ਜਲੰਧਰ (ਪੁਨੀਤ)–ਬਿਜਲੀ ਖ਼ਪਤਕਾਰਾਂ ਨੂੰ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੇ ਪਾਵਰਕਾਮ ਵਿਚ ਵੱਡੇ ਪੱਧਰ ’ਤੇ ਸਟਾਫ਼ ਦੀ ਸ਼ਾਰਟੇਜ ਚੱਲ ਰਹੀ ਹੈ। ਟੈਕਨੀਕਲ ਕਰਮਚਾਰੀਆਂ ਦੀ ਘਾਟ ਕਾਰਨ ਸ਼ਿਕਾਇਤ ਲਿਖਾਉਣ ਤੋਂ ਬਾਅਦ ਸਮੇਂ ’ਤੇ ਬਿਜਲੀ ਦੀ ਮੁਰੰਮਤ ਨਹੀਂ ਹੋ ਪਾਉਂਦੀ। ਫਾਲਟ ਠੀਕ ਕਰਨ ਵਾਲੇ ਕਰਮਚਾਰੀਆਂ ਦੇ ਦੇਰੀ ਨਾਲ ਪਹੁੰਚਣ ਕਾਰਨ ਖ਼ਪਤਕਾਰਾਂ ਨੂੰ ਘੰਟਿਆਂਬੱਧੀ ਪਾਵਰਕੱਟਾਂ ਦੀ ਮਾਰ ਝੱਲਣੀ ਪੈਂਦੀ ਹੈ। ਹਨੇਰੀ-ਬਾਰਿਸ਼ ਦੇ ਮੌਸਮ ਵਿਚ ਹਾਲਾਤ ਬਹੁਤ ਖ਼ਰਾਬ ਹੋ ਜਾਂਦੇ ਹਨ। ਕਈ ਵਾਰ ਬਿਜਲੀ ਦੀ ਮੁਰੰਮਤ ਨਾ ਹੋ ਸਕਣ ਕਾਰਨ ਲੋਕਾਂ ਨੂੰ 1-2 ਦਿਨ ਬਿਨਾਂ ਬਿਜਲੀ ਦੇ ਗੁਜ਼ਾਰਨੇ ਪੈਂਦੇ ਹਨ, ਜਿਸ ਕਾਰਨ ਪਾਣੀ ਦੀ ਕਿੱਲਤ ਵੀ ਵਧ ਜਾਂਦੀ ਹੈ ਅਤੇ ਇਲਾਕੇ ਵਿਚ ਹਾਹਾਕਾਰ ਮਚ ਜਾਂਦੀ ਹੈ। ਜਲੰਧਰ ਸਰਕਲ ਦੀ ਗੱਲ ਕੀਤੀ ਜਾਵੇ ਤਾਂ ਇਸ ਅਧੀਨ 5 ਡਿਵੀਜ਼ਨਾਂ ਆਉਂਦੀਆਂ ਹਨ, ਜਿਨ੍ਹਾਂ ਵਿਚ ਜੇ. ਈ., ਲਾਈਨਮੈਨ, ਸਹਾਇਕ ਲਾਈਨਮੈਨ (ਏ. ਐੱਲ. ਐੱਮ.) ਨੂੰ ਮਿਲਾ ਕੇ ਟੈਕਨੀਕਲ ਸਟਾਫ਼ ਦੇ ਕੁੱਲ 1957 ਅਹੁਦੇ ਹਨ। ਇਨ੍ਹਾਂ ਵਿਚੋਂ 1565 ਅਹੁਦੇ ਖਾਲੀ ਪਏ ਹਨ ਅਤੇ ਇਸ ਸਮੇਂ ਸਿਰਫ 392 ਕਰਮਚਾਰੀ ਫੀਲਡ ਵਿਚ ਕੰਮ ਕਰਨ ਲਈ ਉਪਲੱਬਧ ਹਨ। ਤਾਜ਼ਾ ਪ੍ਰਾਪਤ ਹੋਏ ਅੰਕੜਿਆਂ ਮੁਤਾਬਕ ਇੰਨੀ ਵੱਡੀ ਸਟਾਫ ਦੀ ਸ਼ਾਰਟੇਜ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪਾਵਰਕਾਮ ਕਿੰਨੀ ਵੱਡੀ ਸਮੱਸਿਆ ਨਾਲ ਜੂਝ ਰਿਹਾ ਹੈ।
ਟੈਕਨੀਕਲ ਸਟਾਫ਼ ਦੀ ਘਾਟ ਨੂੰ ਪੂਰਾ ਕਰਨ ਲਈ ਵਿਭਾਗ ਵੱਲੋਂ ਕੰਪਲੇਂਟ ਹੈਂਡਲਿੰਗ ਬਾਈਕ (ਸੀ. ਐੱਚ. ਬੀ.) ਕਰਮਚਾਰੀਆਂ ਨੂੰ ਠੇਕੇ ’ਤੇ ਰੱਖਿਆ ਗਿਆ ਹੈ। ਵਿਭਾਗੀ ਅੰਕੜਿਆਂ ਮੁਤਾਬਕ 413 ਸੀ. ਐੱਚ. ਬੀ. ਕਰਮਚਾਰੀ ਕਾਰਜਸ਼ੀਲ ਹਨ। ਪੱਕੇ ਕਰਮਚਾਰੀਆਂ ਅਤੇ ਸੀ. ਐੱਚ. ਬੀ. ਨੂੰ ਮਿਲਾ ਕੇ ਵੀ ਟੈਕਨੀਕਲ ਸਟਾਫ ਦੇ ਖਾਲੀ ਅਹੁਦਿਆਂ ਦੀ ਪੂਰਤੀ ਨਹੀਂ ਹੁੰਦੀ। ਦੂਜੇ ਪਾਸੇ ਵਿਭਾਗ ਦੇ ਨਿਯਮਾਂ ਮੁਤਾਬਕ ਕੰਪਲੇਂਟ ਹੈਂਡਲਿੰਗ ਬਾਈਕ ਕਰਮਚਾਰੀਆਂ ਤੋਂ ਸਪੋਰਟਿੰਗ ਸਟਾਫ ਦੇ ਤੌਰ ’ਤੇ ਕੰਮ ਕਰਵਾਇਆ ਜਾਂਦਾ ਹੈ। ਉਕਤ ਕਰਮਚਾਰੀਆਂ ਨੇ ਵਿਭਾਗੀ ਲਾਈਨਮੈਨ ਜਾਂ ਸਹਾਇਕ ਲਾਈਨਮੈਨ ਦੀ ਨਿਗਰਾਨੀ ਵਿਚ ਕੰਮ ਕਰਨਾ ਹੁੰਦਾ ਹੈ। ਕੁੱਲ ਮਿਲਾ ਕੇ ਇਹ ਗੱਲ ਸਾਫ ਹੁੰਦੀ ਹੈ ਕਿ ਬਿਜਲੀ ਦੀ ਖਰਾਬੀ ਦੇ ਕੇਸ ਵਧਣ ’ਤੇ ਵਿਭਾਗ ਕੋਲ ਲੋੜੀਂਦੀ ਗਿਣਤੀ ਵਿਚ ਸਟਾਫ਼ ਮੁਹੱਈਆ ਨਹੀਂ ਹੈ, ਇਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ।
ਅਧਿਕਾਰੀਆਂ ਵੱਲੋਂ ਸਮੇਂ-ਸਮੇਂ ’ਤੇ ਉੱਚ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਇਸ ਬਾਰੇ ਸੂਚਿਤ ਕੀਤਾ ਜਾਂਦਾ ਹੈ ਤਾਂ ਕਿ ਸਮੱਸਿਆ ਦਾ ਹੱਲ ਹੋ ਸਕੇ ਪਰ ਸਾਲਾਂ ਤੋਂ ਚਲੀ ਆ ਰਹੀ ਇਸ ਸਮੱਸਿਆ ਦਾ ਹੱਲ ਨਹੀਂ ਹੋ ਪਾ ਰਿਹਾ ਅਤੇ ਸਮੱਸਿਆ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਸਟਾਫ਼ ਦੀ ਸ਼ਾਰਟੇਜ ਕਾਰਨ ਜੇ. ਈ., ਐੱਸ. ਡੀ.ਓ. ਤੋਂ ਲੈ ਕੇ ਡਵੀਜ਼ਨ ਦੇ ਐਕਸੀਅਨ ਤਕ ਪ੍ਰੇਸ਼ਾਨ ਹਨ। ਮੌਸਮ ਦੀ ਖਰਾਬੀ ਕਾਰਨ ਸ਼ਿਕਾਇਤਾਂ ਵਧਣ ’ਤੇ ਅਧਿਕਾਰੀ ਕਈ ਵਾਰ ਬੇਵੱਸ ਨਜ਼ਰ ਆਉਂਦੇ ਹਨ। ਅਧਿਕਾਰੀ ਭਾਵੇਂ ਖੁੱਲ੍ਹ ਕੇ ਕੁਝ ਨਹੀਂ ਕਹਿੰਦੇ ਪਰ ਉਨ੍ਹਾਂ ਦੀ ਪ੍ਰੇਸ਼ਾਨੀ ਖਾਲੀ ਪਏ ਅੰਕੜਿਆਂ ਤੋਂ ਨਜ਼ਰ ਆਉਂਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਟਾਫ ਦੀ ਸ਼ਾਰਟੇਜ ਦਾ ਪੱਕਾ ਹੱਲ ਕੱਢਣਾ ਚਾਹੀਦਾ ਹੈ।
ਇਹ ਵੀ ਪੜ੍ਹੋ-ਨਿੱਜੀ ਹੋਟਲ 'ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਇਤਰਾਜ਼ਯੋਗ ਹਾਲਾਤ 'ਚ ਫੜੇ ਕੁੜੀਆਂ-ਮੁੰਡੇ

ਅਹਿਮ ਮੰਨੇ ਜਾਂਦੇ ਜੇ. ਈਜ਼ ਦੀ ਸਭ ਤੋਂ ਜ਼ਿਆਦਾ ਘਾਟ
ਪਾਵਰਕਾਮ ਵਿਚ ਜੇ. ਈ. ਦੇ ਅਹੁਦੇ ਨੂੰ ਅਹਿਮ ਮੰਨਿਆ ਜਾਂਦਾ ਹੈ। ਬਿਜਲੀ ਦੀ ਰਿਪੇਅਰ ਕਰਨ ਲਈ ਸਬ-ਸਟੇਸ਼ਨ ਤੋਂ ਸ਼ੱਟਡਾਊਨ ਲੈਣਾ ਹੋਵੇ ਤਾਂ ਪਰਮਿਟ ਲੈਣ ਦੇ ਅਧਿਕਾਰ ਜੇ. ਈ. ਕੋਲ ਹੁੰਦੇ ਹਨ। ਅਜਿਹੇ ਵਿਚ ਲਾਈਨ ਦੀ ਖਰਾਬੀ ਆਉਣ ’ਤੇ ਜੇ. ਈ. ਤੋਂ ਬਿਨਾਂ ਫਾਲਟ ਠੀਕ ਨਹੀਂ ਹੋ ਸਕਦਾ। ਜਲੰਧਰ ਸਰਕਲ ਵਿਚ ਜੇ. ਈਜ਼ ਦੀਆਂ 176 ਪੋਸਟਾਂ ਵਿਚੋਂ ਸਿਰਫ 79 ’ਤੇ ਜੇ. ਈਜ਼ ਤਾਇਨਾਤ ਹਨ, ਜਦੋਂ ਕਿ 97 ਪੋਸਟਾਂ ਖਾਲੀ ਪਈਆਂ ਹਨ। ਕਈ ਵਾਰ ਜੇ. ਈ. ਦੇ ਨਾ ਪਹੁੰਚ ਸਕਣ ’ਤੇ ਲਾਈਨ ’ਤੇ ਕੰਮ ਸ਼ੁਰੂ ਨਹੀਂ ਹੋ ਪਾਉਂਦਾ। ਜਾਣਕਾਰਾਂ ਦਾ ਕਹਿਣਾ ਹੈ ਕਿ ਵਿਭਾਗ ਨੂੰ ਜੇ. ਈ. ਦੀਆਂ ਪੋਸਟਾਂ ਭਰਨ ਵੱਲ ਧਿਆਨ ਦੇਣਾ ਚਾਹੀਦਾ ਹੈ।
ਤੇਜ਼ੀ ਨਾਲ ਵਧ ਰਹੇ ਕੁਨੈਕਸ਼ਨ, ਕਰਮਚਾਰੀ ਹੋ ਰਹੇ ਰਿਟਾਇਰਡ
ਪਾਵਰਕਾਮ ਵਿਚ ਜਿਹੜੇ ਅੰਕੜਿਆਂ ਮੁਤਾਬਕ ਅਹੁਦਿਆਂ ਦੀ ਗਿਣਤੀ ਕੀਤੀ ਜਾ ਰਹੀ ਹੈ, ਉਹ ਪੁਰਾਣੇ ਗਣਿਤ ਦੇ ਹਿਸਾਬ ਨਾਲ ਚਲੇ ਆ ਰਹੇ ਹਨ, ਜਦਕਿ ਮੌਜੂਦਾ ਸਮੇਂ ਵਿਚ ਦੇਖਿਆ ਜਾਵੇ ਤਾਂ ਬਿਜਲੀ ਕੁਨੈਕਸ਼ਨਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਉਥੇ ਹੀ, ਵਿਭਾਗ ਵਿਚ ਕੰਮ ਕਰਦੇ ਪੱਕੇ ਕਰਮਚਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਕਰਮਚਾਰੀ ਰਿਟਾਇਰ ਹੋ ਰਹੇ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਟੈਕਨੀਕਲ ਕਰਮਚਾਰੀਆਂ ਨੂੰ ਕੁਨੈਕਸ਼ਨਾਂ ਦੇ ਹਿਸਾਬ ਨਾਲ ਵੰਡਿਆ ਜਾਵੇ ਤਾਂ ਖਾਲੀ ਅਹੁਦਿਆਂ ਦੀ ਗਿਣਤੀ ਵਿਚ ਬੇਹੱਦ ਇਜ਼ਾਫਾ ਹੋਵੇਗਾ।
ਪੱਕੀ ਨੌਕਰੀ ਪ੍ਰਤੀ ਜਲੰਧਰ ਦੇ ਨੌਜਵਾਨਾਂ ਦਾ ਨਹੀਂ ਦਿਸ ਰਿਹਾ ਜ਼ਿਆਦਾ ਕ੍ਰੇਜ਼
ਪਾਵਰਕਾਮ ਪਿਛਲੇ ਸਮੇਂ ਦੌਰਾਨ ਕੀਤੀ ਗਈ ਪੱਕੀ ਭਰਤੀ ਦੇ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਹੈਰਾਨੀਜਨਕ ਅੰਕੜੇ ਸਾਹਮਣੇ ਆਉਂਦੇ ਹਨ। ਜਲੰਧਰ ਦੇ ਨੌਜਵਾਨਾਂ ਦੀ ਪਾਵਰਕਾਮ ਵਿਚ ਭਰਤੀ ਪ੍ਰਤੀ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ ਦਿੰਦੀ। ਖਾਸ ਕਰ ਕੇ ਦੋਆਬਾ ਦੇ ਨੌਜਵਾਨਾਂ ਦਾ ਵਿਦੇਸ਼ ਜਾਣ ਪ੍ਰਤੀ ਰੁਝਾਨ ਜ਼ਿਆਦਾ ਦਿਸ ਰਿਹਾ ਹੈ, ਜਿਸ ਕਾਰਨ ਪਾਵਰਕਾਮ ਵਿਚ ਭਰਤੀ ਲਈ ਨਵੇਂ ਕਰਮਚਾਰੀਆਂ ਵਿਚ ਦੂਜੇ ਜ਼ਿਲਿਆਂ ਦੀ ਥਾਂ ’ਤੇ ਜਲੰਧਰ ਦੇ ਨੌਜਵਾਨਾਂ ਦੀ ਗਿਣਤੀ ਘਟ ਰਹੀ ਹੈ। ਕੁੱਲ ਮਿਲਾ ਕਿਹਾ ਜਾ ਸਕਦਾ ਹੈ ਕਿ ਜਲੰਧਰ ਦੇ ਨੌਜਵਾਨਾਂ ਦਾ ਪਾਵਰਕਾਮ ਵਿਚ ਪੱਕੀ ਭਰਤੀ ਪ੍ਰਤੀ ਜ਼ਿਆਦਾ ਕ੍ਰੇਜ਼ ਵੇਖਣ ਨੂੰ ਨਹੀਂ ਮਿਲ ਰਿਹਾ।
ਇਹ ਵੀ ਪੜ੍ਹੋ-ਜਲੰਧਰ ਦੇ ਬਸਤੀ ਗੁਜ਼ਾਂ 'ਚ ਹੋਏ ਕਰਿਆਨਾ ਸਟੋਰ ਮਾਲਕ ਦਾ ਮਰਡਰ ਕੇਸ ਟਰੇਸ, ਕਾਤਲ ਗ੍ਰਿਫ਼ਤਾਰ, ਹੋਏ ਵੱਡੇ ਖ਼ੁਲਾਸੇ
ਸੰਘਰਸ਼ ਕਰ ਰਹੇ ਠੇਕੇ ’ਤੇ ਕੰਮ ਕਰਦੇ ਸੀ. ਐੱਚ. ਬੀ. ਕਰਮਚਾਰੀ
ਕੰਪਲੇਂਟ ਹੈਂਡਲਿੰਗ ਬਾਈਕ ਕਰਮਚਾਰੀ ਪੱਕੀ ਨੌਕਰੀ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ। ਵੱਡੀ ਗਿਣਤੀ ਵਿਚ ਅਜਿਹੇ ਕਰਮਚਾਰੀ ਕੰਮ ਕਰ ਰਹੇ ਹਨ, ਜਿਨ੍ਹਾਂ ਨੂੰ ਸੇਵਾਵਾਂ ਦਿੰਦਿਆਂ ਕਈ-ਕਈ ਸਾਲ ਹੋ ਚੁੱਕੇ ਹਨ। ਸੀ. ਐੱਚ. ਬੀ. ਯੂਨੀਅਨ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਵਿਭਾਗ ਨਵੀਂ ਭਰਤੀ ਕਰਨ ਦੀ ਥਾਂ ਠੇਕੇ ’ਤੇ ਕੰਮ ਕਰਨ ਵਾਲੇ ਮੌਜੂਦਾ ਕਰਮਚਾਰੀਆਂ ਨੂੰ ਵਿਭਾਗ ਵਿਚ ਪੱਕਾ ਕਰੇ ਤਾਂ ਕਿ ਨੌਜਵਾਨਾਂ ਨੂੰ ਅੱਗੇ ਆਉਣ ਦਾ ਮੌਕਾ ਮਿਲ ਜਾਵੇ। ਉਕਤ ਕਰਮਚਾਰੀਆਂ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਅਤੇ ਰੋਸ ਰੈਲੀ ਕੀਤੀ ਜਾ ਰਹੀ ਹੈ।
ਕੁੱਟਮਾਰ ਦਾ ਸ਼ਿਕਾਰ ਹੋ ਰਿਹਾ ਟੈਕਨੀਕਲ ਸਟਾਫ਼
ਫਾਲਟ ਠੀਕ ਕਰਨ ਲਈ ਜਾਣ ਵਾਲੇ ਟੈਕਨੀਕਲ ਕਰਮਚਾਰੀ ਕਈ ਵਾਰ ਸਮੇਂ ’ਤੇ ਨਹੀਂ ਪਹੁੰਚ ਪਾਉਂਦੇ, ਜਿਸ ਕਾਰਨ ਉਨ੍ਹਾਂ ਦਾ ਲੋਕਾਂ ਨਾਲ ਝਗੜਾ ਹੋ ਜਾਂਦਾ ਹੈ। ਕਈ ਵਾਰ ਨੌਬਤ ਕੁੱਟਮਾਰ ਤਕ ਪਹੁੰਚ ਜਾਂਦੀ ਹੈ। ਉਥੇ ਹੀ, ਸ਼ਿਕਾਇਤ ਕੇਂਦਰਾਂ ਵਿਚ ਲੋਕਾਂ ਦਾ ਪ੍ਰਦਰਸ਼ਨ ਵੀ ਆਮ ਗੱਲ ਹੈ। ਸਟਾਫ ਦਾ ਕਹਿਣਾ ਹੈ ਕਿ ਉਹ ਇਕ ਸ਼ਿਕਾਇਤ ਨੂੰ ਨਿਪਟਾਉਣ ਤੋਂ ਬਾਅਦ ਹੀ ਦੂਜੀ ਸ਼ਿਕਾਇਤ ਦੂਰ ਕਰਨ ਲਈ ਜਾ ਸਕਦੇ ਹਨ। ਲੋਕਾਂ ਨੂੰ ਸ਼ਿਕਾਇਤ ਰਹਿੰਦੀ ਹੈ ਕਿ ਸਟਾਫ ਸ਼ਿਕਾਇਤਾਂ ਨੂੰ ਲੈ ਕੇ ਧਿਆਨ ਨਹੀਂ ਦਿੰਦਾ।
ਪੱਕੀ ਭਰਤੀ ਕਰ ਰਹੀ ਸਰਕਾਰ, ਜਲਦ ਭਰੇ ਜਾਣਗੇ ਅਹੁਦੇ: ਅਧਿਕਾਰੀ
ਉਥੇ ਹੀ, ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਪਾਵਰਕਾਮ ਵਿਚ ਵੱਡੇ ਪੱਧਰ ’ਤੇ ਭਰਤੀ ਕੀਤੀ ਜਾ ਰਹੀ ਹੈ, ਜਿਸ ਤਹਿਤ ਆਉਣ ਵਾਲੇ ਸਮੇਂ ਵਿਚ ਖਾਲੀ ਅਹੁਦੇ ਭਰ ਦਿੱਤੇ ਜਾਣਗੇ। ਇਸ ਕੜੀ ਤਹਿਤ ਪਿਛਲੇ ਸਮੇਂ ਦੌਰਾਨ ਜਿਹੜੀ ਭਰਤੀ ਕੀਤੀ ਗਈ ਹੈ, ਉਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿਚ ਵੀ ਪੱਕੀ ਭਰਤੀ ਲਈ ਕਰਮਚਾਰੀਆਂ ਨੂੰ ਭਰਤੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ-ਦਾਦੇ ਨਾਲ ਮੇਲਾ ਵੇਖ ਕੇ ਪਰਤ ਰਹੀ ਪੋਤੀ ਨੂੰ ਜਬਰੀ ਚੁੱਕ ਕੇ ਲੈ ਗਿਆ ਸ਼ਖ਼ਸ, ਕੀਤਾ ਘਿਨੌਣਾ ਕਾਰਾ
ਟੈਕਨੀਕਲ ਸਟਾਫ਼ ਤੋਂ ਲਿਆ ਜਾ ਰਿਹਾ ਨਾਨ-ਟੈਕਨੀਕਲ ਕੰਮ
ਟੈਕਨੀਕਲ ਸਟਾਫ਼ ਦੀ ਘਾਟ ਦੇ ਬਾਵਜੂਦ ਉਨ੍ਹਾਂ ਤੋਂ ਨਾਨ-ਟੈਕਨੀਕਲ ਕੰਮ ਲਿਆ ਜਾ ਰਿਹਾ ਹੈ। ਅੱਧੀ ਦਰਜਨ ਦੇ ਲਗਭਗ ਟੈਕਨੀਕਲ ਕਰਮਚਾਰੀ ਪਾਵਰਕਾਮ ਨਾਰਥ ਜ਼ੋਨ ਦੇ ਹੈੱਡ ਆਫਿਸ ਸ਼ਕਤੀ ਸਦਨ ਵਿਚ ਡਿਊਟੀ ਕਰ ਰਹੇ ਹਨ। ਵਿਭਾਗੀ ਜਾਣਕਾਰੀ ਮੁਤਾਬਕ 2 ਸਬ-ਸਟੇਸ਼ਨਾਂ ਦਾ ਕੰਮ ਚਲਾਉਣ ਵਾਲੇ ਕਰਮਚਾਰੀਆਂ ਤੋਂ ਸ਼ਕਤੀ ਸਦਨ ਵਿਚ ਨਾਨ-ਟੈਕਨੀਕਲ ਕੰਮ ਲਿਆ ਜਾ ਰਿਹਾ ਹੈ। ਇਨ੍ਹਾਂ ਕਰਮਚਾਰੀਆਂ ਵਿਚ ਸਬ-ਸਟੇਸ਼ਨ ਐੱਸ. ਐੱਸ. ਓ. (ਜੇ. ਈ.) ਦੀ ਡਿਊਟੀ ਵਾਲੇ ਗੁਰਕ੍ਰਿਪਾਲ ਨੂੰ ਸ਼ਕਤੀ ਸਦਨ ਵਿਚ ਕਲਰਕ ਦਾ ਕੰਮ ਸੌਂਪਿਆ ਗਿਆ ਹੈ। ਸਬ-ਸਟੇਸ਼ਨ ਵਿਚ ਕੰਮ ਕਰਨ ਵਾਲੇ ਪ੍ਰਭਜੋਤ (ਆਰ. ਟੀ. ਐੱਮ.) ਨੂੰ ਟਾਈਪਿੰਗ ’ਤੇ ਲਾਇਆ ਗਿਆ ਹੈ। ਲਾਈਨਮੈਨ ਭੱਟੀ ਨੂੰ ਸ਼ਕਤੀ ਸਦਨ ਵਿਚ ਸਥਿਤ ਸਿਵਲ ਉਸਾਰੀ ਮੰਡਲ ਵਿਚ ਤਨਖਾਹ ਬਣਾਉਣ ਦੀ ਡਿਊਟੀ ’ਤੇ ਲਾਇਆ ਗਿਆ ਹੈ। ਇ ਸੇ ਤਰ੍ਹਾਂ ਚੀਫ ਇੰਜੀਨੀਅਰ ਦਫਤਰ ਵਿਚ ਸਥਿਤ ਟੀ. ਐੱਲ. ਮੰਡਲ ਵਿਚ ਲਾਈਨਮੈਨ ਜਵਾਹਰ ਤੋਂ ਕਲਰਕ ਦਾ ਕੰਮ ਲਿਆ ਜਾ ਰਿਹਾ ਹੈ। ਚੀਫ ਇੰਜੀਨੀਅਰ ਦੇ ਸ਼ਕਤੀ ਸਦਨ ਦਫਤਰ ਤੋਂ ਇਲਾਵਾ ਪਾਵਰਕਾਮ ਦੇ ਦੂਜੇ ਦਫਤਰਾਂ ਵਿਚ ਟੈਕਨੀਕਲ ਸਟਾਫ ਤੋਂ ਨਾਨ-ਟੈਕਨੀਕਲ ਕੰਮ ਲਿਆ ਜਾ ਰਿਹਾ ਹੈ। ਟੈਕਨੀਕਲ ਵਿਚ ਭਰਤੀ ਦੇ ਬਾਵਜੂਦ ਮਾਡਲ ਟਾਊਨ ਡਵੀਜ਼ਨ ਵਿਚ ਅਸਿਸਟੈਂਟ ਲਾਈਨਮੈਨ ਸੋਢੀ ਤੋਂ ਕਲਰਕ ਦਾ ਕੰਮ ਲਿਆ ਜਾ ਰਿਹਾ ਹੈ। ਮਾਡਲ ਟਾਊਨ ਡਵੀਜ਼ਨ ਦੀ ਆਬਾਦਪੁਰਾ ਦੀ ਸਬ-ਡਿਵੀਜ਼ਨ ਵਿਚ ਲਾਈਨਮੈਨ ਪ੍ਰਦੁਮਨ ਤੋਂ ਮੀਟਰ ਰੀਡਰ ਦਾ ਕੰਮ ਲਿਆ ਜਾ ਰਿਹਾ ਹੈ। ਮੀਟਰ ਰੀਡਰ ਦੇ ਕੰਮ ਦੀ ਪੋਸਟ ਨੂੰ ਨਾਨ-ਟੈਕਨੀਕਲ ਅਧੀਨ ਲਿਆ ਜਾਂਦਾ ਹੈ।
ਚੁਗਿੱਟੀ ਨੇੜੇ ਸਥਿਤ ਸਕਾਡਾ ਸੈਂਟਰ ਵਿਚ ਅਧਿਕਾਰੀਆਂ ਦੀ ਛਤਰ-ਛਾਇਆ ਹੇਠ ਕਈ ਕਰਮਚਾਰੀ ਨਾਨ-ਟੈਕਨੀਕਲ ਅਹੁਦੇ ’ਤੇ ਤਾਇਨਾਤ ਹਨ। ਸਬ-ਸਟੇਸ਼ਨ ਅਟੈਂਡੈਂਟ ਸਾਹਿਲ (ਐੱਸ. ਐੱਸ. ਏ.) ਸਕਾਡਾ ਸੈਂਟਰ ਚੌਗਿੱਟੀ ਬਾਈਪਾਸ ਵਿਚ ਐਸਟੀਮੇਟ ਬਣਾਉਣ ਤੇ ਰਸੀਦਾਂ ਪ੍ਰਾਪਤ ਕਰਨ ਦਾ ਕੰਮ ਕਰਦਾ ਹੈ। ਇਸੇ ਦਫਤਰ ਵਿਚ ਤਜਿੰਦਰ (ਆਰ. ਟੀ. ਐੱਮ.) ਨੂੰ ਟਾਈਪਿੰਗ ਦੇ ਕੰਮ ’ਤੇ ਲਾਇਆ ਗਿਆ ਹੈ। ਉਥੇ ਹੀ, ਵਰਿੰਦਰ ਆਰ. ਟੀ. ਐੱਮ. ਨੂੰ ਸਕਾਡਾ ਡਵੀਜ਼ਨ ਵਿਚ ਲਾਇਆ ਗਿਆ ਹੈ। ਸੀ. ਐੱਮ. ਡੀ. ਵੱਲੋਂ ਐਕਸ਼ਨ ਲੈਣ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਇਸ ’ਤੇ ਬਣਦੀ ਕਾਰਵਾਈ ਨਹੀਂ ਹੋ ਸਕੀ।
ਇਹ ਵੀ ਪੜ੍ਹੋ- ਭੋਗਪੁਰ ਦੇ ਰੈਸਟੋਰੈਂਟ ’ਚ ਤਨਖ਼ਾਹ ਨੂੰ ਲੈ ਕੇ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ, ਭੰਨੇ ਕੁਰਸੀਆਂ ਤੇ ਟੇਬਲ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਸ਼ਰਾਬੀ ਕਾਰ ਚਾਲਕ ਨੇ ਮੋਟਰਸਾਈਕਲ ਸਵਾਰ ਨੂੰ ਮਾਰੀ ਟਕੱਰ, ਹੋਇਆ ਹੰਗਾਮਾ
NEXT STORY