥੇ ਹੀ ਜ਼ਿਆਦਾਤਰ ਗਾਹਕਾਂ ਨੂੰ ਏ. ਟੀ. ਐੱਮਜ਼ ਤੋਂ ਖਾਲੀ ਹੱਥ ਮੁੜਨਾ ਪਿਆ। ਸੰਕਟ ਨਾਲ ਜੂਝ ਰਹੇ ਯੈੱਸ ਬੈਂਕ ’ਤੇ ਰਿਜ਼ਰਵ ਬੈਂਕ ਨੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਹੋਈਆਂ ਹਨ। ਹਾਲਾਂਕਿ ਕਈ ਖਾਤਾਧਾਰਕਾਂ ਦਾ ਕਹਿਣਾ ਹੈ ਕਿ ਬੈਂਕ ਦੀਆਂ ਬ੍ਰਾਂਚਾਂ ਤੋਂ ਚੈੱਕ ਰਾਹੀਂ 50,000 ਰੁਪਏ ਦੀ ਨਿਰਧਾਰਤ ਰਾਸ਼ੀ ਦੀ ਨਿਕਾਸੀ ਹੋ ਰਹੀ ਹੈ।
ਕੋਵਿਡ 19 ਦਾ ਖੌਫ, 256 ਯਾਤਰੀਆਂ ਵਾਲੇ ਜਹਾਜ਼ 'ਚ ਸਿਰਫ 25 ਲੋਕਾਂ ਨੇ ਕੀਤਾ ਸਫਰ
NEXT STORY