ਜਲੰਧਰ (ਖੁਰਾਣਾ)- ਜਲੰਧਰ ਨਗਰ ਨਿਗਮ ਦੇ ਕੌਂਸਲਰ ਹਾਊਸ ਨੂੰ ਖ਼ਤਮ ਹੋਇਆਂ ਡੇਢ ਸਾਲ ਤੋਂ ਵੀ ਵੱਧ ਸਮਾਂ ਹੋ ਚੁੱਕਾ ਹੈ ਅਤੇ ਅਗਲੇ 6 ਮਹੀਨਿਆਂ ਵਿਚ ਵੀ ਨਿਗਮ ਚੋਣਾਂ ਹੋਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ। ਅਜਿਹੇ ’ਚ ਉਨ੍ਹਾਂ ਆਗੂਆਂ ਵਿਚੋਂ ਕਰੰਟ ਖ਼ਤਮ ਜਿਹਾ ਹੋ ਗਿਆ ਹੈ, ਜੋ ਕੌਂਸਲਰ ਅਹੁਦੇ ਦੇ ਸੰਭਾਵਿਤ ਉਮੀਦਵਾਰ ਮੰਨੇ ਜਾ ਰਹੇ ਸਨ। ਪੰਜਾਬ ਦੀ ਸੱਤਾ ’ਤੇ ਕਾਬਜ਼ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਇਸ ਪਾਰਟੀ ਦੇ ਜਿੰਨੇ ਆਗੂ ਅੱਜ ਤੋਂ ਢਾਈ ਤਿੰਨ ਸਾਲ ਪਹਿਲਾਂ ਨਿਗਮ ਚੋਣਾਂ ਲੜਨ ਦੇ ਚਾਹਵਾਨ ਸਨ, ਉਨ੍ਹਾਂ ਵਿਚੋਂ 80 ਫ਼ੀਸਦੀ ਹੁਣ ਹੱਥ ਖੜ੍ਹੇ ਕਰ ਚੁੱਕੇ ਹਨ, ਜਦਕਿ ਬਹੁਤ ਸਾਰੇ ‘ਆਪ’ ਆਗੂ ਅਜਿਹੇ ਹਨ, ਜਿਨ੍ਹਾਂ ਨੇ ਆਪਣੇ-ਆਪਣੇ ਵਾਰਡ ਵਿਚ ਸਰਗਰਮੀ ਵਧਾਉਣ ਅਤੇ ਵਿਖਾਉਣ ਲਈ ਜਿਹੜੇ ਦਫ਼ਤਰ ਖੋਲ੍ਹੇ ਹੋਏ ਸਨ, ਉਨ੍ਹਾਂ ਨੂੰ ਬੰਦ ਕੀਤਾ ਜਾ ਚੁੱਕਾ ਹੈ।
ਵਧੇਰੇ ‘ਆਪ’ਆਗੂ ਤਾਂ ਵਾਰਡਾਂ ਵਿਚੋਂ ਗਾਇਬ ਹੀ ਹੋ ਗਏ ਹਨ। ਵਰਣਨਯੋਗ ਹੈ ਕਿ ਪੰਜਾਬ ਦੀ ਸੱਤਾ ’ਤੇ ਕਾਬਜ਼ ਆਮ ਆਦਮੀ ਪਾਰਟੀ ਨੇ ਲਗਭਗ ਢਾਈ ਸਾਲ ਪਹਿਲਾਂ ਹਰ ਵਾਰਡ ’ਚੋਂ ਸੰਭਾਵੀ ਉਮੀਦਵਾਰਾਂ ਨੂੰ ਤਿਆਰ ਕਰ ਲਿਆ ਸੀ, ਜਿਨ੍ਹਾਂ ਬਹੁਤ ਤੇਜ਼ੀ ਨਾਲ ਕੰਮ ਕਰਵਾਉਣੇ ਵੀ ਸ਼ੁਰੂ ਕਰ ਦਿੱਤੇ ਸਨ ਪਰ ਹੁਣ ਨਾ ਸਿਰਫ਼ ਆਮ ਆਦਮੀ ਪਾਰਟੀ ਪਾਰਟੀ ਦੀ ਸਿਆਸੀ ਸਥਿਤੀ ਬਦਲ ਗਈ ਹੈ, ਸਗੋਂ ‘ਆਪ’ ਦੇ ਕਈ ਆਗੂਆਂ ਦੀ ਪ੍ਰਮੋਸ਼ਨ ਅਤੇ ਕਈਆਂ ਦੀ ਡਿਮੋਸ਼ਨ ਤਕ ਹੋ ਚੁੱਕੀ ਹੈ। ਸੁਸ਼ੀਲ ਰਿੰਕੂ ਵਰਗਾ ਆਗੂ ‘ਆਪ’ ਵਿਚ ਆ ਕੇ ਉਸ ਨੂੰ ਛੱਡ ਕੇ ਵੀ ਜਾ ਚੁੱਕਾ ਹੈ। ‘ਆਪ’ ਦੇ ਜਿੱਤੇ ਵਿਧਾਇਕ ਸ਼ੀਤਲ ਅੰਗੁਰਾਲ ਹੁਣ ਪਾਰਟੀ ਛੱਡ ਕੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ- ਹੁਣ ਰੇਲਵੇ ਸਟੇਸ਼ਨ 'ਚ ਸ਼ੱਕੀ ਹਾਲਾਤ 'ਚ ਘੁੰਮਣ ਵਾਲਿਆਂ ਦੀ ਖੈਰ ਨਹੀਂ, ਜਾਰੀ ਹੋਏ ਸਖ਼ਤ ਹੁਕਮ
ਅਜਿਹੇ ’ਚ ਨਿਗਮ ਚੋਣਾਂ ਲੜਨ ਦੇ ਕਈ ਸੰਭਾਵੀ ਉਮੀਦਵਾਰ ਤਾਂ ਚੁੱਪ ਕਰ ਕੇ ਘਰਾਂ ਵਿਚ ਬੈਠ ਵੀ ਚੁੱਕੇ ਹਨ। ਕਈ ਆਗੂਆਂ ਦਾ ਕਹਿਣਾ ਹੈ ਕਿ ਉਹ ਪਿਛਲੇ ਦੋ ਸਾਲਾਂ ਤੋਂ ਆਪਣੀ ਜੇਬ ਵਿਚੋਂ ਪੈਸੇ ਖਰਚ ਕੇ ਆਪਣੇ ਵਾਰਡਾਂ ਵਿਚ ਕੰਮ ਕਰਵਾ ਰਹੇ ਹਨ ਪਰ ਹੁਣ ਚੋਣਾਂ ਵਿਚ ਪਤਾ ਨਹੀਂ ਕਿੰਨੀ ਦੇਰੀ ਹੋਵੇਗੀ ਅਤੇ ਇੰਨੇ ਪੈਸੇ ਖਰਚ ਕਰ ਕੇ ਵੀ ਉਨ੍ਹਾਂ ਨੂੰ ਟਿਕਟ ਮਿਲੇਗੀ ਜਾਂ ਨਹੀਂ ਇਸ ਦੀ ਕੋਈ ਗਾਰੰਟੀ ਨਹੀਂ, ਇਸ ਲਈ ਸੰਭਾਵੀ ਉਮੀਦਵਾਰਾਂ ਵਿਚ ਨਿਗਮ ਚੋਣਾਂ ਨੂੰ ਲੈ ਕੇ ਦਿਸ ਰਹੀ ਦਿਲਚਸਪੀ ਲਗਾਤਾਰ ਘਟਦੀ ਜਾ ਰਹੀ ਹੈ।
‘ਆਪ’ਦੇ ਵਾਰਡ ਪੱਧਰ ਦੇ ਆਗੂਆਂ ਦੀ ਨਿਗਮ ’ਚ ਕੋਈ ਸੁਣਵਾਈ ਨਹੀਂ
ਪਿਛਲੇ ਲੰਮੇ ਸਮੇਂ ਤੋਂ ਮੇਅਰ ਅਤੇ ਕੌਂਸਲਰਾਂ ਦੇ ਨਾ ਹੋਣ ਨਾਲ ਜਲੰਧਰ ਨਿਗਮ ’ਤੇ ਅਫਸਰਸ਼ਾਹੀ ਦਾ ਰਾਜ ਹੈ, ਜੋ ਆਊਟ ਆਫ ਕੰਟਰੋਲ ਹੋ ਚੁੱਕੀ ਹੈ। ਅਜਿਹੇ ’ਚ ਵਾਰਡ ਪੱਧਰ ਦੇ ‘ਆਪ’ ਆਗੂਆਂ ਦੀ ਜਲੰਧਰ ਨਿਗਮ ’ਚ ਕੋਈ ਸੁਣਵਾਈ ਹੀ ਨਹੀਂ ਹੈ। ਇਸ ਸਮੇਂ ਸ਼ਹਿਰ ਵਿਚ ‘ਆਪ’ ਦੇ ਜੋ ਵਾਰਡ ਪੱਧਰ ਦੇ ਆਗੂ ਕੰਮ ਕਰ ਵੀ ਰਹੇ ਹਨ, ਉਹ ਵੀ ਸਿਰਫ਼ ਫੋਟੋ ਖਿਚਵਾਉਣ ਤੱਕ ਹੀ ਸੀਮਤ ਹਨ, ਕੰਮ ਉਨ੍ਹਾਂ ਤੋਂ ਵੀ ਕੋਈ ਨਹੀਂ ਹੋ ਰਿਹਾ। ਇਕ ਸਟਰੀਟ ਲਾਈਟ ਲਗਵਾ ਦਿੱਤੀ, ਢੱਕਣ ਠੀਕ ਕਰਵਾ ਦਿੱਤਾ, ਇਕ ਗਲੀ ਵਿਚੋਂ ਗਾਰ ਕਢਵਾ ਦਿੱਤੀ ਅਤੇ ਸੀਵਰ ਸਾਫ ਕਰਵਾ ਦਿੱਤਾ, ਅਜਿਚੇ ਛੋਟੇ-ਛੋਟੇ ਕੰਮਾਂ ਨਾਲ ਹੀ ਖਾਨਾਪੂਰਤੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਕੁੜੀ ਨਾਲ ਹੈਵਾਨੀਅਤ ਦੀਆਂ ਹੱਦਾਂ ਪਾਰ, 400 ਮੀਟਰ ਤੱਕ ਘੜੀਸਦੇ ਰਹੇ ਬਾਈਕ ਸਵਾਰ ਨੌਜਵਾਨ
ਸ਼ਹਿਰ ਦੀ ਸਿਆਸਤ ਇਸ ਸਮੇਂ ‘ਸਿਫ਼ਰ’
ਇਸ ਸਮੇਂ ਵੱਖ-ਵੱਖ ਕਾਰਨਾਂ ਕਰ ਕੇ ਸ਼ਹਿਰ ਦੀ ਸਿਆਸਤ ਪੂਰੀ ਤਰ੍ਹਾਂ ‘ਸਿਫ਼ਰ’ਹੋ ਚੁੱਕੀ ਹੈ। ਭਾਰਤੀ ਜਨਤਾ ਪਾਰਟੀ ਨਾਲੋਂ ਨਾਤਾ ਤੋੜਨ ਤੋਂ ਬਾਅਦ ਸ਼ਹਿਰ ਵਿਚ ਅਕਾਲੀ ਦਲ ਦਾ ਸਮਰਥਨ ਤੇਜ਼ੀ ਨਾਲ ਘਟਿਆ ਹੈ ਅਤੇ ਸ਼ਹਿਰ ਵਿਚ ਅਕਾਲੀ ਦਲ ਦੀ ਕੋਈ ਸਰਗਰਮੀ ਨਹੀਂ ਹੈ।
ਜੇਕਰ ਕੇਂਦਰ ਵਿਚ ਸੱਤਾ ’ਤੇ ਕਾਬਜ਼ ਭਾਜਪਾ ਦੀ ਗੱਲ ਕਰੀਏ ਤਾਂ ਪਿਛਲੇ 5 ਸਾਲਾਂ ਵਿਚ ਜਲੰਧਰ ਵਿਚ ਇਸ ਦਾ ਪ੍ਰਭਾਵ ਨਾ ਤਾਂ ਘਟਿਆ ਹੈ ਅਤੇ ਨਾ ਹੀ ਵਧਿਆ ਹੈ। ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ, ਉਸ ਤੋਂ ਬਾਅਦ ਹੋਈ ਲੋਕ ਸਭਾ ਦੀ ਜ਼ਿਮਨੀ ਚੋਣ ਅਤੇ ਫਿਰ ਆਮ ਚੋਣਾਂ ਅਤੇ ਫਿਰ 2024 ਦੀ ਵਿਧਾਨ ਸਭਾ ਦੀ ਜ਼ਿਮਨੀ ਚੋਣ ਪਾਰਟੀ ਬੁਰੀ ਤਰ੍ਹਾਂ ਹਾਰ ਚੁੱਕੀ ਹੈ। ਕਾਂਗਰਸ ਦੀ ਗੱਲ ਕਰੀਏ ਤਾਂ ਰਾਜਿੰਦਰ ਬੇਰੀ ਅਤੇ ਸੁਸ਼ੀਲ ਰਿੰਕੂ ਦੀ ਹਾਰ ਤੋਂ ਬਾਅਦ ਪੂਰੇ ਸ਼ਹਿਰ ’ਚ ਕਾਂਗਰਸੀ ਮਾਯੂਸ ਨਜ਼ਰ ਆ ਰਹੇ ਸਨ ਅਤੇ ਕਾਂਗਰਸੀਆਂ ਦੀ ਆਪਸੀ ਫੁੱਟ ਨੇ ਸ਼ਹਿਰ ’ਚ ਪਾਰਟੀ ਦਾ ਬੇੜਾ ਗਰਕ ਕਰ ਦਿੱਤਾ ਸੀ ਪਰ ਹੁਣ ਇਹ ਪਾਰਟੀ ਆਉਣ ਵਾਲੀਆਂ ਨਿਗਮ ਚੋਣਾਂ ਲਈ ਸਰਗਰਮ ਤਾਂ ਦਿਸ ਰਹੀ ਹੈ ਪਰ ਅਜੇ ਵੀ ਇਸ ਵਿਚ ਪੂਰਾ ਕਰੰਟ ਨਹੀਂ ਹੈ।
ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਪਾਰਟੀ ਦੇ ਕਿਸੇ ਵੀ ਆਗੂ ਦੀ ਨਿਗਮ ਵਿਚ ਕੋਈ ਦਿਲਚਸਪੀ ਨਹੀਂ ਹੈ, ਜਿਸ ਕਾਰਨ ਮੌਜੂਦਾ ਸਮੇਂ ਨਿਗਮ ਅਧਿਕਾਰੀ ਮਜ਼ੇ ਕਰ ਰਹੇ ਹਨ ਅਤੇ ਸੁਧਰਨ ਦੀ ਬਜਾਏ ਨਿਗਮ ਦਾ ਸਿਸਟਮ ਲਗਾਤਾਰ ਵਿਗੜਦਾ ਜਾ ਰਿਹਾ ਹੈ। ਨਿਗਮ ਚੋਣਾਂ ਦੀ ਬਜਾਏ ਆਮ ਆਦਮੀ ਪਾਰਟੀ ਇਸ ਸਮੇਂ ਹਰਿਆਣਾਂ ਵੱਲ ਜ਼ਿਆਦਾ ਧਿਆਨ ਦੇ ਰਹੀ ਹੈ। ਕੁਝ ਸਮੇਂ ਬਾਅਦ ਪਾਰਟੀ ਦੇ ਅਾਗੂ ਪੰਚਾਇਤੀ ਚੋਣਾਂ ਵਿਚ ਰੁੱਝ ਜਾਣਗੇ।
ਇਹ ਵੀ ਪੜ੍ਹੋ- ਪੰਜਾਬ 'ਚ ਰੂਹ ਕੰਬਾਊ ਘਟਨਾ: ਕਟਰ ਦੀ ਮਸ਼ੀਨ 'ਚ ਆਇਆ ਡੇਢ ਸਾਲਾ ਬੱਚਾ, ਢਿੱਡ ਦੀਆਂ ਨਾੜਾਂ ਆਈਆਂ ਬਾਹਰ
ਨਿਗਮ ਦੀ ਕਾਰਗੁਜ਼ਾਰੀ ਕਾਰਨ ਰੋਜ਼ ‘ਆਪ’ਖ਼ਿਲਾਫ਼ ਹੋ ਰਹੇ ਪ੍ਰਦਰਸ਼ਨ
ਸ਼ਹਿਰ ਦੇ ਦਰਜਨਾਂ ਮੁਹੱਲੇ ਅਜਿਹੇ ਹਨ, ਜਿੱਥੇ ਹਜ਼ਾਰਾਂ ਲੋਕ ਸੀਵਰੇਜ ਬੰਦ ਹੋਣ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਅਤੇ ਲਗਭਗ ਹਰ ਰੋਜ਼ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਰੋਸ ਧਰਨੇ ਲੱਗ ਰਹੇ ਹਨ। ਇਨ੍ਹਾਂ ਧਰਨਿਆਂ ਨੂੰ ਨਾ ਤਾਂ ਨਿਗਮ ਅਧਿਕਾਰੀ ਗੰਭੀਰਤਾ ਨਾਲ ਲੈਂਦੇ ਹਨ ਅਤੇ ਨਾ ਹੀ ‘ਆਪ’ ਦਾ ਸੰਗਠਨ ਇਸ ਮਾਮਲੇ ਵਿਚ ਗੰਭੀਰਤਾ ਦਿਖਾ ਰਿਹਾ ਹੈ। ਅੱਜ ਵੀ ਬਸਤੀ ਬਾਵਾ ਖੇਲ, ਰਾਜ ਨਗਰ, ਗੌਤਮ ਨਗਰ, ਗਾਂਧੀ ਕੈਂਪ, ਰਾਮ ਨਗਰ, ਗਾਜ਼ੀਗੁੱਲਾ, ਪ੍ਰਭਾਤ ਨਗਰ, ਧੰਨੋਵਾਲੀ ਆਦਿ ਕਈ ਇਲਾਕੇ ਅਜਿਹੇ ਹਨ, ਜਿੱਥੇ ਸੀਵਰੇਜ ਦਾ ਪਾਣੀ ਲੰਮੇ ਸਮੇਂ ਤੋਂ ਗਲੀਆਂ ਵਿਚ ਖੜ੍ਹਾ ਹੈ ਅਤੇ ਘਰਾਂ ਵਿਚ ਬੈਕ ਮਾਰ ਰਿਹਾ ਹੈ, ਜਿਸ ਕਾਰਨ ਚਾਰੋਂ ਪਾਸੇ ਨਰਕ ਵਰਗਾ ਮਾਹੌਲ ਹੈ। ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਦੇ ਜਿਹੜੇ ਵਾਰਡਾਂ ਵਿਚ ਗੰਦਾ ਪਾਣੀ ਆ ਰਿਹਾ ਹੈ, ੳੁਥੇ ਵੀ ਫਾਲਟ ਦੂਰ ਨਹੀਂ ਕੀਤੇ ਜਾ ਰਹੇ। ਹਜ਼ਾਰਾਂ ਸਟਰੀਟ ਲਾਈਟਾਂ ਬੰਦ ਪਈਆਂ ਹਨ ਪਰ ਅਫਸਰਾਂ ਤੋਂ ਮਾਮਲਾ ਸੁਲਝ ਨਹੀਂ ਰਿਹਾ। ਟੁੱਟੀਆਂ ਸੜਕਾਂ ’ਤੇ ਪੈਚਵਰਕ ਨਹੀਂ ਹੋ ਰਹੇ। ਲੋਕਾਂ ਨੂੰ ਪੀਣ ਵਾਲਾ ਪਾਣੀ ਤਕ ਨਹੀਂ ਮਿਲ ਰਿਹਾ। ਨਿਗਮ ਦੀ ਅਜਿਹੀ ਕਾਰਗੁਜ਼ਾਰੀ ਨੂੰ ਲੈ ਕੇ ‘ਆਪ’ ਦੇ ਸੰਗਠਨ ਨਾਲ ਜੁੜਿਆ ਕੋਈ ਵੀ ਆਗੂ ਅੱਗੇ ਨਹੀਂ ਆ ਰਿਹਾ, ਜਦੋਂ ਕਿ ਇਸ ਕਾਰਨ ਸਰਕਾਰ ਖ਼ਿਲਾਫ਼ ਐਂਟੀ ਇਨਕੰਬੈਂਸੀ (ਸੱਤਾ ਵਿਰੋਧੀ ਭਾਵਨਾ) ਬਣ ਰਹੀ ਹੈ ਜੋ ਅਗਲੀਆਂ ਚੋਣਾਂ ਵਿਚ ਖ਼ਤਰਨਾਕ ਸਾਬਿਤ ਹੋਵੇਗੀ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਸੜਕ ਹਾਦਸੇ ਦਾ ਸ਼ਿਕਾਰ ਹੋਏ MLA ਗੋਲਡੀ ਕੰਬੋਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਹੁਣ ਰੇਲਵੇ ਸਟੇਸ਼ਨ 'ਚ ਸ਼ੱਕੀ ਹਾਲਾਤ 'ਚ ਘੁੰਮਣ ਵਾਲਿਆਂ ਦੀ ਖੈਰ ਨਹੀਂ, ਜਾਰੀ ਹੋਏ ਸਖ਼ਤ ਹੁਕਮ
NEXT STORY