ਨਵੀਂ ਦਿੱਲੀ: ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਕੇਂਦਰ ਸਰਕਾਰ ਨੇ ਸਾਲ 2026 ਲਈ ਪਦਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਵਾਰ ਕੁੱਲ 131 ਲੋਕਾਂ ਨੂੰ ਇਨ੍ਹਾਂ ਵੱਕਾਰੀ ਸਨਮਾਨਾਂ ਲਈ ਚੁਣਿਆ ਗਿਆ ਹੈ, ਜਿਨ੍ਹਾਂ ਵਿੱਚ 5 ਪਦਮ ਵਿਭੂਸ਼ਣ, 13 ਪਦਮ ਭੂਸ਼ਣ ਅਤੇ 113 ਪਦਮ ਸ਼੍ਰੀ ਸ਼ਾਮਲ ਹਨ। ਇਹ ਪੁਰਸਕਾਰ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਬੇਮਿਸਾਲ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਦਿੱਤੇ ਜਾ ਰਹੇ ਹਨ।
ਇਨ੍ਹਾਂ ਦਿੱਗਜਾਂ ਨੂੰ ਮਿਲੇਗਾ 'ਪਦਮ ਵਿਭੂਸ਼ਣ'
ਦੇਸ਼ ਦਾ ਦੂਜਾ ਸਭ ਤੋਂ ਵੱਡਾ ਨਾਗਰਿਕ ਸਨਮਾਨ, ਪਦਮ ਵਿਭੂਸ਼ਣ, ਇਸ ਵਾਰ ਤਿੰਨ ਉੱਘੀਆਂ ਹਸਤੀਆਂ ਨੂੰ ਮਰਨ ਉਪਰੰਤ ਦਿੱਤਾ ਜਾ ਰਿਹਾ ਹੈ। ਇਨ੍ਹਾਂ ਵਿੱਚ ਕੇਰਲ ਦੇ ਸਾਬਕਾ ਮੁੱਖ ਮੰਤਰੀ ਵੀ.ਐੱਸ. ਅਚੁਤਾਨੰਦਨ, ਮਸ਼ਹੂਰ ਅਦਾਕਾਰ ਧਰਮਿੰਦਰ ਅਤੇ ਝਾਰਖੰਡ ਮੁਕਤੀ ਮੋਰਚਾ (JMM) ਦੇ ਸੰਸਥਾਪਕ ਸ਼ਿਬੂ ਸੋਰੇਨ ਦੇ ਨਾਂ ਸ਼ਾਮਲ ਹਨ।
ਪਦਮ ਭੂਸ਼ਣ ਨਾਲ ਸਨਮਾਨਿਤ ਹੋਣਗੀਆਂ ਇਹ ਹਸਤੀਆਂ
ਉੱਚ ਪੱਧਰੀ ਵਿਸ਼ੇਸ਼ ਸੇਵਾਵਾਂ ਲਈ ਦਿੱਤਾ ਜਾਣ ਵਾਲਾ ਪਦਮ ਭੂਸ਼ਣ ਸਨਮਾਨ ਇਸ ਵਾਰ ਗਾਇਕਾ ਅਲਕਾ ਯਾਗਨਿਕ, ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਭਗਤ ਸਿੰਘ ਕੋਸ਼ਿਆਰੀ, ਦੱਖਣ ਭਾਰਤੀ ਫਿਲਮਾਂ ਦੇ ਸੁਪਰਸਟਾਰ ਮਮੂਟੀ ਅਤੇ ਮਸ਼ਹੂਰ ਬੈਂਕਰ ਉਦੈ ਕੋਟਕ ਨੂੰ ਦਿੱਤਾ ਜਾਵੇਗਾ।
ਕਾਰੋਬਾਰੀ ਜਗਤ ਦੀਆਂ ਪ੍ਰਮੁੱਖ ਹਸਤੀਆਂ ਦੀ ਚੋਣ
ਸਰਕਾਰ ਨੇ ਇਸ ਵਾਰ ਕਾਰੋਬਾਰ ਅਤੇ ਉਦਯੋਗ ਜਗਤ ਦੇ ਕਈ ਵੱਡੇ ਨਾਵਾਂ ਨੂੰ ਵੀ ਪਦਮ ਸਨਮਾਨਾਂ ਨਾਲ ਨਿਵਾਜਿਆ ਹੈ:
• ਉਦੈ ਕੋਟਕ: ਬੈਂਕਿੰਗ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਲਈ 'ਪਦਮ ਭੂਸ਼ਣ'।
• ਸਤਿਆਨਾਰਾਇਣ ਨੁਵਾਲ: ਸੋਲਰ ਇੰਡਸਟਰੀਜ਼ ਇੰਡੀਆ ਦੇ ਪ੍ਰਧਾਨ, ਰੱਖਿਆ ਖੇਤਰ ਵਿੱਚ ਸਵਦੇਸ਼ੀ ਗੋਲਾ-ਬਾਰੂਦ ਲਈ 'ਪਦਮ ਸ਼੍ਰੀ'।
• ਟੀਟੀ ਜਗਨਨਾਥਨ (ਮਰਨ ਉਪਰੰਤ): 'ਪ੍ਰੈਸ਼ਰ ਕੁੱਕਰ ਕਿੰਗ' ਵਜੋਂ ਜਾਣੇ ਜਾਂਦੇ TTK ਗਰੁੱਪ ਦੇ ਮੁਖੀ ਨੂੰ 'ਪਦਮ ਸ਼੍ਰੀ'।
• ਅਸ਼ੋਕ ਖਾੜੇ: ਕਾਰਪੋਰੇਟ ਜਗਤ ਵਿੱਚ ਨਾਮ ਕਮਾਉਣ ਵਾਲੇ ਦਲਿਤ ਉੱਦਮੀ ਨੂੰ 'ਪਦਮ ਸ਼੍ਰੀ'।
• ਨੀਲੇਸ਼ ਮੰਡਲੇਵਾਲਾ: ਸਮਾਜ ਸੇਵਾ ਅਤੇ ਟੈਕਸਟਾਈਲ ਕਾਰੋਬਾਰ ਲਈ 'ਪਦਮ ਸ਼੍ਰੀ'।
ਕੀ ਹਨ ਪਦਮ ਪੁਰਸਕਾਰ?
ਪਦਮ ਪੁਰਸਕਾਰ ਭਾਰਤ ਦੇ ਸਰਵਉੱਚ ਨਾਗਰਿਕ ਸਨਮਾਨਾਂ ਵਿੱਚੋਂ ਇੱਕ ਹਨ, ਜੋ ਤਿੰਨ ਸ਼੍ਰੇਣੀਆਂ—ਪਦਮ ਵਿਭੂਸ਼ਣ (ਅਸਧਾਰਨ ਸੇਵਾ), ਪਦਮ ਭੂਸ਼ਣ (ਉੱਚ ਪੱਧਰੀ ਸੇਵਾ) ਅਤੇ ਪਦਮ ਸ਼੍ਰੀ (ਵਿਸ਼ੇਸ਼ ਯੋਗਦਾਨ) ਵਿੱਚ ਦਿੱਤੇ ਜਾਂਦੇ ਹਨ। ਸਰਕਾਰ ਅਨੁਸਾਰ ਇਨ੍ਹਾਂ ਪੁਰਸਕਾਰਾਂ ਲਈ ਉਨ੍ਹਾਂ ਲੋਕਾਂ ਨੂੰ ਚੁਣਿਆ ਜਾਂਦਾ ਹੈ ਜਿਨ੍ਹਾਂ ਦੇ ਕੰਮ ਵਿੱਚ ਜਨਸੇਵਾ ਦਾ ਤੱਤ ਹੋਵੇ ਤਾਂ ਜੋ ਸਮਾਜ ਉਨ੍ਹਾਂ ਤੋਂ ਪ੍ਰੇਰਨਾ ਲੈ ਸਕੇ।
ਮੰਗਲਵਾਰ ਨੂੰ Bank ਖੁੱਲ੍ਹੇ ਰਹਿਣਗੇ ਜਾਂ ਬੰਦ? ਬੈਂਕ ਜਾਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ
NEXT STORY