ਕਾਲਾ ਸੰਘਿਆਂ (ਨਿੱਝਰ) - ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸ਼ਹਿਰ ਦੇ ਟਰੀਟਮੈਂਟ ਪਲਾਂਟਾਂ ਅਤੇ ਕਾਲਾ ਸੰਘਿਆ ਡਰੇਨ ਦਾ ਨਿਰੀਖਣ ਕੀਤਾ ਗਿਆ। ਅੱਜ ਜਿਹੜੇ 6 ਟਰੀਟਮੈਂਟ ਪਲਾਂਟਾਂ ਦਾ ਨਿਰੀਖਣ ਕੀਤਾ ਗਿਆ, ਉਨ੍ਹਾਂ ਦੀ ਕਾਰਗੁਜ਼ਾਰੀ ਤੱਸਲੀ ਬਖ਼ਸ਼ ਨਹੀਂ ਸੀ। ਸੰਤ ਸੀਚੇਵਾਲ ਨੇ ਅਧਿਕਾਰੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਉਹ ਵੀਡੀਓ ਵੀ ਸੁਣਾਈ, ਜਿਸ ਵਿੱਚ ਉਹ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਬਾਰੇ ਤਿੱਖੀਆਂ ਟਿੱਪਣੀਆਂ ਕਰਦੇ ਹਨ। ਰਾਜ ਸਭਾ ਮੈਂਬਰ ਨੇ ਕਿਹਾ ਕਿ ਜਦੋਂ ਤੱਕ ਪਾਣੀ ਦੀ ਸਪਲਾਈ 135 ਲੀਟਰ ਪ੍ਰਤੀ ਦਿਨ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਨਹੀਂ ਕੀਤੀ ਜਾਂਦੀ ਉਦੋਂ ਤੱਕ ਟਰੀਟਮੈਂਟ ਪਲਾਂਟ ਫੇਲ੍ਹ ਹੁੰਦੇ ਰਹਿਣਗੇ। ਸੰਤ ਸੀਚੇਵਾਲ ਨੇ ਟਰੀਟਮੈਂਟ ਪਲਾਂਟਾਂ ਦੇ ਸੋਧੇ ਹੋਏ ਪਾਣੀ ਨੂੰ ਖੇਤੀ ਲਈ ਵਰਤੇ ਜਾਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਅਜਿਹਾ ਕਰਨ ਨਾਲ ਧਰਤੀ ਹੇਠਲਾ ਪਾਣੀ ਵੀ ਬਚਦਾ ਹੈ ਅਤੇ ਖਾਦਾਂ ਦੀ ਵਰਤੋਂ ਵੀ ਘੱਟ ਹੋਵੇਗੀ।
ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਨਗਰ ਨਿਗਮ ਦੇ ਕਮਿਸ਼ਨਰ ਸਮੇਤ ਹੋਰ ਅਧਿਕਾਰੀਆਂ ਨੇ ਕਾਲਾ ਸੰਘਿਆਂ ਡਰੇਨ ਦਾ ਦੌਰਾ ਕਰਦਿਆਂ ਇਕ ਚਮੜੇ ਦੀ ਰਹਿੰਦ-ਖੂੰਹਦ ਨੂੰ ਗੈਰ ਕਾਨੂੰਨੀ ਤੌਰ ‘ਤੇ ਸਾੜਨ ਅਤੇ ਟਰੀਟਮੈਂਟ ਪਲਾਂਟ ਨੂੰ ਜਾਂਦੀ ਸੀਵਰੇਜ ਦੀ ਹੌਦੀ ਤੋੜ ਕੇ ਗੰਦਾ ਅਤੇ ਜ਼ਹਿਰੀਲਾ ਪਾਣੀ ਕਾਲਾ ਸੰਘਿਆ ਡਰੇਨ ਵਿੱਚ ਪਾਉਣ ਦਾ ਮਾਮਲਾ ਫੜਿਆ। ਅੱਜ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬਸਤੀ ਪੀਰਦਾਦ ਦਾ 50 ਐੱਮ. ਐੱਲ. ਡੀ., ਫੋਲੜੀਵਾਲ ਵਿੱਚ ਲੱਗੇ ਚਾਰ ਟਰੀਟਮੈਂਟ ਪਲਾਂਟ ਜਿੰਨ੍ਹਾਂ ਦੀ ਸਮਰੱਥਾ ਕ੍ਰਮਵਾਰ 100 ਐੱਮ. ਐੱਲ. ਡੀ.,50 ਐੱਮ. ਐੱਲ. ਡੀ. ਅਤੇ ਦੋ 25-25 ਐੱਮ. ਐੱਲ. ਡੀ. ਹੈ ਅਤੇ ਬੰਬੀਆਂਵਾਲ ਦੇ 10 ਐੱਮ. ਐੱਲ. ਡੀ. ਪਲਾਂਟ ਦਾ ਦੌਰਾ ਕੀਤਾ। ਨਗਰ ਨਿਗਮ ਦੇ ਕਮਿਸ਼ਨਰ ਅਭੀਜੀਤ ਕਪਲੀਸ਼ ਨੇ ਕਿਹਾ ਉਹ ਇੰਨ੍ਹਾਂ ਸਾਰੇ ਟਰੀਟਮੈਂਟ ਪਲਾਂਟਾਂ ਦੀ 25 ਦਿਨਾਂ ਬਾਅਦ ਰੀਵਿਊ ਰਿਪੋਰਟ ਪੇਸ਼ ਕਰਨਗੇ। ਬਸਤੀ ਪੀਰਦਾਦ ਵਿੱਚ ਲੱਗਣ ਵਾਲੇ 15 ਐੱਮ. ਐੱਲ. ਡੀ. ਦੇ ਟਰੀਟਮੈਂਟ ਪਲਾਂਟ ਅਗਲੇ ਦੋ ਮਹੀਨਿਆਂ ਤੱਕ ਮੁਕੰਮਲ ਹੋਣ ਦਾ ਵਾਅਦਾ ਕੀਤਾ ਗਿਆ।
ਇਹ ਵੀ ਪੜ੍ਹੋ- ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ CM ਮਾਨ ਨੇ ਇਸ ਦਿਨ ਸੱਦੀ ਪੰਜਾਬ ਕੈਬਨਿਟ ਦੀ ਮੀਟਿੰਗ

ਫੋਲੜੀਵਾਲ ਦੇ 50 ਐੱਮ. ਐੱਲ. ਡੀ. ਟਰੀਟਮੈਂਟ ਪਲਾਂਟ ਦੀ ਸਲੱਜ ਬਾਰੇ ਗੁੰਮਰਾਹਕੁੰਨ ਜਾਣਕਾਰੀ ਦੇਣ ‘ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਦੀ ਝਾੜ ਝੰਬ ਵੀ ਕੀਤੀ ਗਈ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕਾਲਾ ਸੰਘਿਆ ਡਰੇਨ ਰਾਹੀਂ ਜਾ ਰਿਹਾ ਗੰਦਾ ਤੇ ਜ਼ਹਿਰੀਲਾ ਪਾਣੀ ਸਤਲੁਜ ਦਰਿਆ ਰਾਹੀਂ ਮਾਲਵੇ ਤੇ ਰਾਜਸਥਾਨ ਨੂੰ ਜਾਂਦਾ ਹੈ, ਜਿੱਥੇ ਲੋਕ ਇਸ ਨੂੰ ਪੀਣ ਲਈ ਵਰਤਦੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਸਖ਼ਤ ਤਾੜਨਾ ਕੀਤੀ ਕਿ ਇਸ ਮਾਮਲੇ ਵਿੱਚ ਲਾਪ੍ਰਵਾਹੀ ਕਰਨ ਵਾਲੇ ਅਧਿਕਾਰੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪੀ. ਪੀ. ਸੀ. ਬੀ. ਦੇ ਅਧਿਕਾਰੀਆਂ ਨੇ ਕਾਲਾ ਸੰਘਿਆ ਡਰੇਨ ਵਿੱਚ ਗੋਹਾ ਪਾਉਣ ਵਾਲੀਆਂ ਡੇਅਰੀਆਂ ਵਿਰੁੱਧ ਕਾਰਵਾਈ ਕਰਦਿਆਂ ਉਨ੍ਹਾਂ ਦੇ ਬਿਜਲੀ ਕੁਨੈਕਸ਼ਨ ਕੱਟਣ ਦੇ ਹੁਕਮ ਜਾਰੀ ਕੀਤੇ।
ਦਿਲਚਸਪ ਗੱਲ ਇਹ ਰਹੀ ਕਿ ਜਦੋਂ ਅਧਿਕਾਰੀਆਂ ਦੀ ਟੀਮ ਟਰੀਟਮੈਂਟ ਪਲਾਂਟਾਂ ‘ਤੇ ਪਹੁੰਚਦੀ ਸੀ ਤਾਂ ਪਲਾਂਟ ਉਸ ਤੋਂ ਥੋੜ੍ਹਾ ਸਮਾਂ ਹੀ ਪਹਿਲਾਂ ਚਲਾਏ ਗਏ ਸਨ।ਪਲਾਂਟ ਚਲਾਉਣ ਵਾਲਿਆਂ ਵੱਲੋਂ ਵਰਤੀ ਗਈ ਇਸ ਚਲਾਕੀ ਨੂੰ ਵੀ ਸੀਨੀਅਰ ਅਧਿਕਾਰੀਆਂ ਨੇ ਨੋਟ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ,ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਗਰਾਨ ਇੰਜੀਨੀਅਰ ਅਰੁਣ ਕੁਮਾਰ ਕੱਕੜ,ਡਰੇਨਜ਼ ਵਿਭਾਗ ਦੇ ਐਕਸੀਅਨ ਸਰੂਪ ਚੰਦ, ਸਿੰਚਾਈ ਵਿਭਾਗ ਦੇ ਐਕਸੀਅਨ ਅਮਿਤ ਸਭਰਵਾਲ, ਸੀਵਰੇਜ ਬੋਰਡ ਦੇ ਐਕਸੀਅਨ ਨਿਤੀਨ ਸ਼ਰਮਾ, ਐੱਸ. ਡੀ. ਓ. ਗਗਨ , ਸੰਤ ਸੁਖਵੰਤ ਸਿੰਘ ਨਾਹਲਾਂ ਵਾਲੇ, ਬਾਬਾ ਬਲਦੇਵ ਕਿਰਸ਼ਨ ਸਿੰਘ ਗਿੱਲਾਂ ਵਾਲੇ ਸਮੇਤ ਹੋਰ ਪਤਵੰਤੇ ਅਤੇ ਸਮੂਹ ਅਧਿਕਾਰੀ ਹਾਜ਼ਰ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਹੁਣ ਇਨ੍ਹਾਂ ਲੋਕਾਂ ਨੂੰ 2 ਰੁਪਏ ਕਿਲੋ ਦੀ ਬਜਾਏ ਮੁਫ਼ਤ ਮਿਲੇਗੀ ਕਣਕ, ਸਰਕਾਰ ਵੱਲੋਂ ਕੋਟਾ ਜਾਰੀ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਪਤੀ-ਪਤਨੀ ਦੀ ਕੁੱਟਮਾਰ ਕਰਨ ਵਾਲੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
NEXT STORY