ਬਿਜ਼ਨੈੱਸ ਡੈਸਕ : ਅੰਤਰਰਾਸ਼ਟਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਕਾਰਣ ਪਿਛਲੇ ਦੋ ਮਹੀਨਿਆਂ ’ਚ ਦੇਸ਼ ਵਿਚ ਪੈਟਰੋਲ 9 ਫੀਸਦੀ ਤੇ ਡੀਜ਼ਲ 10 ਫੀਸਦੀ ਤੋਂ ਵੱਧ ਮਹਿੰਗਾ ਹੋਇਆ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ, ਰਾਸ਼ਟਰੀ ਰਾਜਧਾਨੀ ਦਿੱਲੀ ’ਚ ਜੂਨ ਵਿਚ ਪੈਟਰੋਲ ਦੀ ਕੀਮਤ 4.58 ਰੁਪਏ ਤੇ ਡੀਜ਼ਲ ਦੀ ਕੀਮਤ 4.03 ਰੁਪਏ ਵਧ ਚੁੱਕੀ ਹੈ। ਇਸ ਨਾਲ ਮਈ ਵਿਚ ਵੀ ਪੈਟਰੋਲ 3.83 ਰੁਪਏ ਤੇ ਡੀਜ਼ਲ 4.42 ਰੁਪਏ ਮਹਿੰਗਾ ਹੋਇਆ ਸੀ। ਇਸ ਤਰ੍ਹਾਂ ਦੋ ਮਹੀਨਿਆਂ ਵਿਚ ਪੈਟਰੋਲ 8.41 ਰੁਪਏ (9.30 ਫੀਸਦੀ) ਤੇ ਡੀਜ਼ਲ 8.45 ਰੁਪਏ (10.47 ਫੀਸਦੀ) ਮਹਿੰਗਾ ਹੋ ਚੁੱਕਾ ਹੈ।
ਇਹ ਵੀ ਪੜ੍ਹੋ : GST ਦੇ 4 ਸਾਲ ਪੂਰੇ, ਵਿੱਤ ਮੰਤਰਾਲਾ ਨੇ ਟੈਕਸਦਾਤਿਆਂ ਤੇ ਦਾਖਲ ਰਿਟਰਨਾਂ ਨੂੰ ਲੈ ਕੇ ਕਹੀਆਂ ਵੱਡੀਆਂ ਗੱਲਾਂ
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਦਾ ਮੌਜੂਦਾ ਸਿਲਸਿਲਾ 4 ਮਈ ਤੋਂ ਸ਼ੁੁਰੂ ਹੋਇਆ ਸੀ। ਇਸ ਤੋਂ ਪਹਿਲਾਂ ਮਾਰਚ ਤੇ ਅਪ੍ਰੈਲ ’ਚ ਦੋਵਾਂ ਈਂਧਣਾਂ ਦੀਆਂ ਕੀਮਤਾਂ ਵਿਚ ਮਾਮੂਲੀ ਕਟੌਤੀ ਕੀਤੀ ਗਈ ਸੀ। ਮਈ ਵਿਚ 16 ਦਿਨ ਕੀਮਤਾਂ ਵਧਾਈਆਂ ਗਈਆਂ ਸਨ, ਜਦਕਿ ਬਾਕੀ 15 ਦਿਨ ਕੋਈ ਬਦਲਾਅ ਨਹੀਂ ਹੋਇਆ ਸੀ। ਜੂਨ ਵਿਚ ਵੀ 16 ਦਿਨ ਕੀਮਤਾਂ ਵਧੀਆਂ ਹਨ, ਜਦਕਿ 14 ਦਿਨ ਸਥਿਰ ਰਹੀਆਂ ਹਨ। ਕੀਮਤਾਂ ਵਿਚ ਵਾਧੇ ਦੀ ਮੁੱਖ ਵਜ੍ਹਾ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ’ਚ ਵਾਧਾ ਹੈ। ਕੱਚੇ ਤੇਲ ਦਾ ਮਾਣਕ ਮੰਨੇ ਜਾਣ ਵਾਲੇ ਲੰਡਨ ਦੇ ਬ੍ਰੈਂਟ ਕਰੂਡ ਵਾਅਦਾ ਦੀ ਕੀਮਤ 30 ਅਪ੍ਰੈਲ ਨੂੰ 67.66 ਡਾਲਰ ਪ੍ਰਤੀ ਬੈਰਲ ਸੀ, ਜੋ ਇਸ ਸਮੇਂ ਵਧ ਕੇ 75 ਡਾਲਰ ਪ੍ਰਤੀ ਬੈਰਲ ਦੇ ਨੇੜੇ ਪਹੁੰਚ ਚੁੱਕੀ ਹੈ।
ਦੇਸ਼ ਵਿਚ ਪੈਟਰੋਲ-ਡੀਜ਼ਲ ਦੀਆਂ ਉੱਚੀਆਂ ਕੀਮਤਾਂ ਵਿਚ ਅੱਧੇ ਤੋਂ ਵੀ ਵੱਧ ਹਿੱਸਾ ਇਨ੍ਹਾਂ ’ਤੇ ਲੱਗਣ ਵਾਲੇ ਭਾਰੀ ਟੈਕਸ ਨਾਲ ਬਣਦਾ ਹੈ। ਕੇਂਦਰ ਤੇ ਸੂਬਾ ਸਰਕਾਰਾਂ ਦੀ ਕਮਾਈ ਦਾ ਬਹੁਤ ਵੱਡਾ ਮਾਧਿਅਮ ਪੈਟਰੋਲੀਅਮ ਉਤਪਾਦਾਂ ’ਤੇ ਟੈਕਸ ਤੇ ਫੀਸ ਹਨ। ਇਸੇ ਕਾਰਨ ਪੈਟਰੋਲੀਅਮ ਉਤਪਾਦਾਂ ਨੂੰ ਵਸਤੂ ਤੇ ਸੇਵਾ ਕਰ (ਜੀ. ਐੱਸ. ਟੀ.) ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ 16 ਜੂਨ ਦੇ ਆਖਰੀ ਮੁਹੱਈਆ ਅੰਕੜਿਆਂ ਦੇ ਅਨੁਸਾਰ ਪੈਟਰੋਲ ਦਾ ਮੁੱਲ 96.66 ਰੁਪਏ ਪ੍ਰਤੀ ਲੀਟਰ ਸੀ। ਇਸ ਵਿਚ ਇੰਡੀਅਨ ਆਇਲ ਰਿਫਾਇਨਰੀ ਤੋਂ ਨਿਕਲਣ ਵਾਲੇ ਪੈਟਰੋਲ ਦੀ ਕੀਮਤ 37.29 ਰੁਪਏ ਸੀ। ਔਸਤਨ 36 ਪੈਸੇ ਦੀ ਆਵਾਜਾਈ ਲਾਗਤ ਨਾਲ ਪੈਟਰੋਲ ਪੰਪ ਮਾਲਕਾਂ ਨੂੰ ਪੈਟਰੋਲ 37.65 ਰੁਪਏ ਪ੍ਰਤੀ ਲੀਟਰ ਮਿਲਿਆ। ਡੀਲਰ ਨੂੰ ਪ੍ਰਤੀ ਲੀਟਰ 3.80 ਰੁਪਏ ਦਾ ਕਮਿਸ਼ਨ ਮਿਲਿਆ।
ਇਸ ’ਤੇ ਕੇਂਦਰ ਸਰਕਾਰ ਦੀ 37.65 ਰੁੁਪਏ ਦੀ ਉਤਪਾਦ ਫੀਸ ਤੇ ਸੂਬਾ ਸਰਕਾਰ ਦਾ 22.31 ਰੁਪਏ ਦਾ ਵੈਟ ਜੁੜਨ ਤੋਂ ਬਾਅਦ ਕੀਮਤ 96.66 ਰੁੁਪਏ ਪ੍ਰਤੀ ਲੀਟਰ ਹੋ ਗਈ। ਇਸੇ ਤਰ੍ਹਾਂ 16 ਜੂਨ ਨੂੰ 87.41 ਰੁਪਏ ਵਿਚ ਵਿਕਣ ਵਾਲਾ ਡੀਜ਼ਲ ਡੀਲਰ ਨੂੰ 40.23 ਰੁਪਏ ਦਾ ਮਿਲਿਆ। ਡੀਲਰ ਦਾ ਕਮਿਸ਼ਲ 2.59 ਰੁਪਏ ਬਣਿਆ। ਡੀਲਰ ’ਤੇ ਕੇਂਦਰ ਸਰਕਾਰ 31.80 ਰੁਪਏ ਦੀ ਉਤਪਾਦ ਫੀਸ ਲੈਂਦੀ ਹੈ, ਜਦਕਿ ਦਿੱਲੀ ਸਰਕਾਰ 12.79 ਰੁਪਏ ਵੈਟ ਲੈਂਦੀ ਹੈ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੀ ਰੋਜ਼ਾਨਾ ਸਮੀਖਿਆ ਹੁੰਦੀ ਹੈ ਤੇ ਉਸ ਦੇ ਆਧਾਰ ’ਤੇ ਹਰ ਦਿਨ ਸਵੇਰੇ 6 ਵਜੇ ਤੋਂ ਨਵੀਆਂ ਕੀਮਤਾਂ ਲਾਗੂ ਕੀਤੀਆਂ ਜਾਂਦੀਆਂ ਹਨ। ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਕੀਤਾ।
ਡਾਲਰ ’ਚ ਤੇਜ਼ੀ ਕਾਰਨ ਸੋਨੇ ’ਚ ਆਈ ਭਾਰੀ ਗਿਰਾਵਟ, ਜਾਣੋ ਕਿੰਨਾ ਹੋਇਆ ਸਸਤਾ
NEXT STORY