ਨਵੀਂ ਦਿੱਲੀ (ਇੰਟ.) - ਆਮਦਨ ਟੈਕਸ ’ਚ ਰਾਹਤ ਤੋਂ ਬਾਅਦ ਦੇਸ਼ ’ਚ ਮੰਗ ਅਤੇ ਖਪਤ ਨੂੰ ਉਤਸ਼ਾਹ ਦੇਣ ਲਈ ਜੀ. ਐੱਸ. ਟੀ. ਕੌਂਸਲ ਹੁਣ ਜੀ. ਐੱਸ. ਟੀ. ਦਰਾਂ ’ਚ ਕਟੌਤੀ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਸਰਕਾਰ 12 ਫ਼ੀਸਦੀ ਦੇ ਸਲੈਬ ਵਾਲੀ ਜੀ. ਐੱਸ. ਟੀ. ਦਰ ਨੂੰ ਖਤਮ ਕਰ ਸਕਦੀ ਹੈ ਅਤੇ ਇਸ ਸਲੈਬ ’ਚ ਆਉਣ ਵਾਲੀਆਂ ਵਸਤਾਂ ਨੂੰ 5 ਫੀਸਦੀ ਜਾਂ ਲੋੜ ਪੈਣ ’ਤੇ 18 ਫ਼ੀਸਦੀ ਦੇ ਸਲੈਬ ’ਚ ਪਾ ਸਕਦੀ ਹੈ। ਇਸ ਕਵਾਇਦ ਦਾ ਮਕਸਦ ਜੀ. ਐੱਸ. ਟੀ. ਦਰ ਢਾਂਚੇ ਨੂੰ ਤਰਕਸੰਗਤ ਬਣਾਉਣ ਦੇ ਨਾਲ ਖਪਤ ਨੂੰ ਵਧਾਉਣਾ ਹੈ। ਇਕ ਮੀਡੀਆ ਰਿਪੋਰਟ ’ਚ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ।
ਸੂਤਰਾਂ ਮੁਤਾਬਕ ਕੇਂਦਰ ਦੇ ਸੁਝਾਵਾਂ ਨੂੰ ਬਿਹਾਰ ਦੇ ਡਿਪਟੀ ਸੀ. ਐੱਮ. ਸਮਰਾਟ ਚੌਧਰੀ ਦੀ ਪ੍ਰਧਾਨਗੀ ਵਾਲੇ ਮੰਤਰੀਆਂ ਦੇ ਸਮੂਹ ਸਾਹਮਣੇ ਰੱਖ ਦਿੱਤਾ ਗਿਆ ਹੈ। ਮੰਤਰੀਆਂ ਦਾ ਇਹ ਸਮੂਹ ਜੀ. ਐੱਸ. ਟੀ. ਦਰਾਂ ’ਚ ਕਟੌਤੀ ਦੇ ਨਾਲ-ਨਾਲ ਇਸ ਨੂੰ ਤਰਕਸੰਗਤ ਬਣਾਉਣ ’ਤੇ ਵਿਚਾਰ ਕਰ ਰਿਹਾ ਹੈ। ਅਪ੍ਰੈਲ 2023 ’ਚ 600 ਵਸਤਾਂ ’ਤੇ 18 ਫੀਸਦੀ, 275 ’ਤੇ 12 ਫ਼ੀਸਦੀ, 280 ’ਤੇ 5 ਫੀਸਦੀ ਅਤੇ 50 ਵਸਤਾਂ ਦੇ ਕਰੀਬ 28 ਫੀਸਦੀ ਵਾਲੇ ਸਲੈਬ ’ਚ ਆਉਂਦੀਆਂ ਹਨ।
ਵਿੱਤ ਮੰਤਰਾਲਾ ਅਤੇ ਜੀ. ਐੱਸ. ਟੀ. ਕੌਂਸਲ ਨੇ ਨਹੀਂ ਦਿੱਤੀ ਕੋਈ ਪ੍ਰਤੀਕਿਰਿਆ
15ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਐੱਨ. ਕੇ. ਸਿੰਘ ਨੇ ਵੀ 4 ਜੀ. ਐੱਸ. ਟੀ. ਦਰਾਂ ਦੀ ਜਗ੍ਹਾ 3 ਸਲੈਬ ਕਰਨ ਲਈ ਕਿਹਾ ਹੈ। ਰਿਪੋਰਟ ਮੁਤਾਬਕ ਵਿੱਤ ਮੰਤਰਾਲਾ ਅਤੇ ਜੀ. ਐੱਸ. ਟੀ. ਕੌਂਸਲ ਨੇ ਇਸ ’ਤੇ ਆਪਣੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਬਜਟ ਸੈਸ਼ਨ ਦਾ ਪਹਿਲਾ ਭਾਗ ਖਤਮ ਹੋ ਚੁੱਕਿਆ ਹੈ ਅਤੇ ਇਹ ਮੰਨਿਆ ਜਾ ਰਿਹਾ ਹੈ ਕਿ ਛੇਤੀ ਹੀ ਜੀ. ਐੱਸ. ਟੀ. ਕੌਂਸਲ ਦੀ ਬੈਠਕ ਬੁਲਾਈ ਜਾਵੇਗੀ, ਜਿਸ ’ਚ ਇਸ ਗੱਲ ’ਤੇ ਚਰਚਾ ਹੋਵੇਗੀ।
ਇਕ ਰਿਸਰਚ ਪੇਪਰ ਮੁਤਾਬਿਕ ਜੀ. ਐੱਸ. ਟੀ. ਦਰਾਂ ਨੂੰ ਤਰਕਸੰਗਤ ਬਣਾਉਣ ਦਾ ਇਹ ਸਹੀ ਸਮਾਂ ਹੈ। ਨੈਸ਼ਨਲ ਇੰਸਟੀਚਿਊਟ ਆਫ ਪਬਲਿਕ ਫਾਈਨਾਂਸ ਐਂਡ ਪਾਲਿਸੀ ਮੁਤਾਬਕ ਜਿਨ੍ਹਾਂ ਉਤਪਾਦਾਂ ’ਤੇ ਜੀ. ਐੱਸ. ਟੀ. ਛੋਟ ਦਿੱਤੀ ਜਾ ਰਹੀ ਹੈ ਉਸ ਦਾ ਵੱਡਾ ਫਾਇਦਾ ਘੱਟ ਆਮਦਨ ਵਾਲੇ ਵਰਗ ਨਾਲੋਂ ਜ਼ਿਆਦਾ ਅਮੀਰ ਪਰਿਵਾਰਾਂ ਨੂੰ ਹੋ ਰਿਹਾ ਹੈ। ਗਰੀਬਾਂ ਦੇ ਕੰਜ਼ਪਸ਼ਨ ਬਾਸਕਿਟ ’ਚ ਸ਼ਾਮਲ ਵਸਤਾਂ ’ਚੋਂ 20 ਫੀਸਦੀ ਤੋਂ ਵੀ ਘੱਟ ਵਸਤਾਂ ’ਤੇ ਜੀ. ਐੱਸ. ਟੀ. ਛੋਟ ਮਿਲਦੀ ਹੈ, ਜਦੋਂ ਕਿ ਅਮੀਰਾਂ ਦੇ ਕੰਜ਼ਪਸ਼ਨ ਬਾਸਕਿਟ ’ਚ ਸ਼ਾਮਲ ਵਸਤਾਂ ’ਚ ਜ਼ਿਆਦਾ ਸਾਮਾਨਾਂ ’ਤੇ ਜੀ. ਐੱਸ. ਟੀ. ਛੋਟ ਦੀ ਵਿਵਸਥਾ ਮੌਜੂਦਾ ਸਮੇਂ ’ਚ ਹੈ।
ਜੀ. ਐੱਸ. ਟੀ. ਦੇ ਸਲੈਬ ’ਚ ਬਦਲਾਅ ਕਰਨ ਦੀ ਉੱਠ ਰਹੀ ਮੰਗ
ਦਰਅਸਲ ਲੰਮੇਂ ਸਮੇਂ ਤੋਂ ਇਹ ਮੰਗ ਉਠ ਰਹੀ ਹੈ ਕਿ ਜੀ. ਐੱਸ. ਟੀ. ਦੇ ਸਲੈਬ ’ਚ ਬਦਲਾਅ ਕੀਤਾ ਜਾਵੇ ਅਤੇ ਦਰਾਂ ਨੂੰ ਤਰਕਸੰਗਤ ਬਣਾਇਆ ਜਾਵੇ। ਅਜੇ ਜੀ. ਐੱਸ. ਟੀ. ਦੇ ਤਹਿਤ ਟੈਕਸ ਦੇ 4 ਸਲੈਬ ਹਨ। ਇਹ 4 ਸਲੈਬ 5 ਫ਼ੀਸਦੀ, 12 ਫੀਸਦੀ, 18 ਫੀਸਦੀ ਅਤੇ 28 ਫੀਸਦੀ ਦੇ ਹਨ। ਕੁਝ ਲਗ਼ਜ਼ਰੀ ਅਤੇ ਸਿਨਫੁਲ ਆਈਟਮਜ਼ ’ਤੇ ਵੱਖਰੇ ਤੌਰ ’ਤੇ ਸੈੱਸ ਦੀ ਵਿਵਸਥਾ ਹੈ। ਜੀ. ਐੱਸ. ਟੀ. ਦੇ ਸਲੈਬਾਂ ਦੀ ਗਿਣਤੀ ਨੂੰ 4 ਤੋਂ ਘਟਾ ਕੇ 3 ਕਰਨ ਦੀ ਮੰਗ ਉੱਠਦੀ ਰਹੀ ਹੈ।
ਸਸਤੀ ਹੋਵੇਗੀ ਅਮਰੀਕਨ ਵਿਸਕੀ, 50 ਫ਼ੀਸਦੀ ਤੋਂ ਵੱਧ ਘਟੀਆਂ ਕੀਮਤਾਂ
NEXT STORY