ਨਵੀਂ ਦਿੱਲੀ— ਹੁਣ ਉਨ੍ਹਾਂ ਲੋਕਾਂ ਨੂੰ ਪਾਸਪੋਰਟ ਬਣਾਉਣ ਲਈ ਪ੍ਰੇਸ਼ਾਨ ਨਹੀਂ ਹੋਣਾ ਪਵੇਗਾ, ਜਿਨ੍ਹਾਂ ਕੋਲ ਜਨਮ ਦਾ ਸਰਟੀਫਿਕੇਟ ਨਹੀਂ ਹੈ। ਤੁਹਾਨੂੰ ਦੱਸ ਦੇਈਏ ਅਜਿਹੇ ਬਹੁਤ ਸਾਰੇ ਲੋਕ ਹਨ, ਜਿਨ੍ਹਾਂ ਕੋਲ ਜਨਮ ਦਾ ਸਰਟੀਫਿਕੇਟ ਨਹੀਂ ਹੁੰਦਾ ਅਤੇ ਪਾਸਪੋਰਟ ਬਣਾਉਣ 'ਚ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿਛਲੇ ਹਫਤੇ ਹੀ ਸਰਕਾਰ ਨੇ ਸੰਸਦ 'ਚ ਇਸ ਬਾਰੇ ਦੱਸਿਆ ਹੈ। ਇਸ ਤਹਿਤ ਹੁਣ ਆਧਾਰ ਜਾਂ ਪੈਨ ਕਾਰਡ ਨੂੰ ਜਨਮ ਤਰੀਕ ਦੇ ਸਬੂਤ ਤੌਰ 'ਤੇ ਵਰਤਿਆ ਜਾ ਸਕੇਗਾ।

ਪਾਸਪੋਰਟ ਨਿਯਮ 1980 ਤਹਿਤ ਉਨ੍ਹਾਂ ਸਾਰੇ ਅਰਜ਼ੀਦਾਤਾਵਾਂ ਨੂੰ ਜਨਮ ਦਾ ਸਰਟੀਫਿਕੇਟ ਦੇਣਾ ਜ਼ਰੂਰੀ ਹੁੰਦਾ ਸੀ, ਜਿਨ੍ਹਾਂ ਦਾ ਜਨਮ 26/01/1989 ਤੋਂ ਬਾਅਦ ਹੋਇਆ ਹੋਵੇ। ਹੁਣ ਇਸ ਦੀ ਥਾਂ 'ਤੇ ਸਕੂਲ ਬੋਰਡ ਵੱਲੋਂ ਜਾਰੀ ਕੀਤਾ ਗਿਆ ਟਰਾਂਸਫਰ/ਸਕੂਲ ਛੱਡਣ/ਦਸਵੀਂ ਦਾ ਸਰਟੀਫਿਕੇਟ ਦਿੱਤਾ ਜਾ ਸਕਦਾ ਹੈ, ਜਿਸ 'ਚ ਜਨਮ ਤਰੀਕ ਦਿੱਤੀ ਹੋਵੇ। ਇਸ ਤੋਂ ਇਲਾਵਾ ਪੈਨ ਕਾਰਡ, ਆਧਾਰ ਕਾਰਡ/ਈ-ਆਧਾਰ, ਡਰਾਈਵਿੰਗ ਲਾਈਸੈਂਸ, ਵੋਟਰ ਆਈ. ਡੀ. ਕਾਰਡ ਅਤੇ ਐੱਲ. ਆਈ. ਸੀ. ਪਾਲਿਸੀ ਬਾਂਡ ਵੀ ਦਿੱਤਾ ਜਾ ਸਕਦਾ ਹੈ। ਯਾਨੀ ਇਨ੍ਹਾਂ ਦਸਤਾਵੇਜ਼ਾਂ 'ਚੋਂ ਕੋਈ ਵੀ ਦਸਤਾਵੇਜ਼ ਜਮ੍ਹਾ ਕਰਾਇਆ ਜਾ ਸਕਦਾ ਹੈ। ਉੱਥੇ ਹੀ, 60 ਸਾਲ ਤੋਂ ਉੱਪਰ ਅਤੇ 8 ਸਾਲ ਤੋਂ ਘੱਟ ਉਮਰ ਵਾਲੇ ਅਰਜ਼ੀ ਦਾਤਾਵਾਂ ਨੂੰ ਪਾਸਪੋਰਟ ਫੀਸ 'ਚ 10 ਫੀਸਦੀ ਦੀ ਛੋਟ ਮਿਲੇਗੀ। ਨਵੇਂ ਪਾਸਪੋਰਟ 'ਚ ਨਿੱਜੀ ਜਾਣਕਾਰੀ ਹਿੰਦੀ ਅਤੇ ਅੰਗਰੇਜ਼ੀ ਦੋਹਾਂ ਭਾਸ਼ਾਵਾਂ 'ਚ ਹੋਵੇਗੀ। ਪਾਸਪੋਰਟ ਵਿਭਾਗ ਦੀ ਵੈੱਬਸਾਈਟ ਮੁਤਾਬਕ, ਨਵਾਂ ਪਾਸਪੋਰਟ ਬਣਾਉਣ ਦੀ ਫੀਸ 1500 ਰੁਪਏ ਤੋਂ ਲੈ ਕੇ 2000 ਰੁਪਏ ਤਕ ਹੈ, ਜਦੋਂ ਕਿ ਤਤਕਾਲ 'ਚ ਬਣਾਉਣ 'ਤੇ ਫੀਸ ਜ਼ਿਆਦਾ ਲੱਗਦੀ ਹੈ। ਪੁਲਸ ਕਲੀਅਰੈਂਸ ਸਰਟੀਫਿਕੇਟ (ਪੀ. ਸੀ. ਸੀ.) ਦੀ ਫੀਸ 500 ਰੁਪਏ ਹੈ।
ਇਹ ਐਪ ਦੇਵੇਗੀ ਮੋਬਾਇਲ 'ਤੇ ਜਾਣਕਾਰੀ
ਜੇਕਰ ਤੁਸੀਂ ਆਪਣੇ ਮੋਬਾਇਲ 'ਤੇ ਪਾਸਪੋਰਟ ਸੰਬੰਧੀ ਜਾਣਕਾਰੀ ਲੈਣਾ ਚਾਹੁੰਦੇ ਹੋ, ਤਾਂ ਇਸ ਲਈ ਤੁਸੀਂ ਆਪਣੇ ਸਮਾਰਟ ਫੋਨ 'ਤੇ mPassport Seva App ਡਾਊਨਲੋਡ ਕਰ ਸਕਦੇ ਹੋ। ਇਸ ਐਪ 'ਤੇ ਤੁਸੀਂ ਪਾਸਪੋਰਟ ਸੇਵਾ ਕੇਂਦਰ ਜਾਂ ਜ਼ਿਲ੍ਹਾ ਪਾਸਪੋਰਟ ਸੈੱਲ ਵੀ ਸਰਚ ਕਰ ਸਕਦੇ ਹੋ। ਇੰਨਾ ਹੀ ਨਹੀਂ ਵਿਦੇਸ਼ਾਂ 'ਚ ਬੈਠੇ ਸਿਟੀਜ਼ਨਸ ਵੀ ਅਹਿਮ ਜਾਣਕਾਰੀ ਹਾਸਲ ਕਰ ਸਕਦੇ ਹਨ। ਯੂਜ਼ਰ ਆਪਣੀ ਪਾਸਪੋਰਟ ਐਪਲੀਕੇਸ਼ਨ ਦੀ ਸਥਿਤੀ ਬਾਰੇ ਵੀ ਜਾਣ ਸਕਦੇ ਹਨ।
ਰਾਸ਼ਟਰਵਾਦੀ ਰੁਖ ਨਾਲ ਉਤਪਾਦ ਪੇਸ਼ ਕਰਦੀ ਹੈ ਪਤੰਜਲੀ : ਕੋਲਗੇਟ ਪਾਮੋਲੀਵ
NEXT STORY