ਨਵੀਂ ਦਿੱਲੀ— ਗੰਨੇ ਦੀ ਬਿਹਤਰ ਫ਼ਸਲ ਅਤੇ ਸਮੇਂ ਸਿਰ ਪਿੜਾਈ ਦਾ ਕੰਮ ਸ਼ੁਰੂ ਹੋਣ ਨਾਲ ਅਕਤੂਬਰ 'ਚ ਸ਼ੁਰੂ ਹੋਏ 2020-21 ਦੇ ਖੰਡ ਸੀਜ਼ਨ 'ਚ 15 ਨਵੰਬਰ 2020 ਤੱਕ ਖੰਡ ਉਤਪਾਦਨ ਪਿਛਲੀ ਵਾਰ ਨਾਲੋਂ ਤਕਰੀਬਨ ਤਿੰਨ ਗੁਣਾ ਵੱਧ ਕੇ 14.10 ਲੱਖ ਟਨ 'ਤੇ ਪਹੁੰਚ ਗਿਆ ਹੈ।
2019-20 ਦੇ ਸੀਜ਼ਨ 'ਚ ਇਸੇ ਮਿਆਦ 'ਚ ਇਹ 4.84 ਲੱਖ ਟਨ ਰਿਹਾ ਸੀ। ਮੰਗਲਵਾਰ ਨੂੰ ਭਾਰਤੀ ਖੰਡ ਮਿੱਲ ਸੰਗਠਨ (ਇਸਮਾ) ਨੇ ਇਹ ਜਾਣਕਾਰੀ ਦਿੱਤੀ।
ਭਾਰਤ ਵਿਸ਼ਵ 'ਚ ਦੂਜਾ ਸਭ ਤੋਂ ਵੱਡ ਖੰਡ ਉਤਪਾਦਕ ਮੁਲਕ ਹੈ। ਭਾਰਤ 'ਚ ਇਕ ਵਾਰ ਹੋਰ ਸਰਪਲੱਸ ਖੰਡ ਸਾਲ ਹੋਣ ਜਾ ਰਿਹਾ ਹੈ। ਇਸ ਨੂੰ ਲੈ ਕੇ ਉਦਯੋਗ ਸੰਗਠਨ ਨੇ ਕਿਹਾ ਕਿ ਉਹ ਬਰਾਮਦ ਅਤੇ ਬਫ਼ਰ ਸਟਾਕ ਬਣਾਉਣ ਲਈ ਸਰਕਾਰ ਦੇ ਨੀਤੀਗਤ ਫ਼ੈਸਲਿਆਂ ਦੀ ਉਡੀਕ ਕਰ ਰਿਹਾ ਹੈ। ਗੌਰਤਲਬ ਹੈ ਕਿ ਖ਼ਪਤ ਤੋਂ ਵੱਧ ਭੰਡਾਰ ਹੋਣ ਨਾਲ ਮਿੱਲਾਂ ਨੂੰ ਕੀਮਤਾਂ ਡਿੱਗਣ ਨਾਲ ਨੁਕਸਾਨ ਹੁੰਦਾ ਹੈ, ਲਿਹਾਜਾ ਇਸ ਨਾਲ ਕਿਸਾਨਾਂ ਨੂੰ ਭੁਗਤਾਨ 'ਚ ਵੀ ਦੇਰੀ ਹੁੰਦੀ ਹੈ। ਇਸ ਲਈ ਉਮੀਦ ਹੈ ਕਿ ਸਰਕਾਰ ਬਰਾਮਦ ਲਈ ਇਕ ਕੋਟਾ ਨਿਰਧਾਰਤ ਕਰ ਸਕਦੀ ਹੈ। ਇਸਮਾ ਨੇ ਕਿਹਾ ਕਿ ਲਗਭਗ 60-70 ਲੱਖ ਟਨ ਵਾਧੂ ਖੰਡ ਦੀ ਬਰਾਮਦ ਜਾਰੀ ਰੱਖਣ ਦੀ ਜ਼ਰੂਰਤ ਹੋਵੇਗੀ।
ਇਸਮਾ ਮੁਤਾਬਕ, ਪਿਛਲੇ ਸਾਲ ਦੇ ਮੁਕਾਬਲੇ ਮਹਾਰਾਸ਼ਟਰ ਅਤੇ ਕਰਨਾਟਕ 'ਚ ਚੰਗੀ ਬਾਰਿਸ਼ ਅਤੇ ਜਲ ਭੰਡਾਰਾਂ 'ਚ ਪਾਣੀ ਦੀ ਉਪਲਬਧਤਾ ਹੋਣ ਨਾਲ ਗੰਨੇ ਦੀ ਜ਼ਿਆਦਾ ਪੈਦਾਵਾਰ ਅਤੇ ਬਿਹਤਰ ਉਪਜ ਹੋਈ। ਇਸ ਨਾਲ ਅਕਤੂਬਰ 2020 ਦੇ ਅੰਤਿਮ ਹਫ਼ਤੇ ਦੌਰਾਨ ਪਿੜਾਈ ਸੀਜ਼ਨ ਦੀ ਚੰਗੀ ਸ਼ੁਰੂਆਤ ਹੋ ਸਕੀ ਹੈ।
RBI ਨੇ ਇਸ ਨਿੱਜੀ ਬੈਂਕ 'ਤੇ ਲਾਈ ਰੋਕ, 25 ਹਜ਼ਾਰ ਹੀ ਕਢਾ ਸਕਣਗੇ ਗਾਹਕ
NEXT STORY