ਨਵੀਂ ਦਿੱਲੀ— ਜੇਕਰ ਤੁਸੀਂ ਅਗਲੇ ਮਹੀਨੇ ਤੋਂ ਕਾਰ ਖਰੀਦਣ ਦਾ ਮਨ ਬਣਾ ਰਹੇ ਹੋ, ਤਾਂ ਇਹ ਖਬਰ ਤੁਹਾਡੇ ਲਈ ਅਹਿਮ ਹੈ। ਕਈ ਕਾਰ ਕੰਪਨੀਆਂ ਅਪ੍ਰੈਲ ਤੋਂ ਕੀਮਤਾਂ ਵਧਾ ਸਕਦੀਆਂ ਹਨ। ਟਾਟਾ ਮੋਟਰਜ਼ ਨੇ ਇਹ ਪਹਿਲ ਕਰ ਦਿੱਤੀ ਹੈ, ਯਾਨੀ ਹੁਣ ਟਾਟਾ ਦੀ ਕਾਰ ਖਰੀਦਣੀ ਮਹਿੰਗੀ ਹੋ ਗਈ ਹੈ। ਟਾਟਾ ਮੋਟਰਜ਼ ਨੇ ਆਪਣੀਆਂ ਕਾਰਾਂ ਦੀ ਕੀਮਤ 60,000 ਰੁਪਏ ਤਕ ਵਧਾਉਣ ਦਾ ਐਲਾਨ ਕੀਤਾ ਹੈ। ਨਵੇਂ ਰੇਟ 1 ਅਪ੍ਰੈਲ ਤੋਂ ਲਾਗੂ ਹੋ ਜਾਣਗੇ। ਕੰਪਨੀ ਨੇ ਬਿਆਨ 'ਚ ਕਿਹਾ ਕਿ ਵਾਹਨ ਨਿਰਮਾਣ ਦੀ ਲਾਗਤ ਵਧਣ ਦੇ ਮੱਦੇਨਜ਼ਰ ਉਸ ਨੇ ਇਹ ਫੈਸਲਾ ਲਿਆ ਹੈ। ਟਾਟਾ ਕੰਪਨੀ 2.28 ਲੱਖ ਰੁਪਏ ਦੀ ਛੋਟੀ ਕਾਰ ਨੈਨੋ ਤੋਂ ਲੈ ਕੇ 17.42 ਲੱਖ ਰੁਪਏ ਤਕ ਦੀ ਐੱਸ. ਯੂ. ਵੀ. ਹੈਕਸਾ ਮਾਡਲ ਤਕ ਦੀਆਂ ਕਾਰਾਂ ਵੇਚਦੀ ਹੈ। ਕੰਪਨੀ ਵੱਲੋਂ ਮਾਡਲ ਦੇ ਹਿਸਾਬ ਨਾਲ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ।
ਟਾਟਾ ਮੋਟਰਜ਼ (ਯਾਤਰੀ ਵਾਹਨ ਕਾਰੋਬਾਰ) ਦੇ ਮੁਖੀ ਮਯੰਕ ਪਾਰਿਕ ਨੇ ਕਿਹਾ, ''ਇਨਪੁਟ ਕਾਸਟ ਵਧਣ, ਬਾਜ਼ਾਰ ਦੇ ਬਦਲਦੇ ਹਾਲਾਤ ਅਤੇ ਵੱਖ-ਵੱਖ ਆਰਥਿਕ ਕਾਰਕਾਂ ਨੇ ਸਾਨੂੰ ਕੀਮਤਾਂ ਵਧਾਉਣ 'ਤੇ ਵਿਚਾਰ ਕਰਨ ਲਈ ਮਜ਼ਬੂਰ ਕੀਤਾ ਹੈ।'' ਹਾਲਾਂਕਿ ਉਨ੍ਹਾਂ ਨੇ ਉਮੀਦ ਜਤਾਈ ਕਿ ਆਉਣ ਵਾਲੇ ਸਾਲਾਂ 'ਚ ਕੰਪਨੀ ਦੀ ਗ੍ਰੋਥ ਇਸੇ ਤਰ੍ਹਾਂ ਕਾਇਮ ਰਹੇਗੀ। ਕੰਪਨੀ ਨੂੰ ਟਿਆਗੋ, ਹੈਕਸਾ, ਟਿਗੋਰ ਅਤੇ ਨੈਕਸਨ ਦੇ ਦਮ 'ਤੇ ਕਾਰ ਬਾਜ਼ਾਰ 'ਚ ਮਜ਼ਬੂਤੀ ਨਾਲ ਖੜ੍ਹੇ ਰਹਿਣ ਦੀ ਆਸ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਜਰਮਨ ਦੀ ਲਗਜ਼ਰੀ ਕਾਰ ਕੰਪਨੀ ਆਡੀ ਨੇ ਆਪਣੇ ਵਾਹਨਾਂ ਦੀ ਕੀਮਤ 'ਚ 1 ਤੋਂ 9 ਲੱਖ ਰੁਪਏ ਤਕ ਦਾ ਵਾਧਾ ਕਰਨ ਦਾ ਐਲਾਨ ਕੀਤਾ ਸੀ, ਜੋ ਕਿ 1 ਅਪ੍ਰੈਲ ਤੋਂ ਲਾਗੂ ਹੋ ਜਾਵੇਗਾ। ਆਡੀ ਨੇ ਇਹ ਫੈਸਲਾ ਬਜਟ 'ਚ ਸਰਕਾਰ ਵੱਲੋਂ ਵਧਾਈ ਗਈ ਕਸਟਮ ਡਿਊਟੀ ਦੇ ਬਾਅਦ ਲਿਆ ਹੈ। ਭਾਰਤੀ ਬਾਜ਼ਾਰ ਦੀ ਦਿੱਗਜ ਕੰਪਨੀ ਟਾਟਾ ਮੋਟਰਜ਼ ਵੱਲੋਂ ਕੀਮਤਾਂ ਵਧਾਉਣ ਦੇ ਐਲਾਨ ਦੇ ਬਾਅਦ ਹੋਰ ਕੰਪਨੀਆਂ ਵੀ ਅਜਿਹਾ ਕਦਮ ਜਲਦ ਚੁੱਕ ਸਕਦੀਆਂ ਹਨ।
ਵਿਨਿਰਮਾਣ ਕੰਪਨੀਆਂ ਦੀ ਵਿਕਰੀ ਤੀਜੀ ਤਿਮਾਹੀ 'ਚ ਸੁਧਰੀ : RBI
NEXT STORY