ਮੁੰਬਈ— ਦੀਵਾਲੀ 'ਤੇ ਗਾਹਕਾਂ ਨੂੰ ਆਕਰਸ਼ਤ ਕਰਨ ਲਈ ਕਾਰ ਕੰਪਨੀਆਂ ਵੱਲੋਂ ਬੰਪਰ ਡਿਸਕਾਊਂਟ ਦਿੱਤੇ ਜਾ ਸਕਦੇ ਹਨ। ਕੰਪਨੀਆਂ ਨੂੰ ਲੱਗਦਾ ਹੈ ਕਿ ਪੈਟਰੋਲ-ਡੀਜ਼ਲ ਅਤੇ ਬੀਮਾ ਮਹਿੰਗਾ ਹੋਣ ਨਾਲ ਇਸ ਵਾਰ ਤਿਉਹਾਰੀ ਸੀਜ਼ਨ 'ਚ ਮੰਗ ਫਿੱਕੀ ਰਹਿ ਸਕਦੀ ਹੈ, ਜਿਸ ਨਾਲ ਉਨ੍ਹਾਂ ਦੀ ਸੇਲ ਨੂੰ ਧੱਕਾ ਲੱਗੇਗਾ। ਇਸ ਨੂੰ ਦੇਖਦੇ ਹੋਏ ਮੰਨਿਆ ਜਾ ਰਿਹਾ ਹੈ ਕਿ ਆਟੋਮੋਬਾਇਲ ਕੰਪਨੀਆਂ ਦੀਵਾਲੀ 'ਤੇ ਸੇਲ ਵਧਾਉਣ ਲਈ ਚੰਗੇ ਆਫਰ ਲਿਆ ਸਕਦੀਆਂ ਹਨ। ਡੀਲਰਾਂ ਨੇ ਕਿਹਾ ਕਿ ਨਰਾਤਿਆਂ ਤੋਂ ਲੈ ਕੇ ਦੀਵਾਲੀ ਤਕ ਦੇ 40 ਦਿਨਾਂ ਦੇ ਤਿਉਹਾਰੀ ਸੀਜ਼ਨ 'ਚ ਆਟੋਮੋਬਾਇਲ ਕੰਪਨੀਆਂ ਦੀ ਸੇਲ ਕਾਫੀ ਬਿਹਤਰ ਹੁੰਦੀ ਹੈ ਪਰ ਇਸ ਵਾਰ ਮਹਿੰਗੇ ਪੈਟਰੋਲ-ਡੀਜ਼ਲ ਅਤੇ ਬੀਮਾ ਪ੍ਰੀਮੀਅਮ ਵਧਣ ਕਾਰਨ ਗਾਹਕ ਖਰੀਦਦਾਰੀ ਤੋਂ ਪਿੱਛੇ ਹੱਟ ਰਹੇ ਹਨ।
ਉੱਥੇ ਹੀ ਸੁਸਤ ਗਾਹਕੀ ਵਿਚਕਾਰ ਦੋਪਹੀਆ ਨਿਰਮਾਤਾਵਾਂ ਨੇ ਆਸ ਨਹੀਂ ਛੱਡੀ ਹੈ, ਉਨ੍ਹਾਂ ਵੱਲੋਂ ਡੀਲਰਾਂ ਨੂੰ ਭਾਰੀ ਗਿਣਤੀ 'ਚ ਮਾਲ ਭੇਜਿਆ ਜਾ ਰਿਹਾ ਹੈ। ਹਾਲਾਂਕਿ ਮੰਗ 'ਚ ਕੋਈ ਵਾਧਾ ਨਾ ਦਿਸਣ ਕਾਰਨ ਡੀਲਰਾਂ ਨੂੰ ਚਿੰਤਾ ਸਤਾ ਰਹੀ ਹੈ ਅਤੇ ਉਨ੍ਹਾਂ ਨੂੰ ਖੁਦ ਦੇ ਦਮ 'ਤੇ ਡਿਸਕਾਊਂਟ ਦੇਣਾ ਪਵੇਗਾ।
ਇਕ ਕਾਰ ਕੰਪਨੀ ਦੇ ਡੀਲਰ ਨੇ ਕਿਹਾ ਕਿ ਲੋਕਾਂ ਵੱਲੋਂ ਗੱਡੀ ਖਰੀਦਣ ਬਾਰੇ ਪੁੱਛਗਿੱਛ ਤਾਂ ਕੀਤੀ ਜਾ ਰਹੀ ਹੈ ਪਰ ਇਹ ਸੇਲ 'ਚ ਨਹੀਂ ਬਦਲ ਰਹੀ। ਓਧਰ ਬਾਜ਼ਾਰ ਲੀਡਰ ਮਾਰੂਤੀ ਸੁਜ਼ੂਕੀ ਨੇ ਵੀ ਇਸ ਤਰ੍ਹਾਂ ਦੀ ਉਮੀਦ ਜਤਾਈ। ਉਸ ਨੇ ਕਿਹਾ ਕਿ ਵਿੱਤੀ ਸਾਲ 2018-19 ਦੀ ਦੂਜੀ ਛਿਮਾਹੀ ਸੇਲ ਦੇ ਲਿਹਾਜ ਨਾਲ ਫਿੱਕੀ ਰਹੇਗੀ। ਤਿਉਹਾਰੀ ਸੀਜ਼ਨ ਦੇ ਸ਼ੁਰੂ 'ਚ ਮਾਰੂਤੀ ਸੁਜ਼ੂਕੀ ਨੇ ਇਸ ਵਾਰ ਕਾਰਾਂ 'ਤੇ ਪਿਛਲੇ ਸਾਲ ਨਾਲੋਂ ਤਕਰੀਬਨ 3,600 ਰੁਪਏ ਵਧ ਡਿਸਕਾਊਂਟ ਪੇਸ਼ ਕੀਤਾ ਸੀ। ਕੁਝ ਕੰਪਨੀਆਂ ਨੂੰ ਉਮੀਦ ਹੈ ਕਿ ਦੀਵਾਲੀ 'ਤੇ ਸੇਲ 'ਚ ਵਾਧਾ ਹੋਵੇਗਾ। ਮੋਟਰਸਾਈਕਲ ਅਤੇ ਸਕੂਟਰ ਕੰਪਨੀ ਹੀਰੋ ਮੋਟੋ ਕਾਰਪ ਨੂੰ ਆਸ ਹੈ ਕਿ ਦੀਵਾਲੀ 'ਤੇ ਜਾ ਕੇ ਸੇਲ 'ਚ ਬੂਸਟ ਹੋਵੇਗਾ। ਬਜਾਜ ਆਟੋ ਨੇ ਤਾਂ ਮੋਟਰਸਾਈਕਲਾਂ 'ਤੇ ਆਕਰਸ਼ਤ ਛੋਟ ਵੀ ਐਲਾਨ ਕਰ ਦਿੱਤੀ ਹੈ। ਫਿਲਹਾਲ ਦੀਵਾਲੀ ਤੋਂ ਬਾਅਦ ਜਾਰੀ ਹੋਣ ਵਾਲੇ ਕੰਪਨੀਆਂ ਦੇ ਵਿਕਰੀ ਅੰਕੜਿਆਂ ਤੋਂ ਹੀ ਹੁਣ ਪਤਾ ਲੱਗੇਗਾ ਕਿ ਕੀ ਤਿਉਹਾਰੀ ਸੀਜ਼ਨ 'ਚ ਸੇਲ ਨੇ ਕਿੰਨੀ ਰਫਤਾਰ ਫੜੀ।
ਫੈਕਟਰੀ ਲਾਇਸੈਂਸ ਲਈ ਅਦਾਲਤ ਪਹੁੰਚੇ ਉਦਯੋਗਪਤੀ
NEXT STORY