ਨਵੀਂ ਦਿੱਲੀ (ਭਾਸ਼ਾ) : ਦੇਸ਼ ਦੀ ਸਭ ਤੋਂ ਅਮੀਰ ਬੀਬੀ ਰੌਸ਼ਨੀ ਨਾਡਰ ਮਲਹੋਤਰਾ ਸ਼ੁੱਕਰਵਾਰ ਨੂੰ ਕਿਸੇ ਸੂਚੀਬੱਧ ਭਾਰਤੀ ਆਈ. ਟੀ. (ਸੂਚਨਾ ਟੈਕਨਾਲੌਜ਼ੀ) ਕੰਪਨੀ ਦੀ ਮੁਖੀ ਬਣਨ ਵਾਲੀ ਪਹਿਲੀ ਬੀਬੀ ਬਣ ਗਈ। ਉਨ੍ਹਾਂ ਨੇ ਆਪਣੇ ਪਿਤਾ ਅਤੇ ਅਰਬਪਤੀ ਉੱਦਮੀ ਸ਼ਿਵ ਨਾਡਰ ਤੋਂ 8.9 ਅਰਬ ਡਾਲਰ ਦੀ ਕੰਪਨੀ ਐੱਚ. ਸੀ. ਐੱਲ. ਤਕਨਾਲੋਜੀ ਦੀ ਚੇਅਰਪਰਸਨ ਦਾ ਅਹੁਦਾ ਸੰਭਾਲਿਆ। ਰੌਸ਼ਨੀ ਇਕ ਸਿਖਿਅਤ ਕਲਾਸੀਕਲ ਸੰਗੀਤਕਾਰ ਵੀ ਹੈ। ਉਹ 2013 'ਚ ਐੱਚ. ਸੀ. ਐੱਲ. ਤਕਨਾਲੋਜੀ ਦੇ ਨਿਰਦੇਸ਼ਕ ਮੰਡਲ ਵਿਚ ਸ਼ਾਮਲ ਹੋਈ ਅਤੇ ਵਾਈਸ ਚੇਅਰਪਰਸਨ ਸੀ। ਉਹ ਸਮੂਹ ਦੀਆਂ ਸਾਰੀਆਂ ਸੰਸਥਾਵਾਂ ਦੀ ਹੋਲਡਿੰਗ ਕੰਪਨੀ ਐੱਚ. ਸੀ. ਐੱਲ. ਕਾਰਪੋਰੇਸ਼ਨ ਦੀ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਦੇ ਅਹੁਦੇ 'ਤੇ ਬਣੀ ਰਹੇਗੀ। ਐੱਚ. ਸੀ. ਐੱਲ. ਤਕਨਾਲੋਜੀਜ਼ ਦੇ ਸੰਸਥਾਪਕ ਅਤੇ ਪ੍ਰਧਾਨ ਸ਼ਿਵ ਨਾਡਰ ਨੇ ਅਹੁਦੇ ਤੋਂ ਹੱਟਣ ਦੀ ਸ਼ੁੱਕਰਵਾਰ ਨੂੰ ਘੋਸ਼ਣਾ ਕੀਤੀ।
ਕੰਪਨੀ ਨੇ ਦੱਸਿਆ ਕਿ ਉਸ ਦੇ ਨਿਰਦੇਸ਼ਕ ਮੰਡਲ ਨੇ ਉਨ੍ਹਾਂ ਦੀ ਧੀ ਰੋਸ਼ਨੀ ਨੂੰ ਤੱਤਕਾਲ ਪ੍ਰਭਾਵ ਨਾਲ ਨਵੇਂ ਪ੍ਰਧਾਨ ਦੇ ਰੂਪ ਵਿੱਚ ਨਿਯੁਕਤ ਕੀਤਾ ਹੈ। ਹਾਲਾਂਕਿ ਸ਼ਿਵ ਨਾਡਰ ਮੁੱਖ ਰਣਨੀਤੀ ਅਧਿਕਾਰੀ ਦੇ ਅਹੁਦੇ ਨਾਲ ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਬਣੇ ਰਹਿਣਗੇ। ਐੱਚ. ਸੀ. ਐੱਲ. ਤਕਨਾਲੋਜੀਜ਼ ਦੇ ਸੀ.ਈ.ਓ. ਸੀ ਵਿਜੈਕੁਮਾਰ ਨੇ ਕਿਹਾ ਕਿ ਇਹ ਕੰਪਨੀ ਦੇ ਉਤਰਾਧਿਕਾਰ ਯੋਜਨਾ ਦਾ ਹਿੱਸਾ ਸੀ। ਰੋਸ਼ਨੀ ਨੇ ਦਿੱਲੀ ਦੇ ਬਸੰਤ ਵੈਲੀ ਸਕੂਲ ਵਿਚ ਪੜ੍ਹਾਈ ਕੀਤੀ ਅਤੇ ਨਾਰਥਵੈਸਟਰਨ ਯੂਨੀਵਰਸਿਟੀ, ਇਵਾਨਸਟਨ, ਇਲਿਨੋਇਸ ਤੋਂ ਸੰਚਾਰ ਵਿਚ ਗ੍ਰੈਜੂਏਟ ਕੀਤਾ। ਉਨ੍ਹਾਂ ਨੇ ਕੇਲਾਗ ਸਕੂਲ ਆਫ ਮੈਨੇਜਮੈਂਟ ਤੋਂ ਐਮ.ਬੀ.ਏ. ਵੀ ਕੀਤੀ। ਉਨ੍ਹਾਂ ਨੇ 2009 ਵਿਚ ਐੱਚ. ਸੀ. ਐੱਲ. ਕਾਰਪ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਸਕਾਈ ਨਿਊਜ਼ ਯੂਕੇ ਅਤੇ ਸੀ.ਐੱਨ. ਐੱਨ. ਅਮਰੀਕਾ ਨਾਲ ਸਮਾਚਾਰ ਨਿਰਮਾਤਾ ਦੇ ਰੂਪ ਵਿਚ ਕੰਮ ਕੀਤਾ।
ਰੋਸ਼ਨੀ ਨੇ ਐੱਚ. ਸੀ. ਐੱਲ. ਹੈਲਥਕੇਅਰ ਦੇ ਵਾਇਸ ਚੇਅਰਮੈਨ ਸ਼ਿਖਰ ਮਲਹੋਤਰਾ ਨਾਲ 2010 ਵਿਚ ਵਿਆਹ ਕੀਤਾ ਅਤੇ ਉਨ੍ਹਾਂ ਦੇ 2 ਪੁੱਤਰ- ਅਰਮਾਨ ਅਤੇ ਜਹਾਨ ਹਨ। ਹੁਰੁਨ ਰਿਚ ਲਿਸਟ ਅਨੁਸਾਰ ਰੋਸ਼ਨੀ ਭਾਰਤ ਦੀ ਸਭ ਤੋਂ ਅਮੀਰ ਬੀਬੀ ਹੈ, ਜਿਨ੍ਹਾਂ ਦੀ ਕੁੱਲ ਜਾਇਦਾਦ 36,800 ਕਰੋੜ ਰੁਪਏ ਹੈ। ਸਾਲ 2019 ਵਿਚ ਉਹ ਫੋਰਬਸ ਵਰਲਡ ਦੀ 100 ਸਭ ਤੋਂ ਸ਼ਕਤੀਸ਼ਾਲੀ ਬੀਬੀਆਂ ਦੀ ਸੂਚੀ ਵਿਚ 54ਵੇਂ ਸਥਾਨ 'ਤੇ ਰਹੀ। ਉਨ੍ਹਾਂ ਨੂੰ ਕਾਰੋਬਾਰ ਅਤੇ ਸਮਾਜ ਸੇਵਾ ਦੇ ਖ਼ੇਤਰ ਵਿਚ ਉੱਤਮ ਕਾਰਜ ਲਈ ਵੀ ਕਈ ਵੱਕਾਰੀ ਸਨਮਾਨਾਂ ਨਾਲ ਨਵਾਜਿਆ ਗਿਆ ਹੈ। ਉਹ ਫੋਰਬਸ ਦੀ 'ਦੁਨੀਆ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਬੀਬੀਆਂ' ਦੀ ਸੂਚੀ ਵਿਚ 2017, 2018 ਅਤੇ 2019 ਵਿਚ ਲਗਾਤਾਰ ਉਨ੍ਹਾਂ ਦਾ ਨਾਮ ਆਇਆ।
ਵਿਦੇਸ਼ੀ ਮੁਦਰਾ ਭੰਡਾਰ 3.11 ਅਰਬ ਡਾਲਰ ਵਧ ਕੇ ਨਵੇਂ ਰਿਕਾਰਡ ਪੱਧਰ 'ਤੇ
NEXT STORY