ਨਵੀਂ ਦਿੱਲੀ- ਤਾਈਵਾਨ ਦੀ ਕੰਪਨੀ ਵਿਸਟ੍ਰੋਨ ਕਾਰਪੋਰੇਸ਼ਨ ਨੇ ਕੰਪਨੀ ਦੇ ਉਪ ਮੁਖੀ ਨੂੰ ਬਰਖ਼ਾਸਤ ਕਰ ਦਿੱਤਾ ਹੈ। ਉਨ੍ਹਾਂ ਦੀ ਜ਼ਿੰਮੇਵਾਰੀ ਭਾਰਤ ਵਿਚ ਆਈਫੋਨ ਨਿਰਮਾਣ ਦੇ ਕਾਰੋਬਾਰ ਨੂੰ ਵੇਖਣਾ ਸੀ। ਇਹ ਕਦਮ ਹਾਲ ਹੀ ਵਿਚ ਕਰਨਾਟਕ ਦੇ ਕੋਲਾਰ ਵਿਚ ਕੰਪਨੀ ਦੇ ਪਲਾਂਟ ਦੇ ਵਿਚ ਹੋਈ ਭੰਨ-ਤੋੜ ਤੋਂ ਬਾਅਦ ਲਿਆ ਗਿਆ ਹੈ। ਵਿਸਟ੍ਰੋਨ ਨੇ ਸ਼ਨੀਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ ਕਰਮਚਾਰੀਆਂ ਨੇ ਉਨ੍ਹਾਂ ਨੂੰ ਪੂਰੇ ਪੈਸੇ ਨਾ ਮਿਲਣ ਅਤੇ ਕੰਮ ਦੀ ਖ਼ਰਾਬ ਸਥਿਤੀ ਕਾਰਨ ਇਹ ਕਦਮ ਚੁੱਕੇ ਸਨ। ਕੰਪਨੀ ਨੇ ਆਪਣੇ ਬਿਆਨ ਵਿਚ ਸਾਰੇ ਕਰਮਚਾਰੀਆਂ ਤੋਂ ਮੁਆਫ਼ੀ ਵੀ ਮੰਗੀ ਹੈ।
ਵਿਸਟ੍ਰੋਨ ਵਰਕਰਾਂ ਨੇ ਤਨਖਾਹਾਂ ਦੀ ਪੂਰੀ ਅਦਾਇਗੀ ਨਾ ਹੋਣ ਕਾਰਨ 12 ਦਸੰਬਰ ਨੂੰ ਪਲਾਂਟ ਵਿਚ ਭੰਨ-ਤੋੜ ਕੀਤੀ ਸੀ। ਇਸ ਘਟਨਾ ਕਾਰਨ ਤਾਈਵਾਨੀ ਕੰਟਰੈਕਟ ਮੈਨੂਫੈਕਚਰਿੰਗ ਕੰਪਨੀ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਅਤੇ ਪਲਾਂਟ ਬੰਦ ਕਰਨਾ ਪਿਆ।
ਵਰਕਰਾਂ ਨੇ ਇਹ ਵੀ ਸ਼ਿਕਾਇਤ ਕੀਤੀ ਸੀ ਕਿ ਔਰਤਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ ਪਰ ਉਨ੍ਹਾਂ ਲਈ ਕੋਈ ਢੁਕਵੀਂ ਵਿਵਸਥਾ ਨਹੀਂ ਹੈ। ਉਨ੍ਹਾਂ ਤੋਂ 8 ਦੀ ਬਜਾਏ 12 ਘੰਟੇ ਕੰਮ ਲਿਆ ਜਾਂਦਾ ਹੈ। ਤਾਈਵਾਨੀ ਕੰਪਨੀ ਵਿਸਟ੍ਰੋਨ ਕਾਰਪੋਰੇਸ਼ਨ ਨੇ ਕਿਹਾ ਹੈ ਕਿ ਕਰਨਾਟਕ ਦੇ ਕੋਲਾਰ ਜ਼ਿਲੇ ਵਿਚ ਉਸ ਦੇ ਪਲਾਂਟ ਵਿਚ ਕੁਝ ਕਰਮਚਾਰੀਆਂ ਵਲੋਂ ਕੀਤੀ ਗਈ ਹਿੰਸਾ ਕਾਰਨ ਉਸ ਨੂੰ 437 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਉੱਥੇ ਹੀ, ਕਰਨਾਟਕ ਦੇ ਫੈਕਟਰੀ ਵਿਭਾਗ ਅਨੁਸਾਰ, ਕੰਪਨੀ ਨੇ ਇਸ ਪਲਾਂਟ ਲਈ 5,000 ਸਟਾਫ ਦੀ ਇਜਾਜ਼ਤ ਲਈ ਸੀ, ਜਦੋਂ ਕਿ 10500 ਲੋਕ ਕੰਮ ਕਰ ਰਹੇ ਸਨ। ਐਪਲ ਵੀ ਫੈਕਟਰੀ ਦਾ ਆਡਿਟ ਕਰਾ ਰਹੀ ਹੈ। ਸਰਕਾਰੀ ਜਾਂਚ ਰਿਪੋਰਟ ਅਨੁਸਾਰ, ਵਿਸਟ੍ਰੋਨ ਨੇ ਅੱਠ ਘੰਟੇ ਦੀ ਸ਼ਿਫਟ ਨੂੰ ਅਕਤੂਬਰ ਵਿਚ ਵਧਾ ਕੇ 12 ਘੰਟੇ ਕਰ ਦਿੱਤਾ ਸੀ। ਓਵਰਟਾਈਮ ਨੂੰ ਨਵੀਂ ਤਨਖਾਹ ਵਿਚ ਸ਼ਾਮਲ ਕੀਤਾ ਗਿਆ ਸੀ, ਜਿਸ ਬਾਰੇ ਕਰਮਚਾਰੀ ਉਲਝਣ ਵਿਚ ਸਨ ਪਰ ਕੰਪਨੀ ਇਸ ਨੂੰ ਦੂਰ ਨਹੀਂ ਕਰ ਸਕੀ, ਨਾਲ ਹੀ ਉਸ ਨੇ ਲੇਬਰ ਵਿਭਾਗ ਨੂੰ ਨਵੀਂ ਵਰਕ ਸ਼ਿਫਟ ਬਾਰੇ ਨਹੀਂ ਦੱਸਿਆ।
ਸਵਿਟਜ਼ਰਲੈਂਡ ਨੇ ਵੀ ਫਾਈਜ਼ਰ-ਬਾਇਓਨਟੈਕ ਟੀਕੇ ਨੂੰ ਮਨਜ਼ੂਰੀ ਦਿੱਤੀ
NEXT STORY