ਨਵੀਂ ਦਿੱਲੀ— ਭਾਰਤੀ ਰਿਜ਼ਰਵ ਬੈਂਕ ਦੀ ਮਾਨਿਟਰੀ ਪਾਲਿਸੀ ਕਮੇਟੀ (ਐੱਮ. ਪੀ. ਸੀ.) ਦੀ ਤਿੰਨ ਦਿਨਾਂ ਬੈਠਕ 30 ਜੁਲਾਈ ਨੂੰ ਸ਼ੁਰੂ ਹੋ ਰਹੀ ਹੈ। ਆਰ. ਬੀ. ਆਈ. ਪਹਿਲੀ ਅਗਸਤ ਨੂੰ ਇਸ ਬੈਠਕ 'ਚ ਵਿਆਜ ਦਰਾਂ ਨੂੰ ਲੈ ਕੇ ਕੀਤੇ ਜਾਣ ਵਾਲੇ ਫੈਸਲੇ ਦਾ ਐਲਾਨ ਕਰੇਗਾ। ਇਕਨਾਮਿਕ ਟਾਈਮਸ ਵੱਲੋਂ ਕਰਾਏ ਗਏ ਇਕ ਪੋਲ ਮੁਤਾਬਕ, ਮਹਿੰਗਾਈ ਵਧਣ ਦੇ ਰਿਸਕ ਨੂੰ ਦੇਖਦੇ ਹੋਏ ਭਾਰਤੀ ਰਿਜ਼ਰਵ ਬੈਂਕ ਅਗਸਤ 'ਚ ਇਕ ਵਾਰ ਫਿਰ ਵਿਆਜ ਦਰਾਂ ਵਧਾਉਣ ਦਾ ਫੈਸਲਾ ਲੈ ਸਕਦਾ ਹੈ।
ਜੂਨ 'ਚ ਪ੍ਰਚੂਨ ਮਹਿੰਗਾਈ ਆਰ. ਬੀ. ਆਈ. ਦੇ ਅੰਦਾਜ਼ੇ ਤੋਂ ਉਪਰ 5 ਫੀਸਦੀ ਰਹੀ ਹੈ, ਜੋ ਮਈ 'ਚ 4.87 ਫੀਸਦੀ ਰਹੀ ਸੀ। ਆਰ. ਬੀ. ਆਈ. ਅਤੇ ਸਰਕਾਰ ਨੇ ਪ੍ਰਚੂਨ ਮਹਿੰਗਾਈ 4 ਫੀਸਦੀ ਤਕ ਰੱਖਣ ਦਾ ਟੀਚਾ ਤੈਅ ਕੀਤਾ ਸੀ। ਇਸ ਤੋਂ ਪਹਿਲਾਂ ਮਹਿੰਗਾਈ ਨੇ 5 ਫੀਸਦੀ ਦਾ ਅੰਕੜਾ ਇਸ ਸਾਲ ਜਨਵਰੀ 'ਚ ਛੂਹਿਆ ਸੀ ਅਤੇ ਉਦੋਂ ਇਹ 5.07 ਫੀਸਦੀ ਰਹੀ ਸੀ।
ਫਸਲਾਂ ਦੇ ਐੱਮ. ਐੱਸ. ਪੀ. ਵਧਣ, ਕੱਚੇ ਤੇਲ 'ਚ ਤੇਜ਼ੀ ਅਤੇ ਰੁਪਏ ਦੀ ਡਿੱਗਦੀ ਕੀਮਤ ਨੂੰ ਦੇਖਦੇ ਹੋਏ ਭਾਰਤੀ ਰਿਜ਼ਰਵ ਬੈਂਕ ਰੈਪੋ ਰੇਟ 'ਚ 0.25 ਫੀਸਦੀ ਵਾਧਾ ਕਰ ਸਕਦਾ ਹੈ। ਰੈਪੋ ਰੇਟ ਵਧਣ ਨਾਲ ਬੈਂਕ ਕਰਜ਼ਾ ਮਹਿੰਗਾ ਕਰ ਦੇਣਗੇ। ਪਿਛਲੇ ਮਹੀਨੇ ਜੂਨ 'ਚ ਆਰ. ਬੀ. ਆਈ. ਨੇ ਮਹਿੰਗਾਈ ਵਧਣ ਦੇ ਖਦਸ਼ੇ ਨੂੰ ਦੇਖਦੇ ਹੋਏ ਤਕਰੀਬਨ ਚਾਰ ਸਾਲਾਂ 'ਚ ਪਹਿਲੀ ਵਾਰ ਰੈਪੋ ਰੇਟ 'ਚ 0.25 ਫੀਸਦੀ ਵਾਧਾ ਕੀਤਾ ਸੀ, ਜਿਸ ਨਾਲ ਰੈਪੋ ਰੇਟ 6.25 ਫੀਸਦੀ ਹੋ ਗਿਆ। ਹੁਣ ਜੇਕਰ ਰੈਪੋ ਰੇਟ 0.25 ਫੀਸਦੀ ਵਧਦਾ ਹੈ, ਤਾਂ ਇਹ 6.50 ਫੀਸਦੀ ਹੋ ਜਾਵੇਗਾ। ਰੈਪੋ ਰੇਟ ਉਹ ਵਿਆਜ ਦਰ ਹੈ, ਜਿਸ 'ਤੇ ਕੇਂਦਰੀ ਬੈਂਕ ਹੋਰਾਂ ਬੈਂਕਾਂ ਨੂੰ ਰੋਜ਼ਾਨਾ ਕੰਮਕਾਜ ਦੀਆਂ ਜ਼ਰੂਰਤਾਂ ਲਈ ਉਧਾਰ ਦਿੰਦਾ ਹੈ। ਹਾਲਾਂਕਿ ਐੱਸ. ਬੀ. ਆਈ. ਦੇ ਇਕਨਾਮਿਕ ਰਿਸਰਚ ਵਿਭਾਗ ਦਾ ਅੰਦਾਜ਼ਾ ਇਨ੍ਹਾਂ ਸਭ ਤੋਂ ਉਲਟ ਹੈ। ਉਸ ਦਾ ਮੰਨਣਾ ਹੈ ਕਿ ਭਾਰਤੀ ਰਿਜ਼ਰਵ ਬੈਂਕ ਇਸ ਵਾਰ ਵਿਆਜ ਦਰਾਂ ਨੂੰ ਸਥਿਰ ਰੱਖਣ ਦਾ ਫੈਸਲਾ ਕਰ ਸਕਦਾ ਹੈ।
ਸ਼ੇਅਰ ਬਾਜ਼ਾਰ: ਸੈਂਸੈਕਸ ਪਹਿਲੀ ਵਾਰ 37491 'ਤੇ ਅਤੇ ਨਿਫਟੀ 11300 ਦੇ ਕਰੀਬ ਖੁੱਲ੍ਹਿਆ
NEXT STORY