ਨਵੀਂ ਦਿੱਲੀ— ਖੁਰਾਕੀ ਪਦਾਰਥਾਂ ਦੇ ਨਾਲ ਹੀ ਫਲ ਅਤੇ ਸਬਜ਼ੀਆਂ ਦੀਆਂ ਕੀਮਤਾਂ 'ਚ ਸਥਿਰਤਾ ਰਹਿਣ ਨਾਲ ਇਸ ਸਾਲ ਸਤੰਬਰ 'ਚ ਖਪਤਕਾਰ ਮੁੱਲ ਸੂਚਕ ਅੰਕ 'ਤੇ ਆਧਾਰਿਤ ਪ੍ਰਚੂਨ ਮਹਿੰਗਾਈ ਇਸ ਤੋਂ ਪਿਛਲੇ ਮਹੀਨੇ ਅਗਸਤ ਦੇ 3.28 ਫ਼ੀਸਦੀ 'ਤੇ ਸਥਿਰ ਰਹੀ।
ਕੇਂਦਰੀ ਅੰਕੜਾ ਦਫ਼ਤਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ ਸਾਲ ਸਤੰਬਰ 'ਚ ਹਾਲਾਂਕਿ ਮਹਿੰਗਾਈ ਦਰ 4.39 ਫ਼ੀਸਦੀ 'ਤੇ ਰਹੀ ਸੀ। ਸਤੰਬਰ, 2017 'ਚ ਖੁਰਾਕੀ ਪਦਾਰਥਾਂ ਦੀ ਮਹਿੰਗਾਈ ਦਰ 'ਚ ਕੁਝ ਨਰਮੀ ਰਹੀ ਅਤੇ ਇਹ 1.25 ਫ਼ੀਸਦੀ 'ਤੇ ਰਹੀ। ਅਗਸਤ, 2017 'ਚ ਇਹ 1.67 ਫ਼ੀਸਦੀ ਅਤੇ ਸਤੰਬਰ, 2016 'ਚ ਇਹ 3.96 ਫ਼ੀਸਦੀ ਰਹੀ ਸੀ।
ਅਧਿਕਾਰਕ ਅੰਕੜਿਆਂ ਅਨੁਸਾਰ ਇਸ ਸਾਲ ਸਤੰਬਰ 'ਚ ਸ਼ਹਿਰਾਂ ਦੇ ਮੁਕਾਬਲੇ ਪੇਂਡੂ ਖੇਤਰਾਂ 'ਚ ਪ੍ਰਚੂਨ ਮਹਿੰਗਾਈ ਕੁਝ ਘੱਟ ਰਹੀ। ਸ਼ਹਿਰੀ ਖੇਤਰਾਂ 'ਚ ਇਹ ਜਿੱਥੇ 3.44 ਫ਼ੀਸਦੀ ਰਹੀ, ਉਥੇ ਹੀ ਪੇਂਡੂ ਖੇਤਰਾਂ ਲਈ ਇਹ 3.15 ਫ਼ੀਸਦੀ ਦਰਜ ਕੀਤੀ ਗਈ ਹੈ। ਪਿਛਲੇ ਸਾਲ ਸਤੰਬਰ ਦੇ ਮੁਕਾਬਲੇ ਇਸ ਸਾਲ ਸਤੰਬਰ 'ਚ ਦਾਲਾਂ ਅਤੇ ਇਨ੍ਹਾਂ ਦੇ ਉਤਪਾਦਾਂ ਦੇ ਮੁੱਲ 22.51 ਫ਼ੀਸਦੀ ਘਟੇ ਹਨ। ਇਸੇ ਤਰ੍ਹਾਂ ਮਸਾਲਿਆਂ ਦੀਆਂ ਕੀਮਤਾਂ 'ਚ 2.31 ਫ਼ੀਸਦੀ ਅਤੇ ਆਂਡੇ ਦੀਆਂ ਕੀਮਤਾਂ 'ਚ 0.15 ਫ਼ੀਸਦੀ ਦੀ ਕਮੀ ਆਈ ਹੈ।
ਸਤੰਬਰ, 2017 'ਚ ਪਿਛਲੇ ਸਾਲ ਦੇ ਇਸ ਮਹੀਨੇ ਦੇ ਮੁਕਾਬਲੇ ਫਲਾਂ ਦੀਆਂ ਕੀਮਤਾਂ 'ਚ 5.14 ਫ਼ੀਸਦੀ, ਚੀਨੀ ਅਤੇ ਕਨਫੈਕਸ਼ਨਰੀ ਉਤਪਾਦਾਂ ਦੀਆਂ ਕੀਮਤਾਂ 'ਚ 6.77 ਫ਼ੀਸਦੀ, ਦੁੱਧ ਅਤੇ ਡੇਅਰੀ ਉਤਪਾਦਾਂ 'ਚ 3.87 ਫ਼ੀਸਦੀ, ਅਨਾਜ 'ਚ 3.70 ਫ਼ੀਸਦੀ ਅਤੇ ਮਾਸ ਅਤੇ ਮੱਛੀ ਦੀਆਂ ਕੀਮਤਾਂ 'ਚ 3.19 ਫ਼ੀਸਦੀ ਦਾ ਵਾਧਾ ਹੋਇਆ ਹੈ।
ਤਿਉਹਾਰੀ ਸੀਜ਼ਨ 'ਚ ਪਤਲੀ ਹੋਈ ਦਾਲ
NEXT STORY