ਸੁਲਤਾਨਪੁਰ ਲੋਧੀ (ਬਿਊਰੋ) : ਵਿਸ਼ਵ ਨਦੀ ਦਿਵਸ ’ਤੇ ਪਾਉਂਟਾ ਸਾਹਿਬ ’ਚ ਕਰਵਾਏ ਗਏ ਕਾਲਿੰਦੀ ਉਤਸਵ 2022 ਦੌਰਾਨ ਦੇਸ਼ ’ਚ ਪ੍ਰਦੂਸ਼ਿਤ ਹੋ ਰਹੀਆਂ ਨਦੀਆਂ ’ਤੇ ਚਿੰਤਾ ਪ੍ਰਗਟਾਈ ਗਈ। ਹਰਿ ਯਮੁਨਾ ਸਹਿਯੋਗ ਸੰਮਤੀ ਪਾਉਂਟਾ ਸਾਹਿਬ ਵੱਲੋਂ ਕਰਵਾਏ ਗਏ ਇਸ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਪਹੁੰਚੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਚੇਅਰਮੈਨ ਜਸਟਿਸ ਆਦਰਸ਼ ਗੋਇਲ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਵਾਤਾਵਰਣ ਦੇ ਪ੍ਰਦੂਸ਼ਿਤ ਹੋਣ ਨਾਲ ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ, ਜਿਸ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ। ਜਸਟਿਸ ਆਦਰਸ਼ ਗੋਇਲ ਨੇ ਕਿਹਾ ਕਿ ਦੇਸ਼ ਦੀਆਂ 351 ਨਦੀਆਂ ਅਧਿਕਾਰਤ ਤੌਰ ’ਤੇ ਪ੍ਰਦੂਸ਼ਿਤ ਦੱਸੀਆਂ ਜਾ ਰਹੀਆਂ ਹਨ ਪਰ ਅਸਲ ’ਚ ਇਹ ਗਿਣਤੀ ਜ਼ਿਆਦਾ ਹੈ। ਗੰਗਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਕਾਨਪੁਰ ’ਚ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ ਡਰੇਨਾਂ ਵਿਚ ਪੈ ਰਿਹਾ ਹੈ, ਉੱਥੇ ਫੈਕਟਰੀਆਂ ਦੀ ਰਹਿੰਦ-ਖੂੰਹਦ ਲੱਗੇ ਢੇਰਾਂ ’ਚ ਕ੍ਰੋਮੀਅਮ ਦੀ ਮਾਤਰਾ ਇੰਨੀ ਜ਼ਿਆਦਾ ਹੋ ਗਈ ਹੈ ਕਿ ਜਿਸ ਨਾਲ ਜ਼ਮੀਨ ਦਾ ਰੰਗ ਪੀਲਾ ਹੋ ਗਿਆ ਹੈ ਤੇ ਪਾਣੀ ਦਾ ਜੋ ਟੈਸਟ ਕਰਵਾਇਆ ਸੀ, ਪੂਰੀ ਤਰ੍ਹਾਂ ਜ਼ਹਿਰ ਸਾਬਿਤ ਹੋਇਆ। ਹਾਲਾਤ ਇਹ ਬਣ ਗਏ ਸੀ ਕਿ ਲਿਖ ਕੇ ਲਗਾਉਣਾ ਪਿਆ ਕਿ ਇਹ ਪਾਣੀ ਮਨੁੱਖੀ ਸਰੀਰ ਲਈ ਜ਼ਹਿਰ ਹੈ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਨੂੰ ਖ਼ਤਮ ਕਰਨ ਲਈ ਪਬਲਿਕ ਜਾਂ ਲੋਕਾਂ ਦੀ ਸ਼ਮੂਲੀਅਤ ਜ਼ਰੂਰੀ ਹੈ।
ਇਹ ਖ਼ਬਰ ਵੀ ਪੜ੍ਹੋ : ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਣ ਲਈ ਕੈਪਟਨ ਨੇ PM ਮੋਦੀ ਦਾ ਕੀਤਾ ਧੰਨਵਾਦ
ਇਸ ਮੌਕੇ ਸਮਗਾਮ ’ਚ ਉਚੇਚੇ ਤੌਰ ’ਤੇ ਪੰਜਾਬ ’ਚੋਂ ਸ਼ਾਮਿਲ ਹੋਏ ਐੱਨ. ਜੀ. ਟੀ. ਵੱਲੋਂ ਬਣਾਈ ਨਿਗਰਾਨ ਕਮੇਟੀ ਦੇ ਮੈਂਬਰ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪਾਉਂਟਾ ਸਾਹਿਬ ਇਕ ਇਤਿਹਾਸਿਕ ਅਸਥਾਨ ਹੈ। ਜਿੱਥੇ ਦੁਨੀਆ ਭਰ ਤੋਂ ਸਿੱਖ ਭਾਈਚਾਰਾ ਨਤਮਸਤਕ ਹੋਣ ਲਈ ਆਉਂਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਯਮੁਨਾ ਨਦੀ ਕਿਨਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ 52 ਕਵੀਆਂ ਨਾਲ ਦਰਬਾਰ ਲਾਇਆ ਕਰਦੇ ਸਨ, ਉਸੇ ਨਦੀ ’ਚ ਹੁਣ ਸ਼ਹਿਰ ਦੀ ਗੰਦਗੀ ਪਾਈ ਜਾ ਰਹੀ, ਜੋ ਬਹੁਤ ਦੁਖਦਾਇਕ ਹੈ। ਉਨ੍ਹਾਂ ਕਿਹਾ ਕਿ ਮੁਨਾਫੇ ਦੀ ਦੌੜ ’ਚ ਮਨੁੱਖ ਨੇ ਨਾ ਤਾਂ ਸੰਵਿਧਾਨ ਦੀ ਗੱਲ ਮੰਨੀ ਅਤੇ ਨਾ ਹੀ ਵੇਦਾਂ-ਸ਼ਾਸਤਰਾਂ ਤੇ ਗੁਰਬਾਣੀ ਦੇ ਉਪਦੇਸ਼ਾਂ ’ਤੇ ਅਮਲ ਕੀਤਾ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਦੇ ਸੰਕਟ ਨੇ ਹੁਣ ਇਕੱਲੇ ਮਨੁੱਖ ਨੂੰ ਹੀ ਨਹੀਂ ਸਗੋਂ ਸਮੁੱਚੀ ਕਾਇਨਾਤ ਨੂੰ ਆਪਣੇ ਲਪੇਟੇ ’ਚ ਲੈ ਲਿਆ ਹੈ। ਲੋਕ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ 1991 ਤੋਂ ਪਹਿਲਾਂ ਸ਼ਾਇਦ ਹੀ ਕਿਸੇ ਨੇ ਪੀਣ ਵਾਲੇ ਪਾਣੀ ਦੀ ਬੋਤਲ ਦੇਖੀ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਸਕੰਟ ਮਨੁੱਖ ਵੱਲੋਂ ਹੀ ਪੈਦਾ ਕੀਤਾ ਗਿਆ ਤੇ ਇਸ ਦਾ ਹੱਲ ਲਈ ਵੀ ਮਨੁੱਖ ਨੂੰ ਅੱਗੇ ਆਉਣਾ ਪਾਏਗਾ। ਉਨ੍ਹਾਂ ਪਵਿੱਤਰ ਕਾਲੀ ਵੇਈਂ ਦਾ ਜ਼ਿਕਰ ਕਰਦਿਆ ਕਿਹਾ ਕਿ ਉਹ ਨਦੀ ਵੀ ਲੋਕਾਂ ਦੇ ਸਹਿਯੋਗ ਨਾਲ ਸਾਫ਼ ਕੀਤੀ ਗਈ ਹੈ, ਜੋ ਇਸ ਸਮੇਂ ਦੇਸ਼ ਨਦੀਆਂ ਲਈ ਰਾਹ ਦਸੇਰਾ ਬਣੀ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ PGI ਤੋਂ ਮਿਲੀ ਛੁੱਟੀ
ਸਮਾਗਮ ਤੋਂ ਪਹਿਲਾਂ ਹਰਿ ਯਮੁਨਾ ਸਹਿਯੋਗ ਸੰਮਤੀ ਪਾਉਂਟਾ ਸਾਹਿਬ ਵੱਲੋਂ ਯਮੁਨਾ ਦੇ ਕਿਨਾਰੇ ਪੈਦਲ ਯਾਤਰਾ ਕੀਤੀ ਗਈ ਤੇ ਨਦੀ ਦੇ ਕਿਨਾਰਿਆਂ ’ਤੇ ਬੂਟੇ ਲਗਾਏ ਗਏ। ਇਸ ਮੌਕੇ ਸਮਾਗਮ ਦੌਰਾਨ ਹਿਮਾਚਲ ਪ੍ਰਦੇਸ਼ ਦੇ ਊਰਜਾ ਮੰਤਰੀ ਸੁੱਖ ਰਾਮ ਚੌਧਰੀ, ਜਸਟਿਸ (ਸੇਵਾ ਮੁਕਤ) ਪ੍ਰੀਤਮਪਾਲ, ਕੇਂਦਰੀ ਜਲ ਸ਼ਕਤੀ ਰਾਜ ਮੰਤਰੀ, ਜਸਟਿਸ ਪ੍ਰਮੋਦ ਕੋਹਲੀ, ਐੱਸ.ਪੀ ਸਿੰਘ ਓਬਰਾਏ, ਜਸਟਿਸ ਸੇਵਾ ਮੁਕਤ ਆਰ. ਐੱਸ. ਮੋਂਗਾ, ਚਰਨਜੀਤ ਰਾਏ, ਪ੍ਰੇਮ ਚੰਦ ਗੋਇਲ ਸਮਾਜ ਸੇਵੀ, ਮਹਾਰਾਜ ਰਾਮਦਾਸ ਜੀ ਆਦਿ ਹਾਜ਼ਰ ਸਨ।
ਮਹਿਲਾ ਕਿਸਾਨ ਯੂਨੀਅਨ ਨੇ ਮੀਂਹ ਕਾਰਨ ਬਰਬਾਦ ਹੋਈ ਫ਼ਸਲ ਦਾ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਕੀਤੀ ਮੰਗ
NEXT STORY