ਨਵੀਂ ਦਿੱਲੀ (ਇੰਟ.)-ਨੋਕੀਆ, ਜ਼ੈੱਡ. ਟੀ. ਈ. ਅਤੇ ਯੂ. ਟੀ. ਸਟਾਰਕਾਮ ਵਰਗੀਆਂ ਵਿਦੇਸ਼ੀ ਟੈਲੀਕਾਮ ਇਕਵਿਪਮੈਂਟ ਕੰਪਨੀਆਂ ਨੇ ਭਾਰਤ ਸੰਚਾਰ ਨਿਗਮ ਲਿਮਟਿਡ (ਬੀ. ਐੱਸ. ਐੱਨ. ਐੱਲ.) ਨੂੰ 31 ਦਸੰਬਰ ਤੱਕ 3000 ਕਰੋਡ਼ ਰੁਪਏ ਤੋਂ ਜ਼ਿਆਦਾ ਦੇ ਬਕਾਏ ਦਾ ਭੁਗਤਾਨ ਨਾ ਕਰਨ ’ਤੇ ਸਪੋਰਟ ਦੇਣਾ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ। ਇਨ੍ਹਾਂ ਕੰਪਨੀਆਂ ਨੇ ਬੀ. ਐੱਸ. ਐੱਨ. ਐੱਲ. ਨੂੰ ਵੱਖ-ਵੱਖ ਪੱਤਰ ਭੇਜ ਕੇ ਭੁਗਤਾਨ ਨੂੰ ਲੈ ਕੇ ਅਗਾਹ ਕੀਤਾ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਿਛਲੇ ਸਾਲ ਨਵੰਬਰ ਤੋਂ ਭੁਗਤਾਨ ਨਹੀਂ ਮਿਲਿਆ ਹੈ। ਜੇਕਰ ਸਰਕਾਰੀ ਟੈਲੀਕਾਮ ਕੰਪਨੀ ਦਸੰਬਰ ਦੇ ਅਖੀਰ ਤੱਕ ਸਾਰੇ ਬਕਾਏ ਚੁਕਾ ਦਿੰਦੀ ਹੈ, ਉਦੋਂ ਉਹ ਸਪੋਰਟ ਦੇਣਾ ਜਾਰੀ ਰੱਖਣਗੀਆਂ।
ਵਿਦੇਸ਼ੀ ਵੈਂਡਰਸ ਦੇ ਸਾਰੇ ਮਸਲਿਆਂ ਦਾ ਕੱਢਿਆ ਜਾਵੇਗਾ ਹੱਲ
ਬੀ. ਐੱਸ. ਐੱਨ. ਐੱਲ. ਦੇ ਕੋਲ ਸਤੰਬਰ ਦੇ ਅਖੀਰ ਤੱਕ 11.7 ਕਰੋਡ਼ ਮੋਬਾਇਲ ਸਬਸਕ੍ਰਾਈਬਰ ਸਨ। ਕੰਪਨੀ ਦੇ ਚੇਅਰਮੈਨ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਵਿਦੇਸ਼ੀ ਵੈਂਡਰਸ ਸਾਡੇ ਸੰਪਰਕ ’ਚ ਹਨ ਅਤੇ ਉਨ੍ਹਾਂ ਦੇ ਸਾਰੇ ਮਸਲਿਆਂ ਦਾ ਹੱਲ ਕੱਢਿਆ ਜਾਵੇਗਾ। ਉਨ੍ਹਾਂ ਨੂੰ ਦਸੰਬਰ ਦੇ ਅਖੀਰ ਤੱਕ ਇੰਤਜ਼ਾਰ ਕਰਨਾ ਚਾਹੀਦਾ ਹੈ। ਹਾਲਾਂਕਿ ਵੈਂਡਰਸ ਨੇ ਮੌਜੂਦਾ ਸਥਿਤੀ ’ਤੇ ਨਾਰਾਜ਼ਗੀ ਪ੍ਰਗਟਾਈ ਹੈ। ਨੋਕੀਆ ਨੇ 16 ਦਸੰਬਰ ਨੂੰ ਬੀ. ਐੱਸ. ਐੱਨ. ਐੱਲ. ਨੂੰ ਭੇਜੇ ਪੱਤਰ ’ਚ ਕਿਹਾ ਹੈ, ‘‘ਸਾਨੂੰ ਪਿਛਲੇ 13 ਮਹੀਨਿਆਂ ਤੋਂ ਕੋਈ ਭੁਗਤਾਨ ਨਹੀਂ ਮਿਲਿਆ ਹੈ। ਸਾਡਾ ਬੀ. ਐੱਸ. ਐੱਨ. ਐੱਲ. ’ਤੇ 10 ਦਸੰਬਰ 2019 ਤੱਕ ਬਕਾਇਆ ਲਗਭਗ 1272 ਕਰੋਡ਼ ਰੁਪਏ ਹੈ।’’
ਰਿਵਾਈਵਲ ਪੈਕੇਜ ਦੇ ਐਲਾਨ ਦੇ ਬਾਵਜੂਦ ਭੁਗਤਾਨ ਦੀ ਕੋਈ ਸਪੱਸ਼ਟ ਸਮਾਂ-ਹੱਦ ਨਹੀਂ : ਨੋਕੀਆ
ਨੋਕੀਆ ਦੇ ਬੁਲਾਰੇ ਨੇ ਕਿਹਾ ਕਿ ਇਹ ਨਿਰਾਸ਼ਾਜਨਕ ਹੈ ਕਿ 14 ਮਹੀਨਿਆਂ ਦੇ ਇੰਤਜ਼ਾਰ ਅਤੇ ਸਰਕਾਰ ਵੱਲੋਂ ਰਿਵਾਈਵਲ ਪੈਕੇਜ ਦੇ ਐਲਾਨ ਦੇ ਬਾਵਜੂਦ ਸਾਨੂੰ ਬੀ. ਐੱਸ. ਐੱਨ. ਐੱਲ. ਵੱਲੋਂ ਭੁਗਤਾਨ ਨੂੰ ਲੈ ਕੇ ਕੋਈ ਸਪੱਸ਼ਟ ਸਮਾਂ-ਹੱਦ ਨਹੀਂ ਮਿਲੀ ਹੈ। ਬਕਾਏ ਦੀ ਵਜ੍ਹਾ ਨਾਲ ਬੀ. ਐੱਸ. ਐੱਨ. ਐੱਲ. ਨੂੰ ਸਪਲਾਈ ਕੀਤੇ ਜਾਣ ਵਾਲੇ ਪ੍ਰੋਡਕਟਸ ’ਚ ਨਿਵੇਸ਼ ਕਰਨ ’ਚ ਵੀ ਮੁਸ਼ਕਿਲ ਹੋ ਰਹੀ ਹੈ।
ਨਵੰਬਰ 2018 ਤੋਂ ਕੰਪਨੀ ਨੂੰ ਨਹੀਂ ਮਿਲੀ ਕੋਈ ਪੇਮੈਂਟ : ਜ਼ੈੱਡ. ਟੀ. ਈ.
ਜ਼ੈੱਡ. ਟੀ. ਈ. ਨੇ ਆਪਣੇ ਪੱਤਰ ’ਚ ਲਿਖਿਆ ਹੈ ਕਿ ਬੀ. ਐੱਸ. ਐੱਨ. ਐੱਲ. ਨੇ ਨਵੰਬਰ 2018 ਤੋਂ ਕੰਪਨੀ ਨੂੰ ਕੋਈ ਪੇਮੈਂਟ ਨਹੀਂ ਕੀਤੀ ਹੈ। ਇਸ ਦਾ ਸਰਕਾਰੀ ਕੰਪਨੀ ’ਤੇ ਓਪੈਕਸ ਅਤੇ ਕੈਪੇਕਸ ਸਮੇਤ ਬਕਾਇਆ 1300 ਕਰੋਡ਼ ਰੁਪਏ ਤੋਂ ਟੱਪ ਗਿਆ ਹੈ। ਜ਼ੈੱਡ. ਟੀ. ਈ. ਨੇ ਬੀ. ਐੱਸ. ਐੱਨ. ਐੱਲ. ਨੂੰ ਕਿਹਾ ਹੈ ਕਿ ਇਸ ਵਜ੍ਹਾ ਨਾਲ ਉਹ ਕੰਪਨੀ ਨੂੰ ਅੱਗੇ ਸਪੋਰਟ ਨਹੀਂ ਕਰ ਸਕੇਗੀ। ਜ਼ੈੱਡ. ਟੀ. ਈ. ਨੇ ਭਵਿੱਖ ’ਚ ਕਿਸੇ ਵੀ ਨਿਵੇਸ਼ ਦੀ ਸੁਰੱਖਿਆ ਲਈ ਬੀ. ਐੱਸ. ਐੱਨ. ਐੱਲ. ਕੋਲੋਂ ਸਪੱਸ਼ਟ ਯੋਜਨਾ ਮੰਗੀ ਹੈ। ਇਸ ਨੇ ਬੀ. ਐੱਸ. ਐੱਨ. ਐੱਲ. ਦੇ ਮੌਜੂਦਾ 2-ਜੀ/3-ਜੀ ਨੈੱਟਵਰਕ ਦੇ ਪ੍ਰਸਤਾਵਿਤ 4-ਜੀ ਅਪਗ੍ਰੇਡੇਸ਼ਨ ਲਈ ਕੰਪਨੀ ਨਾਲ ‘ਪ੍ਰਾਈਸ ਨੈਗੋਸੀਏਸ਼ਨ ਮੀਟਿੰਗ’ ਵੀ ਕੀਤੀ ਸੀ।
ਸਥਿਤੀ ਕਾਫ਼ੀ ਮੁਸ਼ਕਿਲ : ਯੂ. ਟੀ. ਸਟਾਰਕਾਮ
ਯੂ. ਟੀ. ਸਟਾਰਕਾਮ ਨੇ ਬੀ. ਐੱਸ. ਐੱਨ. ਐੱਲ. ਵੱਲੋਂ ਭੁਗਤਾਨ ਨੂੰ ਲੈ ਕੇ ਕੋਈ ਸਪੱਸ਼ਟੀਕਰਨ ਨਾ ਮਿਲਣ ਤੋਂ ਬਾਅਦ ਸਥਿਤੀ ਨੂੰ ਕਾਫ਼ੀ ਮੁਸ਼ਕਿਲ ਦੱਸਿਆ ਹੈ। ਇਹ ਬੀ. ਐੱਸ. ਐੱਨ. ਐੱਲ. ਦੇ 3-ਜੀ, ਟਰਾਂਸਮਿਸ਼ਨ ਅਤੇ ਐੱਨ. ਜੀ. ਐੱਨ. ਨੈੱਟਵਰਕ ਨੂੰ ਸਪੋਰਟ ਕਰਦੀ ਹੈ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਪਾਂਡੇ ਨੇ ਦੱਸਿਆ, ‘‘ਸਾਡੀ ਇਨਵਾਇਸ ਲੰਮੇ ਸਮੇਂ ਤੋਂ ਬਕਾਇਆ ਹੈ। ਸਾਡੀ ਬਕਾਇਆ ਰਕਮ ਦਸੰਬਰ ਦੇ ਅਖੀਰ ਤੱਕ 500 ਕਰੋਡ਼ ਰੁਪਏ ਤੋਂ ਜ਼ਿਆਦਾ ਹੋ ਜਾਵੇਗੀ। ਅਸੀਂ ਬੀ. ਐੱਸ. ਐੱਨ. ਐੱਲ. ਦਾ ਸਪੋਰਟ ਬੰਦ ਨਹੀਂ ਕਰ ਸਕਦੇ ਕਿਉਂਕਿ ਨੈੱਟਵਰਕ ਮਹੱਤਵਪੂਰਨ ਹੈ ਪਰ ਸਾਨੂੰ ਨਹੀਂ ਪਤਾ ਕਿ ਜਨਵਰੀ ਤੋਂ ਬਾਅਦ ਅਸੀਂ ਇਹ ਕਿਵੇਂ ਕਰਾਂਗੇ।’’
ਭਾਰਤ ’ਚ ਸੂਖਮ ਵਿੱਤ ਖੇਤਰ ’ਚ ਮਜ਼ਬੂਤ ਵਾਧੇ ਦੀ ਗੁੰਜਾਇਸ਼ ਬਰਕਰਾਰ : KPMG
NEXT STORY