ਜਲੰਧਰ (ਮਹੇਸ਼)— ਮਾਂ ਦੀ ਅੰਤਿਮ ਅਰਦਾਸ ਤੋਂ ਦੋ ਦਿਨ ਪਹਿਲਾਂ ਹੀ ਪੁੱਤ ਦੀ ਵੀ ਮੌਤ ਹੋ ਗਈ। ਮਾਂ ਕਰਤਾਰੀ ਜੀ ਦੀ ਅੰਤਿਮ ਅਰਦਾਸ ਤੋਂ 2 ਦਿਨ ਪਹਿਲਾਂ ਪੁੱਤ ਲੋਕ ਰਾਜ ਪਵਾਰ ਦੀ ਵੀ ਮੌਤ ਹੋ ਗਈ। ਲੋਕ ਰਾਜ ਪਵਾਰ ਦੇ ਵੱਡੇ ਭਰਾ ਮਹਾਰਾਜ ਸੰਤ ਕ੍ਰਿਸ਼ਨ ਨਾਥ ਹਨ, ਜੋ ਕਿ ਡੇਰਾ ਸੰਤ ਬਾਬਾ ਫੂਲ ਨਾਥ ਅਤੇ ਸੰਤ ਬਾਬਾ ਬ੍ਰਹਮ ਨਾਥ ਨਾਨਕ ਨਗਰੀ ਜੀ. ਟੀ. ਰੋਡ ਚਹੇੜੂ ਦੇ ਮੌਜੂਦਾ ਗੱਦੀਨਸ਼ੀਨ ਅਤੇ ਰਵਿਦਾਸੀਆ ਕੌਮ ਦੀ ਬੁਲੰਦ ਆਵਾਜ਼ ਹਨ।
ਪਿੰਡ ਜੈਤੇਵਾਲੀ ਦੇ ਸਾਬਕਾ ਸਰਪੰਚ ਤਰਸੇਮ ਲਾਲ ਪਵਾਰ ਅਤੇ ਡੇਰਾ ਚਹੇੜੂ ਦੇ ਸਕੱਤਰ ਕਮਲਜੀਤ ਖੋਥੜਾਂ ਸਰਪੰਚ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਨੂੰ ਅਕਾਲ ਪੁਰਖ ਦੇ ਚਰਨਾਂ 'ਚ ਜਾ ਬਿਰਾਜੇ ਲੋਕ ਰਾਜ ਪਵਾਰ ਪਿੰਡ ਜੈਤੇਵਾਲੀ ਵਿਖੇ ਹੀ ਪਰਿਵਾਰ ਸਮੇਤ ਰਹਿੰਦੇ ਸਨ ਪਰ ਰਾਤ ਦੇ ਸਮੇਂ ਉਹ ਜੈਤੇਵਾਲੀ ਵਿਖੇ ਹੀ ਸਥਿਤ ਸ੍ਰੀ ਗੁਰੂ ਰਵਿਦਾਸ ਪਬਲਿਕ ਸਕੂਲ ਵਿਖੇ ਦੇਖ-ਰੇਖ ਲਈ ਚਲੇ ਜਾਂਦੇ ਸਨ। ਮੰਗਲਵਾਰ ਰਾਤ ਨੂੰ ਵੀ ਉਹ ਸਕੂਲ 'ਚ ਹੀ ਸਨ। ਜਦੋਂ ਬੁੱਧਵਾਰ ਸਵੇਰੇ ਸਕੂਲ ਦੀਆਂ ਬੱਸਾਂ ਵਾਲੇ ਡਰਾਈਵਰ ਅਤੇ ਕੰਡਕਟਰ ਬੱਸਾਂ ਦੀਆਂ ਚਾਬੀਆਂ ਲੈਣ ਵਾਸਤੇ ਉਨ੍ਹਾਂ ਨੂੰ ਆਵਾਜ਼ਾਂ ਲਾ ਰਹੇ ਸਨ ਤਾਂ ਉਹ ਕਮਰੇ 'ਚੋਂ ਕਾਫੀ ਦੇਰ ਤੱਕ ਬਾਹਰ ਨਹੀਂ ਆਏ। ਅੰਦਰ ਜਾ ਕੇ ਦੇਖਿਆ ਤਾਂ ਉਹ ਮ੍ਰਿਤਕ ਹਾਲਤ 'ਚ ਮਿਲੇ, ਜਿਸ ਤੋਂ ਇਹ ਪਤਾ ਲੱਗਾ ਕਿ ਉਨ੍ਹਾਂ ਨੂੰ ਸਾਈਲੈਂਟ ਅਟੈਕ ਹੋਇਆ। ਉਸ ਤੋਂ ਬਾਅਦ ਉਹ ਰਾਤ ਭਰ ਠੰਡ 'ਚ ਹੀ ਪਏ ਰਹੇ।
ਕਮਲਜੀਤ ਖੋਥੜਾਂ ਨੇ ਦੱਸਿਆ ਕਿ ਲੋਕ ਰਾਜ ਪਵਾਰ ਆਪਣੇ ਪੂਜਨੀਕ ਮਾਤਾ ਕਰਤਾਰੀ ਦੀ 9 ਜਨਵਰੀ ਨੂੰ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਜੈਤੇਵਾਲੀ ਵਿਖੇ ਰੱਖੀ ਗਈ ਅੰਤਿਮ ਅਰਦਾਸ ਦੇ ਸਮਾਗਮ ਦੀਆਂ ਤਿਆਰੀਆਂ 'ਚ ਜੁਟੇ ਹੋਏ ਸਨ ਪਰ ਅਜਿਹਾ ਭਾਣਾ ਵਰਤ ਜਾਵੇਗਾ ਕਿਸੇ ਨੇ ਸੋਚਿਆ ਤੱਕ ਨਹੀਂ ਸੀ। ਪਿੰਡ ਜੈਤੇਵਾਲੀ ਵਿਖੇ ਸੰਗਤ ਦੀ ਵੱਡੀ ਹਾਜ਼ਰੀ 'ਚ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਬਹੁਤ ਸਾਰੀਆਂ ਧਾਰਮਕ ਸ਼ਖਸੀਅਤਾਂ ਵੀ ਇਸ ਦੌਰਾਨ ਮੌਜੂਦ ਰਹੀਆਂ। ਡੇਰਾ ਚਹੇੜੂ ਵਾਲੇ ਮਹਾਰਾਜ ਸੰਤ ਕ੍ਰਿਸ਼ਨ ਨਾਥ ਆਵਾਜ਼-ਏ-ਕੌਮ ਨੇ ਇਸ ਮੌਕੇ ਦੱਸਿਆ ਕਿ ਉਨ੍ਹਾਂ ਦੀ ਪੂਜਨੀਕ ਮਾਤਾ ਕਰਤਾਰੀ ਜੀ ਅਤੇ ਭਰਾ ਲੋਕ ਰਾਜ ਪਵਾਰ ਦੀ ਅੰਤਿਮ ਅਰਦਾਸ ਹੁਣ 15 ਜਨਵਰੀ ਨੂੰ ਹੋਵੇਗੀ।
'ਭਾਰਤ ਬੰਦ' ਦੌਰਾਨ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਕੀਤੀ ਰੋਸ ਰੈਲੀ
NEXT STORY