ਨਵੀਂ ਦਿੱਲੀ— ਭਾਰਤ ਦੇ ਭਾਰੀ ਮੁਨਾਫੇ ਵਾਲੇ ਫੈਸ਼ਨ ਅਤੇ ਲਾਈਫ ਸਟਾਈਲ ਬਾਜ਼ਾਰ 'ਚ ਹੁਣ ਰੂਸ ਅਤੇ ਬ੍ਰਾਜ਼ੀਲ ਦੇ ਚੋਟੀ ਦੇ ਬ੍ਰਾਂਡਜ਼ ਵੀ ਉਤਰਨ ਨੂੰ ਬੇਕਰਾਰ ਹਨ। ਇਨ੍ਹਾਂ ਦੇਸ਼ਾਂ ਦੇ ਬ੍ਰਾਂਡਜ਼ ਇੱਥੇ ਵਿਦੇਸ਼ੀ ਫੈਸ਼ਨ ਦੇ ਵਧਦੇ ਬਾਜ਼ਾਰ 'ਚ ਹਿੱਸੇਦਾਰੀ ਚਾਹੁੰਦੇ ਹਨ। ਭਾਰਤ 'ਚ 'ਜਾਰਾ' ਅਤੇ 'ਐੱਚ. ਐਂਡ ਐੱਮ. ਵਰਗੇ ਦਿੱਗਜ ਬ੍ਰਾਂਡਜ਼ ਪਹਿਲਾਂ ਤੋਂ ਹਨ। ਤੁਰਕੀ ਦਾ ਪ੍ਰਸਿੱਧ ਫੈਸ਼ਨ ਬ੍ਰਾਂਡ ਕਿਗਿਲੀ ਨੇ ਇਕ ਸਥਾਨਕ ਹਿਸੇਦਾਰ ਦੀ ਤਲਾਸ਼ ਲਈ ਜੇ. ਐੱਲ. ਐੱਲ. ਇੰਡੀਆ ਨੂੰ ਨਿਯੁਕਤ ਕੀਤਾ ਹੈ।
ਜ਼ਿਕਰਯੋਗ ਹੈ ਕਿ ਹੁਣ ਤਕ ਭਾਰਤ ਦੇ ਤੇਜ਼ੀ ਨਾਲ ਵਧਦੇ ਫੈਸ਼ਨ ਬਾਜ਼ਾਰ 'ਤੇ ਯੂਰਪੀ ਅਤੇ ਅਮਰੀਕੀ ਬ੍ਰਾਂਡਜ਼ ਦਾ ਕਬਜ਼ਾ ਰਿਹਾ ਹੈ। ਹੁਣ ਪੋਲੈਂਡ ਦੇ ਕੂਲ ਕਲੱਬ ਤੋਂ ਲੈ ਕੇ ਰੂਸ ਦੇ ਪ੍ਰਮੁੱਖ ਕਿਡਸਵੇਅਰ ਲੇਬਲ ਅਕੂਲਾ ਤਕ ਬ੍ਰਾਂਡਜ਼ ਸਟੋਰ ਖੋਲ੍ਹਣ ਲਈ ਮਾਲ ਮਾਲਕਾਂ ਨਾਲ ਗੱਲ ਕਰ ਰਹੇ ਹਨ। ਪਿਛਲੇ ਹਫਤੇ ਜਾਪਾਨ ਦਾ ਫਾਸਟ ਫੈਸ਼ਨ ਬ੍ਰਾਂਡ ਮਿਨਿਸੋ ਭਾਰਤ 'ਚ ਦਾਖਲ ਹੋਇਆ ਸੀ। ਇਸ ਨੇ ਦਿੱਲੀ ਦੇ ਬਸੰਤ ਕੁੰਜ ਦੇ ਐਂਬੀਅੰਸ ਮਾਲ 'ਚ ਸਟੋਰ ਖੋਲ੍ਹਿਆ ਹੈ। ਯੂਨੀਕਲੋ ਸਮੇਤ ਕਈ ਹੋਰ ਜਾਪਾਨੀ ਬ੍ਰਾਂਡਜ਼ ਵੀ ਭਾਰਤ 'ਚ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ।
ਤੁਹਾਨੂੰ ਦੱਸ ਦੇਈਏ ਕਿ 'ਜਾਰਾ' ਨੇ 2010 'ਚ ਭਾਰਤ 'ਚ ਕਦਮ ਰੱਖਿਆ ਸੀ ਅਤੇ ਉਸ ਦੀ ਆਪਣੇ ਗਲੋਬਲ ਮੁਕਾਬਲੇਬਾਜ਼ ਐੱਚ. ਐਂਡ ਐੱਮ. ਨਾਲ ਸਖਤ ਟੱਕਰ ਚੱਲ ਰਹੀ ਹੈ। ਦੋਵੇਂ ਬ੍ਰਾਂਡਜ਼ ਭਾਰਤ 'ਚ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਇਲਾਵਾ ਟਾਮੀ ਹਿਲਫਿਗਰ, ਐਇਰੋਪੋਸਟੇਲ ਅਤੇ ਮੈਂਗੋ ਵੀ ਇਸ ਸਪੇਸ 'ਚ ਆਪਣੀਆਂ ਜੜ੍ਹਾਂ ਮਜ਼ਬੂਤ ਕਰਨਾ ਚਾਹੁੰਦੇ ਹਨ। ਇਕ ਫਰਮ ਮੁਤਾਬਕ 2020 ਤਕ ਭਾਰਤ ਦਾ ਬ੍ਰਾਂਡਡ ਕਪੜਾ ਬਜ਼ਾਰ 2,50,000 ਕਰੋੜ ਰੁਪਏ ਹੋਣ ਦੀ ਉਮੀਦ ਹੈ, ਜੋ ਕਿ 2016 'ਚ ਤਕਰੀਬਨ 1,40,000 ਕਰੋੜ ਰੁਪਏ ਦਾ ਸੀ।
ਨਿਫਟੀ 9800 ਦੇ ਉੱਪਰ, ਸੈਂਸੈਕਸ 125 ਅੰਕ ਮਜ਼ਬੂਤ
NEXT STORY