ਮੁੰਬਈ— ਡਿਜੀਟਲ ਦੌਰ 'ਚ ਚੈੱਕ ਨਾਲ ਭੁਗਤਾਨ 'ਚ ਕਾਫ਼ੀ ਕਮੀ ਹੋਈ ਹੈ। ਭਾਰਤੀ ਰਿਜ਼ਰਵ ਬੈਂਕ ਦੇ ਤਾਜ਼ਾ ਅੰਕੜਿਆਂ ਮੁਤਾਬਕ, ਡਿਜੀਟਲ ਭੁਗਤਾਨ ਨੂੰ ਉਤਸ਼ਾਹਤ ਕਰਨ ਨਾਲ ਬੀਤੇ ਵਿੱਤੀ ਸਾਲ 2019-20 'ਚ ਚੈੱਕ ਜ਼ਰੀਏ ਪ੍ਰਚੂਨ ਭੁਗਤਾਨ ਦਾ ਅੰਕੜਾ ਕਾਫ਼ੀ ਹੇਠਾਂ ਆ ਗਿਆ ਹੈ।
ਪਿਛਲੇ ਵਿੱਤੀ ਸਾਲ 'ਚ ਮਾਤਰਾ ਦੇ ਹਿਸਾਬ ਨਾਲ ਕੁੱਲ ਪ੍ਰਚੂਨ ਭੁਗਤਾਨ 'ਚ ਚੈੱਕ ਕਲੀਅਰਿੰਗ ਦਾ ਹਿੱਸਾ ਘੱਟ ਕੇ 2.9 ਫੀਸਦੀ ਰਹਿ ਗਿਆ। ਹਾਲਾਂਕਿ, ਮੁੱਲ ਦੇ ਹਿਸਾਬ ਨਾਲ ਇਹ 20.8 ਫੀਸਦੀ ਰਿਹਾ। ਵਿੱਤੀ ਸਾਲ 2015-16 'ਚ ਨੋਟਬੰਦੀ ਤੋਂ ਬਾਅਦ ਕੇਂਦਰੀ ਬੈਂਕ ਨੇ ਡਿਜੀਟਲ ਭੁਗਤਾਨ ਨੂੰ ਕਾਫ਼ੀ ਤੇਜ਼ੀ ਨਾਲ ਅੱਗੇ ਵਧਾਉਣਾ ਸ਼ੁਰੂ ਕੀਤਾ ਸੀ। ਉਸ ਸਮੇਂ ਪ੍ਰਚੂਨ ਭੁਗਤਾਨ 'ਚ ਮਾਤਰਾ ਦੇ ਹਿਸਾਬ ਨਾਲ ਚੈੱਕ ਦਾ ਹਿੱਸਾ 15.81 ਫੀਸਦੀ ਅਤੇ ਮੁੱਲ ਦੇ ਹਿਸਾਬ ਨਾਲ 46.08 ਫੀਸਦੀ ਸੀ। ਵਿੱਤੀ ਸਾਲ 2016-17 'ਚ ਇਹ ਅੰਕੜਾ ਘੱਟ ਕੇ 11.18 ਫੀਸਦੀ ਅਤੇ 36.79 ਫੀਸਦੀ 'ਤੇ ਆ ਗਿਆ।
2017-2018 'ਚ ਇਹ ਮਾਤਰਾ ਦੇ ਹਿਸਾਬ ਨਾਲ 7.49 ਫੀਸਦੀ ਅਤੇ ਮੁੱਲ ਦੇ ਹਿਸਾਬ ਨਾਲ 28.78 ਫੀਸਦੀ 'ਤੇ ਆ ਗਿਆ। ਉੱਥੇ ਹੀ, 2018-19 'ਚ ਇਹ ਘੱਟ ਕੇ ਕ੍ਰਮਵਾਰ 4.60 ਫੀਸਦੀ ਅਤੇ 22.65 ਫੀਸਦੀ 'ਤੇ ਆ ਗਿਆ ਸੀ।
ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ, ਵਿੱਤੀ ਸਾਲ 2015-16 ਤੋਂ 2019-20 ਦੌਰਾਨ ਮਾਤਰਾ ਦੇ ਹਿਸਾਬ ਨਾਲ ਡਿਜੀਟਲ ਭੁਗਤਾਨ ਸਾਲਾਨਾ ਆਧਾਰ 'ਤੇ 55.1 ਫੀਸਦੀ ਦੇ ਵਾਧੇ ਨਾਲ 593.61 ਕਰੋੜ ਤੋਂ ਵੱਧ ਕੇ 3,434.56 ਕਰੋੜ ਰੁਪਏ 'ਤੇ ਪਹੁੰਚ ਗਿਆ। ਉੱਥੇ ਹੀ, ਮੁੱਲ ਦੇ ਹਿਸਾਬ ਨਾਲ ਇਹ 920.38 ਲੱਖ ਕਰੋੜ ਰੁਪਏ ਤੋਂ ਵੱਧ ਕੇ 1,623.05 ਕਰੋੜ ਰੁਪਏ 'ਤੇ ਪਹੁੰਚ ਗਿਆ।
ਓਲਾ ਪੁਣੇ 'ਚ ਖੋਲ੍ਹੇਗੀ ਨਵਾਂ ਤਕਨੀਕੀ ਕੇਂਦਰ, 1000 ਲੋਕਾਂ ਦੀ ਕਰੇਗੀ ਭਰਤੀ
NEXT STORY