ਜਲੰਧਰ (ਖੁਰਾਣਾ)— ਸ਼ਹਿਰ ਦੇ ਮੇਨ ਡੰਪ ਵਰਿਆਣਾ 'ਚ ਰਸਤੇ ਦੀ ਸਮੱਸਿਆ ਆ ਜਾਣ ਕਾਰਨ ਬੀਤੇ ਦਿਨ ਸ਼ਹਿਰ 'ਚੋਂ ਕੂੜਾ ਨਹੀਂ ਚੁੱਕਿਆ ਜਾ ਸਕਿਆ। ਇਸੇ ਕਰਕੇ ਸ਼ਹਿਰ ਦੀਆਂ ਸੜਕਾਂ 'ਤੇ ਕੂੜੇ ਦੇ ਢੇਰ ਲੱਗੇ ਰਹੇ ਅਤੇ ਇਕ ਹਜ਼ਾਰ ਟਨ ਤੋਂ ਵੱਧ ਕੂੜਾ ਜਮ੍ਹਾ ਹੋ ਗਿਆ। ਪਿਛਲੇ ਦਿਨੀਂ ਪਏ ਮੀਂਹ ਕਾਰਨ ਵੀ ਸ਼ਹਿਰ 'ਚੋਂ ਕੂੜੇ ਦੀ ਲਿਫਟਿੰਗ ਪ੍ਰਭਾਵਿਤ ਹੋਈ ਸੀ ਅਤੇ ਬੀਤੇ ਦਿਨ ਤਾਂ ਬਿਲਕੁਲ ਵੀ ਕੂੜਾ ਨਹੀਂ ਚੁੱਕਿਆ ਜਾ ਸਕਿਆ।
ਜ਼ਿਕਰਯੋਗ ਹੈ ਕਿ ਐਤਵਾਰ ਵਰਿਆਣਾ ਡੰਪ 'ਤੇ ਕੂੜਾ ਸੁੱਟਣ ਜਾ ਰਹੀ ਇਕ ਗੱਡੀ ਨੂੰ ਪਿੱਛਿਓਂ ਧੱਕਾ ਲਾ ਰਹੀ ਡਿੱਚ ਮਸ਼ੀਨ ਪਲਟ ਗਈ ਸੀ ਅਤੇ ਇਕ ਡਰਾਈਵਰ ਨੂੰ ਸੱਟਾਂ ਵੀ ਲੱਗੀਆਂ ਸਨ। ਜੇਕਰ 'ਚ ਜ਼ਿਆਦਾ ਪਲਟੀਆਂ ਖਾ ਜਾਂਦੀ ਤਾਂ ਹਾਦਸਾ ਹੋਰ ਭਿਆਨਕ ਹੋ ਸਕਦਾ ਸੀ। ਇਸ ਡਰੋਂ ਨਿਗਮ ਦੇ ਡਰਾਈਵਰਾਂ ਨੇ ਵਰਿਆਣਾ ਡੰਪ 'ਤੇ ਬਣੇ ਕੂੜੇ ਦੇ ਪਹਾੜਾਂ 'ਤੇ ਗੱਡੀਆਂ ਚੜ੍ਹਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਸਾਫ ਕਿਹਾ ਕਿ ਜਦੋਂ ਤੱਕ ਸੇਫ ਰਸਤਾ ਨਹੀਂ ਬਣਾਇਆ ਜਾਂਦਾ ਉੱਪਰ ਜਾ ਕੇ ਕੂੜਾ ਨਹੀਂ ਸੁੱਟਿਆ ਜਾਵੇਗਾ।
ਡਰਾਈਵਰਾਂ ਦੀ ਇਸ ਚਿਤਾਵਨੀ ਨੂੰ ਦੇਖਦੇ ਹੋਏ ਨਿਗਮ ਨੇ ਅੱਜ ਆਪਣੀਆਂ ਕੂੜਾ ਢੋਣ ਵਾਲੀਆਂ ਗੱਡੀਆਂ 'ਚ ਮਲਬਾ ਚੁੱਕਣ ਦਾ ਕੰਮ ਕੀਤਾ ਅਤੇ 70-80 ਟਰੱਕ ਮਲਬੇ ਦੇ ਭਰ ਕੇ ਵਰਿਆਣਾ ਡੰਪ 'ਤੇ ਸੁੱਟੇ ਗਏ ਅਤੇ ਥੋੜ੍ਹਾ-ਬਹੁਤ ਰਸਤਾ ਬਣਾਇਆ ਗਿਆ। ਨਿਗਮ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਕ-ਦੋ ਦਿਨ 'ਚ ਕੂੜੇ ਦੀ ਲਿਫਟਿੰਗ ਦਾ ਕੰਮ ਸ਼ੁਰੂ ਹੋ ਜਾਵੇਗਾ।
ਵਿਧਾਇਕ ਬਾਵਾ ਹੈਨਰੀ ਅਤੇ ਬੇਰੀ ਨੇ ਕੀਤੇ ਫੋਨ
ਸ਼ਹਿਰ 'ਚ ਕੂੜੇ ਦੀ ਵਧਦੀ ਜਾ ਰਹੀ ਸਮੱਸਿਆ ਨੂੰ ਦੇਖ ਕੇ ਸ਼ਹਿਰ ਦੇ ਕਾਂਗਰਸੀ ਵਿਧਾਇਕ ਵੀ ਪ੍ਰੇਸ਼ਾਨ ਦਿਖ ਰਹੇ ਹਨ। ਵਿਧਾਇਕ ਬਾਵਾ ਹੈਨਰੀ ਨੇ ਵੀ ਬੀਤੇ ਦਿਨ ਨਿਗਮ ਅਧਿਕਾਰੀਆਂ ਨੂੰ ਫੋਨ ਕਰ ਕੇ ਕੂੜੇ ਸਬੰਧੀ ਸ਼ਿਕਾਇਤ ਕੀਤੀ, ਜਿਸ ਬਾਰੇ ਨਿਗਮ ਦੀ ਅਡੀਸ਼ਨਲ ਕਮਿਸ਼ਨਰ ਬਬੀਤਾ ਕਲੇਰ ਨੇ ਹੈਲਥ ਅਫਸਰ ਡਾ. ਕ੍ਰਿਸ਼ਨ ਸ਼ਰਮਾ ਨੂੰ ਨਾਲ ਲੈ ਕੇ ਕੌਂਸਲਰ ਬਾਹਰੀ ਦੇ ਵਾਰਡ ਦਾ ਦੌਰਾ ਕੀਤਾ, ਜਿੱਥੇ ਕੂੜੇ ਕਾਰਨ ਗੰਭੀਰ ਸਮੱਸਿਆਵਾਂ ਆ ਰਹੀਆਂ ਹਨ। ਵਿਧਾਇਕ ਬੇਰੀ ਨੇ ਵੀ ਬੀਤੇ ਦਿਨ ਬਾਅਦ ਦੁਪਹਿਰ ਨਿਗਮ ਅਧਿਕਾਰੀਆਂ ਨੂੰ ਫੋਨ ਕਰ ਕੇ ਕੂੜਾ ਨਾ ਚੁੱਕੇ ਜਾਣ ਦਾ ਕਾਰਨ ਪੁੱਛਿਆ। ਉਧਰ ਵਿਧਾਇਕ ਸੁਸ਼ੀਲ ਰਿੰਕੂ ਵੀ ਨਹਿਰ ਦੇ ਕਿਨਾਰੇ ਬਣੇ ਡੰਪ, ਲਾਇਲਪੁਰ ਸਕੂਲ ਡੰਪ ਆਦਿ ਦੀ ਹਾਲਤ ਨੂੰ ਲੈ ਕੇ ਨਿਗਮ ਅਧਿਕਾਰੀਆਂ ਨਾਲ ਕਾਫੀ ਨਾਰਾਜ਼ ਹਨ। ਵਿਧਾਇਕ ਪ੍ਰਗਟ ਸਿੰਘ ਦੇ ਖੇਤਰ 'ਚ ਆਉਂਦੇ ਮਾਡਲ ਟਾਊਨ ਸ਼ਮਸ਼ਾਨਘਾਟ ਡੰਪ ਅਤੇ ਜੋਤੀ ਨਗਰ ਡੰਪ ਦੀ ਹਾਲਤ ਵੀ ਜ਼ਿਆਦਾ ਚੰਗੀ ਨਹੀਂ ਹੈ, ਜਿਸ ਕਾਰਨ ਪੂਰੇ ਸ਼ਹਿਰ ਦਾ ਕੂੜਾ ਆਉਣ ਵਾਲੇ ਦਿਨਾਂ 'ਚ ਫਿਰ ਮੁੱਦਾ ਬਣ ਕੇ ਉੱਭਰ ਸਕਦਾ ਹੈ।
ਬਾਹਰੀ ਦੇ ਵਾਰਡ ਦੇ ਘਰਾਂ 'ਚੋਂ ਨਹੀਂ ਚੁੱਕਿਆ ਜਾ ਰਿਹਾ ਕੂੜਾ, ਗਲੀਆਂ, ਬਾਜ਼ਾਰਾਂ 'ਚ ਲੱਗੇ ਢੇਰ
ਨਾਰਥ ਵਿਧਾਨ ਸਭਾ ਖੇਤਰ 'ਚ ਪੈਂਦੇ ਵਾਰਡ ਨੰ. 53 ਦੀ ਕੌਂਸਲਰ ਰਜਨੀ ਬਾਹਰੀ ਦੇ ਵਾਰਡ 'ਚ ਕੂੜੇ ਦੀ ਗੰਭੀਰ ਸਮੱਸਿਆ ਪੈਦਾ ਹੋ ਗਈ ਹੈ। ਜ਼ਿਕਰਯੋਗ ਹੈ ਕਿ ਇਸ ਵਾਰਡ ਤਹਿਤ ਚੰਦਨ ਨਗਰ, ਦੀਨ ਦਿਆਲ ਉਪਾਧਿਆਏ ਨਗਰ, ਪ੍ਰੇਮ ਨਗਰ, ਸਤ ਨਗਰ, ਫਤਿਹਪੁਰੀ, ਵਿਕਰਮਪੁਰਾ, ਲਾਵਾਂ ਮੁਹੱਲਾ, ਮਿੱਠਾ ਬਾਜ਼ਾਰ, ਭੈਰੋਂ ਬਾਜ਼ਾਰ, ਕਿਲਾ ਮੁਹੱਲਾ, ਖਿੰਗਰਾ ਗੇਟ, ਪੁਰੀਆਂ ਮੁਹੱਲਾ ਅਤੇ ਮਾਈ ਹੀਰਾਂ ਗੇਟ ਦਾ ਵੱਡਾ ਖੇਤਰ ਆਉਂਦਾ ਹੈ, ਜਿੱਥੋਂ ਦਾ ਸਾਰਾ ਕੂੜਾ ਕੁਝ ਦਿਨ ਪਹਿਲਾਂ ਤੱਕ ਸਾਈਂਦਾਸ ਸਕੂਲ ਡੰਪ 'ਤੇ ਸੁੱਟਿਆ ਜਾਂਦਾ ਸੀ। ਹੁਣ ਨਿਗਮ ਨੇ ਉਹ ਡੰਪ ਬੰਦ ਕਰ ਦਿੱਤਾ ਹੈ, ਜਿਸ ਕਾਰਣ ਕੂੜਾ ਸੁੱਟਣ ਵਾਲਿਆਂ ਨੂੰ ਕੋਈ ਜਗ੍ਹਾ ਨਹੀਂ ਮਿਲ ਰਹੀ ਕਿਉਂਕਿ ਵਾਰਡ ਦੇ ਰੇਹੜਿਆਂ ਨੂੰ ਹਰਨਾਮਦਾਸਪੁਰਾ ਅਤੇ ਬਰਲਟਨ ਪਾਰਕ ਡੰਪ 'ਤੇ ਕੂੜਾ ਸੁੱਟਣ ਤੋਂ ਰੋਕਿਆ ਜਾ ਰਿਹਾ ਹੈ।ਵਿਧਾਇਕ ਬਾਵਾ ਹੈਨਰੀ ਦੇ ਨਿਰਦੇਸ਼ਾਂ 'ਤੇ ਅਡੀਸ਼ਨਲ ਕਮਿਸ਼ਨਰ ਬਬੀਤਾ ਕਲੇਰ ਨੇ ਵਾਰਡ ਦਾ ਦੌਰਾ ਕਰ ਕੇ ਕੂੜੇ ਦੀ ਸਮੱਸਿਆ ਨੂੰ ਦੇਖਿਆ ਅਤੇ ਜਲਦੀ ਹੀ ਇਸ ਦਾ ਹੱਲ ਕੱਢਣ ਦਾ ਭਰੋਸਾ ਦਿੱਤਾ।
ਜੈਨ ਪੈਲੇਸ ਅਤੇ ਨਿਰੰਕਾਰੀ ਭਵਨ ਦੇ ਨੇੜੇ ਬਣ ਸਕਦੇ ਹਨ ਨਵੇਂ ਡੰਪ
ਸਾਈਂਦਾਸ ਸਕੂਲ ਡੰਪ ਬੰਦ ਹੋਣ ਕਾਰਨ ਕਈ ਵਾਰਡਾਂ ਨੂੰ ਕੂੜਾ ਸੁੱਟਣ ਦੀ ਸਮੱਸਿਆ ਆ ਰਹੀ ਹੈ, ਉਸ ਨੂੰ ਦੇਖਦੇ ਹੋਏ ਨਿਗਮ ਨੇ ਕੁਝ ਨਵੇਂ ਸਥਾਨ ਚੁਣੇ ਹਨ, ਜਿੱਥੇ ਆਉਣ ਵਾਲੇ ਸਮੇਂ 'ਚ ਇਨ੍ਹਾਂ ਵਾਰਡਾਂ ਦਾ ਕੂੜਾ ਸੁੱਟਿਆ ਜਾਵੇਗਾ। ਕੌਂਸਲਰ ਰੌਣੀ ਅਤੇ ਕੌਂਸਲਰ ਬਾਹਰੀ ਦੇ ਵਾਰਡਾਂ ਦਾ ਕੂੜਾ ਸੁੱਟਣ ਲਈ ਰੇਲਵੇ ਲਾਈਨਾਂ ਦੇ ਨੇੜੇ ਪੁਰਾਣੇ ਜੈਨ ਪੈਲੇਸ ਵਾਲੀ ਰੋਡ ਨੂੰ ਦੇਖਿਆ ਜਾ ਰਿਹਾ ਹੈ ਜਿੱਥੇ ਕੇਂਦਰ ਸਰਕਾਰ ਦੀ ਕੁਝ ਭੂਮੀ ਖਾਲੀ ਪਈ ਹੋਈ ਹੈ। ਇਸ ਤੋਂ ਇਲਾਵਾ ਕੁਝ ਕੂੜਾ ਪਟੇਲ ਚੌਕ ਦੇ ਨੇੜੇ ਨਿਰੰਕਾਰੀ ਭਵਨ ਦੇ ਸਾਹਮਣੇ ਟਿਊਬਵੈੱਲ ਵਾਲੀ ਜਗ੍ਹਾ 'ਤੇ ਵੀ ਸੁੱਟਿਆ ਜਾ ਸਕਦਾ ਹੈ। ਹੁਣ ਦੇਖਣਾ ਹੈ ਕਿ ਨਿਗਮ ਇਨ੍ਹਾਂ ਵਾਰਡਾਂ ਦੇ ਕੂੜੇ ਦਾ ਕੀ ਇੰਤਜ਼ਾਮ ਕਰਦਾ ਹੈ।
ਨਕੋਦਰ ਇਲਾਕੇ 'ਚ ਬੇਸਹਾਰਾ ਪਸ਼ੂਆਂ ਨੇ ਪੈਦਾ ਕੀਤੀ ਭਿਆਨਕ ਸਥਿਤੀ
NEXT STORY