ਮਾਛੀਵਾੜਾ ਸਾਹਿਬ (ਟੱਕਰ)- ਬੀਤੀ ਰਾਤ ਮਾਛੀਵਾੜਾ ਵਿਖੇ ਪੁਰਾਣੀ ਗਊਸ਼ਾਲਾ ਰੋਡ ’ਤੇ ਇੱਕ ਹੇਅਰ ਡਰੈਸਰ ਰੌਸ਼ਨ ਹੰਸ ਨੂੰ ਗੋਲੀ ਮਾਰ ਕੇ ਜਖ਼ਮੀ ਕਰਨ ਦੀ ਘਟਨਾ ਦੀ ਜਾਂਚ ਦੌਰਾਨ ਕਈ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ। ਘਟਨਾ ਤੋਂ ਕੁਝ ਘੰਟਿਆਂ ਬਾਅਦ ਹੀ ਮਾਛੀਵਾੜਾ ਸ਼ਹਿਰ ਦੇ ਇੱਕ ਸਿਆਸੀ ਆਗੂ ਨੂੰ ਵਿਦੇਸ਼ੀ ਫੋਨ ਨੰਬਰ ਤੋਂ ਕਾਲਾਂ ਆਉਣ ਦੀਆਂ ਚਰਚਾਵਾਂ ਵੀ ਹਨ ਜਿਸ ਸਬੰਧੀ ਉਸ ਵਲੋਂ ਮਾਛੀਵਾੜਾ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਵੱਲੋਂ ਇਸ ਪਹਿਲੂ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਹੇਅਰ ਡਰੈਸਰ ਦੀ ਕਿਸੇ ਨਾਲ ਰੰਜਿਸ਼ ਹੋਵੇਗੀ ਤਾਂ ਕਿਸੇ ਨੇ ਕਾਤਲਾਨਾ ਹਮਲਾ ਕੀਤਾ ਪਰ ਹੁਣ ਸਿਆਸੀ ਆਗੂ ਨੂੰ ਧਮਕੀਆਂ ਭਰੀਆਂ ਫਿਰੌਤੀ ਕਾਲਾਂ ਆਉਣ ਤੋਂ ਬਾਅਦ ਪੁਲਸ ਵਲੋਂ ਵੱਖ-ਵੱਖ ਥਿਊਰੀਆਂ ’ਤੇ ਜਾਂਚ ਕਰ ਰਹੀ ਹੈ। 
ਇਹ ਵੀ ਜਾਣਕਾਰੀ ਮਿਲੀ ਹੈ ਕਿ ਮਾਛੀਵਾੜਾ ਇਲਾਕੇ ਦੇ ਇੱਕ ਸਿਆਸੀ ਆਗੂ ਨੂੰ ਯੂ.ਐੱਸ.ਏ. ਦੇ ਵਿਦੇਸ਼ੀ ਨੰਬਰ ਤੋਂ ਫੋਨ ਆਇਆ ਅਤੇ ਅੱਗੋਂ ਬੋਲ ਰਿਹਾ ਵਿਅਕਤੀ ਉਸ ਨੂੰ ਧਮਕੀਆਂ ਦੇਣ ਲੱਗਾ ਤਾਂ ਉਸਨੇ ਫੋਨ ਕੱਟ ਦਿੱਤਾ। ਫਿਰ ਵਿਦੇਸ਼ੀ ਨੰਬਰ ਤੋਂ ਸਿਆਸੀ ਆਗੂ ਨੂੰ ਵੋਇਸ ਮੈਸੇਜ ਭੇਜਿਆ ਗਿਆ ਕਿ ਇਹ ਗੋਲੀ ਤੇਰੇ ਲੜਕੇ ਨੂੰ ਮਾਰਨੀ ਸੀ ਪਰ ਕਿਸੇ ਹੋਰ ਨੂੰ ਵੱਜ ਗਈ। ਜਾਣਕਾਰੀ ਅਨੁਸਾਰ ਇਸ ਸਿਆਸੀ ਆਗੂ ਨੂੰ 2 ਮਹੀਨੇ ਪਹਿਲਾਂ ਵੀ ਪੁਰਤਗਾਲ ਤੇ ਇੰਗਲੈਂਡ ਤੋਂ ਵਿਦੇਸ਼ੀ ਨੰਬਰ ਤੋਂ ਧਮਕੀਆਂ ਆਈਆਂ ਸਨ ਕਿ 50 ਲੱਖ ਰੁਪਏ ਦੀ ਫਿਰੌਤੀ ਦੇ, ਨਹੀਂ ਤਾਂ ਤੇਰੇ ਜਾਨ, ਮਾਲ ਦਾ ਨੁਕਸਾਨ ਹੋਵੇਗਾ। ਇਹ ਫਿਰੌਤੀ ਮੰਗਣ ਵਾਲੇ ਕਿਹੜੇ ਗਰੁੱਪ ਨਾਲ ਸਬੰਧਿਤ ਹਨ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ। ਉਕਤ ਸਿਆਸੀ ਆਗੂ ਵਲੋਂ ਉਸ ਸਮੇਂ ਮਾਛੀਵਾੜਾ ਪੁਲਸ ਵਲੋਂ ਸ਼ਿਕਾਇਤ ਵੀ ਦਰਜ ਕਰਵਾਈ ਸੀ ਕਿ ਉਸ ਨੂੰ ਫਿਰੌਤੀ ਤੇ ਧਮਕੀ ਦੀ ਕਾਲ ਆਈ ਹੈ ਜਿਸ ਦੀ ਸਾਈਬਰ ਕਰਾਇਮ ਨੂੰ ਜਾਂਚ ਲਈ ਸੌਂਪਿਆ ਗਿਆ ਸੀ। ਬੀਤੀ ਰਾਤ ਜਦੋਂ ਹੇਅਰ ਡਰੈਸਰ ਨੂੰ ਗੋਲੀ ਮਾਰ ਕੇ ਜਖ਼ਮੀ ਕੀਤਾ ਗਿਆ ਤਾਂ ਉਸ ਤੋਂ ਬਾਅਦ ਸਿਆਸੀ ਆਗੂ ਨੂੰ ਕਾਲ ਕੀਤੀ ਗਈ ਕਿ ਚਾਹੇ ਕੋਈ ਆਪਣੀ ਜਾਇਦਾਦ ਵੇਚ 50 ਲੱਖ ਰੁਪਏ ਦੀ ਫਿਰੌਤੀ ਦੇ ਨਹੀਂ ਤਾਂ ਤੈਨੂੰ ਜਾਂ ਤੇਰੇ ਲੜਕੇ ਨੂੰ ਇਸ ਦੇ ਨਤੀਜੇ ਭੁਗਤਨੇ ਪੈਣਗੇ। ਫਿਰੌਤੀ ਮੰਗਣ ਵਾਲੇ ਨੇ ਇੱਥੋਂ ਤੱਕ ਵੀ ਕਿਹਾ ਕਿ ਹੁਣ ਉਸ ਨੂੰ ਘਰ ਦਾ ਪਤਾ ਅਤੇ ਹੋਰ ਜਾਣਕਾਰੀ ਮਿਲ ਗਈ ਹੈ।
ਪੁਲਸ ਵਲੋਂ ਅਣਪਛਾਤੇ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ
ਮਾਛੀਵਾੜਾ ਪੁਲਸ ਵਲੋਂ ਹੇਅਰ ਡਰੈਸਰ ਰੌਸ਼ਨ ਜਿਸ ਨੂੰ ਕਿ ਬੀਤੀ ਰਾਤ ਪੁਰਾਣੀ ਗਊਸ਼ਾਲਾ ਰੋਡ ’ਤੇ ਗੋਲੀ ਮਾਰ ਕੇ ਜਖ਼ਮੀ ਕੀਤਾ ਗਿਆ ਸੀ ਉਸ ਦੇ ਬਿਆਨ ਦਰਜ ਕੀਤੇ ਗਏ। ਰੌਸ਼ਨ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਹ ਆਪਣੇ ਘਰ ਦੇ ਬਾਹਰ ਖੜੀ ਕਾਰ ਕੋਲ ਜਾ ਰਿਹਾ ਸੀ ਤਾਂ ਬਾਬਾ ਬਾਲਕ ਨਾਥ ਮੰਦਰ ਵਲੋਂ ਇੱਕ ਚਿੱਟੇ ਰੰਗ ਦੀ ਕਾਰ ਆਈ ਜੋ ਕਿ ਮੇਰੇ ਕੋਲ ਰੁਕ ਗਈ। ਕੰਡਕਟਰ ਸੀਟ ’ਤੇ ਬੈਠਾ ਵਿਅਕਤੀ ਕਹਿਣ ਲੱਗਾ ਕਿ ਤੂੰ ਸਾਡਾ ਰਸਤਾ ਰੋਕ ਰਿਹਾ ਹੈ ਅਤੇ ਇਸ ਤਰ੍ਹਾਂ ਉਸਨੇ ਰਿਵਾਲਵਰ ਨੁਮਾ ਹਥਿਆਰ ਨਾਲ ਮੇਰੇ ’ਤੇ ਗੋਲੀ ਚਲਾ ਦਿੱਤੀ। ਗੋਲੀ ਮੇਰੇ ਸੱਜੇ ਪਾਸੇ ਵੱਖੀ ਤੋਂ ਹੇਠਾਂ ਵੱਜੀ ਜਿਸ ਤੋਂ ਬਾਅਦ ਦੋਵੇਂ ਹਮਲਾਵਾਰ ਮੌਕੇ ਤੋਂ ਫ਼ਰਾਰ ਹੋ ਗਏ। 
ਪੁਲਸ ਵਲੋਂ ਅਣਪਛਾਤੇ ਵਿਅਕਤੀਆਂ ਖਿਲਾਫ਼ ਕਾਤਲਾਨਾ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੂਸਰੇ ਪਾਸੇ ਪੁਲਸ ਵਲੋਂ ਸਿਆਸੀ ਆਗੂ ਨੂੰ ਧਮਕੀ ਭਰੀ ਫਿਰੌਤੀ ਕਾਲ ਮਿਲਣ ਤੋਂ ਬਾਅਦ ਅੱਜ ਡੀ.ਐੱਸ.ਪੀ. ਕਰਮਜੀਤ ਸਿੰਘ ਗਰੇਵਾਲ, ਸੀ.ਆਈ.ਏ. ਸਟਾਫ਼ ਖੰਨਾ ਅਤੇ ਇੰਟਲੀਜੈਂਸ ਅਧਿਕਾਰੀ ਜਾਂਚ ਵਿਚ ਜੁਟੇ ਰਹੇ ਕਿ ਇਹ ਕਿਹੜੇ ਗਰੁੱਪ ਵਲੋਂ ਵਿਦੇਸ਼ੀ ਨੰਬਰਾਂ ਤੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਥਾਣਾ ਮੁਖੀ ਹਰਵਿੰਦਰ ਸਿੰਘ ਤੇ ਹੋਰ ਪੁਲਸ ਟੀਮ ਵਲੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਈਬਰ ਸੈੱਲ ਵੀ ਮਾਮਲੇ ਨੂੰ ਸੁਲਝਾਉਣ ਵਿਚ ਲੱਗਾ ਹੈ।
ਮਾਛੀਵਾੜਾ ਇਲਾਕੇ ਵਿਚ ਫਿਰੌਤੀ ਤੇ ਗੋਲੀ ਦੀ ਪਹਿਲੀ ਘਟਨਾ ਕਾਰਨ ਲੋਕਾਂ ਵਿਚ ਸਹਿਮ
ਪੰਜਾਬ ਵਿਚ ਗੈਂਗਸਟਰਾਂ ਵਲੋਂ ਫਿਰੌਤੀ ਤੇ ਗੋਲੀਬਾਰੀ ਕਰਨ ਦੀਆਂ ਘਟਨਾਵਾਂ ਤਾਂ ਸੁਰਖ਼ੀਆਂ ਵਿਚ ਬਣੀਆਂ ਰਹਿੰਦੀਆਂ ਹਨ ਪਰ ਮਾਛੀਵਾੜਾ ਇਲਾਕੇ ਇਸ ਮਾਮਲੇ ਵਿਚ ਬਿਲਕੁਲ ਸ਼ਾਂਤ ਗਿਣਿਆ ਜਾਂਦਾ ਸੀ। ਬੀਤੀ ਰਾਤ ਗੋਲੀਬਾਰੀ ਤੇ ਫਿਰੌਤੀ ਦੀ ਪਹਿਲੀ ਘਟਨਾ ਹੋਣ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦੂਸਰੇ ਪਾਸੇ ਪੁਲਸ ਵਲੋਂ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੋਈ ਨਿੱਜੀ ਰੰਜਿਸ਼ ਕਾਰਨ ਇਸ ਸਿਆਸੀ ਆਗੂ ਤੋਂ ਗੈਂਗਸਟਰ ਜਾਂ ਗਰੁੱਪ ਦਾ ਨਾਮ ਲੈੈ ਕੇ ਫਿਰੌਤੀ ਤਾਂ ਨਹੀਂ ਮੰਗੀ ਜਾ ਰਹੀ ਹੈ ਕਿਉਂਕਿ ਜਿਸ ਆਗੂ ਤੋਂ ਫਿਰੌਤੀ ਮੰਗੀ ਗਈ ਹੈ ਉਹ ਕੋਈ ਬਹੁਤ ਜਿਆਦਾ ਅਮੀਰ ਵੀ ਨਹੀਂ ਦੱਸਿਆ ਜਾ ਰਿਹਾ। ਬਾਕੀ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਉਨ੍ਹਾਂ ਵਲੋਂ ਕੁਝ ਵੀ ਜਿਆਦਾ ਦੱਸਣ ਤੋਂ ਇੰਨਕਾਰ ਕੀਤਾ ਹੈ।
ਡਰਾਈਵਿੰਗ ਸੈਂਟਰ ਦਾ ਕਿਰਾਇਆ ਨਾ ਮਿਲਣ 'ਤੇ ਪੰਚਾਇਤ ਨੇ ਸੈਂਟਰ ਨੂੰ ਜੜਿਆ ਜਿੰਦਰਾ, ਖੱਜਲ-ਖੁਆਰ ਹੋਏ ਲੋਕ
NEXT STORY