ਜਲੰਧਰ (ਜ.ਬ.)— ਜੀ. ਟੀ. ਬੀ. ਐਵੇਨਿਊ 'ਚ ਜ਼ਿੰਦਾ ਕਤੂਰਿਆਂ ਨੂੰ ਸਾੜਨ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਨੌਕਰ ਮੇਦੀ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ। ਮੇਦੀ ਨੇ ਪੁੱਛਗਿੱਛ 'ਚ ਦਾਅਵਾ ਕੀਤਾ ਕਿ ਉਸ ਨੇ ਖੁਦ ਹੀ ਖਾਲੀ ਪਲਾਟ 'ਚ ਅੱਗ ਲਾਈ ਸੀ। ਐੱਨ. ਆਰ. ਆਈ. ਨੇ ਉਸ ਨੂੰ ਅੱਗ ਲਗਾਉਣ ਲਈ ਨਹੀਂ ਸਗੋਂ ਪਲਾਟ ਸਾਫ ਕਰਨ ਨੂੰ ਕਿਹਾ ਸੀ। ਪੁਲਸ ਗਾਇਬ ਹੋਏ ਕਤੂਰਿਆਂ ਦੀਆਂ ਲਾਸ਼ਾਂ ਦਾ ਸੁਰਾਗ ਲਗਾਉਣ ਲਈ ਇਲਾਕੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਗਾਲ ਰਹੀ ਹੈ ਪਰ ਅਜੇ ਤੱਕ ਲਾਸ਼ਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਮੇਦੀ ਨੇ ਵੀ ਕਿਹਾ ਕਿ ਉਸ ਨੇ ਲਾਸ਼ਾਂ ਨੂੰ ਦੇਖਿਆ ਨਹੀਂ ਅਤੇ ਨਾ ਹੀ ਉਨ੍ਹਾਂ ਬਾਰੇ ਕੁਝ ਜਾਣਕਾਰੀ ਹੈ। ਹਾਲਾਂਕਿ ਇਕ ਕੈਮਰਾ ਉਕਤ ਪਲਾਟ ਨੂੰ ਫੋਕਸ ਤਾਂ ਕਰਦਾ ਹੈ ਪਰ ਕੈਮਰੇ 'ਚ ਸਿਰਫ ਗੇਟ ਹੀ ਦਿਖ ਰਿਹਾ ਹੈ।
ਥਾਣਾ ਨੰ. 6 ਦੇ ਏ. ਐੱਸ. ਆਈ. ਰਾਜੇਸ਼ ਕੁਮਾਰ ਦਾ ਕਹਿਣਾ ਹੈ ਕਿ ਲਾਸ਼ਾਂ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜੇ ਤੱਕ ਚੈੱਕ ਕੀਤੇ ਸੀ. ਸੀ. ਟੀ. ਵੀ. ਕੈਮਰਿਆਂ 'ਚੋਂ ਕੁਝ ਸੁਰਾਗ ਨਹੀਂ ਮਿਲਿਆ ਹੈ। ਫਿਲਹਾਲ ਐੱਨ. ਆਰ. ਆਈ. ਪਰਿਵਾਰ ਦੀ ਕੋਈ ਭੂਮਿਕਾ ਨਜ਼ਰ ਨਹੀਂ ਆਈ ਹੈ ਕਿਉਂਕਿ ਮੇਦੀ ਸਾਰੇ ਦੋਸ਼ ਖੁਦ 'ਤੇ ਲੈ ਰਿਹਾ ਹੈ। ਮੇਦੀ ਵੱਖਰੇ ਪਲਾਟ 'ਚ ਰਹਿੰਦਾ ਹੈ, ਜੋ ਐੱਨ. ਆਰ. ਆਈ. ਪਰਿਵਾਰ ਲਈ ਸਾਫ-ਸਫਾਈ ਦਾ ਕੰਮ ਵੀ ਕਰਦਾ ਹੈ। ਇਸ ਮਾਮਲੇ 'ਚ ਥਾਣਾ ਨੰ. 6 ਦੀ ਪੁਲਸ ਨੇ ਸ਼ਨੀਵਾਰ ਨੂੰ ਮੇਦੀ ਖਿਲਾਫ ਐੱਫ. ਆਈ. ਆਰ. ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਹਾਲਾਂਕਿ ਸ਼ਿਕਾਇਤਕਰਤਾ ਰੀਨਾ ਕੋਹਲੀ ਨੇ ਐੱਨ. ਆਰ. ਆਈ. 'ਤੇ ਦੋਸ਼ ਲਾਏ ਸਨ ਕਿ ਉਨ੍ਹਾਂ ਨੂੰ ਖਾਲੀ ਪਲਾਟ 'ਚ ਕਤੂਰੇ ਹੋਣ ਦੀ ਜਾਣਕਾਰੀ ਸੀ ਪਰ ਫਿਰ ਵੀ ਪਲਾਟ 'ਚ ਅੱਗ ਲਗਾ ਦਿੱਤੀ ਗਈ।
ਜਾਣੋ ਕੌਣ ਹਨ ਫਤਿਹਗੜ੍ਹ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ
NEXT STORY