ਨਵੀਂ ਦਿੱਲੀ : ਬਾਲੀਵੁੱਡ ਅਭਿਨੇਤਰੀ ਰਾਣੀ ਮੁਖਰਜੀ ਦਾ ਨਾਂ ਹਿੰਦੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਤੇ ਸਫਲ ਅਭਿਨੇਤਰੀਆਂ 'ਚ ਲਿਆ ਜਾਂਦਾ ਹੈ। ਉਹ ਸਾਲ 2005 'ਚ ਬਾਲੀਵੁੱਡ ਦੇ ਟਾਪ 10 ਸ਼ਕਤੀਸ਼ਾਲੀ ਵਿਅਕਤੀਆਂ 'ਚ ਸ਼ਾਮਲ ਇੱਕਲੀ ਮਹਿਲਾ ਸੀ। ਰਾਣੀ ਇਕ ਅਜਿਹੀ ਅਭਿਨੇਤਰੀ ਹੈ, ਜਿਨ੍ਹਾਂ ਨੂੰ ਫਿਲਮਫੇਅਰ ਪੁਰਸਕਾਰ 'ਚ ਤਿੰਨ ਸਾਲ ਤੱਕ ਲਗਾਤਾਰ (2004-2006) ਬਾਲੀਵੁੱਡ ਦੀ ਟਾਪ ਅਭਿਨੇਤਰੀ ਐਲਾਨ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਕੋਲਕਾਤਾ ਦੇ ਇਕ ਬੰਗਾਲੀ ਪਰਿਵਾਰ 'ਚ 21 ਮਾਰਚ, 1978 ਨੂੰ ਜਨਮੀ ਰਾਣੀ ਦੇ ਪਿਤਾ ਰਾਮ ਮੁਖਰਜੀ ਹਿੰਦੀ ਅਤੇ ਬੰਗਾਲੀ ਫਿਲਮਾਂ ਦੇ ਮਸ਼ਹੂਰ ਨਿਰਦੇਸ਼ਕ ਹਨ ਅਤੇ ਉਨ੍ਹਾਂ ਦੀ ਮਾਂ ਕ੍ਰਿਸ਼ਣਾ ਮੁਖਰਜੀ ਇਕ ਪ੍ਰਸਿੱਧ ਪਲੇਅਬੈਕ ਗਾਇਕਾ ਰਹਿ ਚੁੱਕੀ ਹੈ। ਉਨ੍ਹਾਂ ਦਾ ਵੱਡਾ ਭਰਾ ਰਾਜਾ ਮੁਖਰਜੀ ਵੀ ਫਿਲਮ ਨਿਰਦੇਸ਼ਕ ਹਨ। 'ਖੰਡਾਲਾ ਗਰਲ' ਦੇ ਨਾਂ ਮਸ਼ਹੂਰ ਅਦਾਕਾਰਾ ਰਾਣੀ ਦਾ ਅੱਜ 38ਵਾਂ ਜਨਮਦਿਨ ਹੈ।
ਜ਼ਿਕਰਯੋਗ ਹੈ ਕਿ ਫਿਲਮੀ ਪਰਿਵਾਰ ਤੋਂ ਸੰਬੰਧ ਰੱਖਦੇ ਹੋਏ ਵੀ ਉਨ੍ਹਾਂ ਦਾ ਫਿਲਮੀ ਸਫਰ ਇੰਨੀ ਸੌਖਾ ਨਹੀਂ ਸੀ। ਰਾਣੀ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਸਾਲ 1996 'ਚ ਆਪਣੇ ਪਿਤਾ ਦੀ ਬੰਗਾਲੀ ਫਿਲਮ 'ਬਿਏਰ ਫੂਲ' 'ਚ ਇਕ ਛੋਟੇ ਜਿਹੇ ਕਿਰਦਾਰ ਨਾਲ ਕੀਤੀ ਸੀ। ਇਸ ਤੋਂ ਬਾਅਦ ਰਾਣੀ ਦੇ ਪਿਤਾ ਦੇ ਇਕ ਦੋਸਤ ਅਤੇ ਫਿਲਮ ਨਿਰਮਾਤਾ ਸਲੀਮ ਅਖਤਰ ਨੇ ਰਾਣੀ ਨੂੰ ਆਪਣੀ ਫਿਲਮ 'ਆ ਗਲੇ ਲਗ ਜਾ' 'ਚ ਇਕ ਛੋਟੇ ਕਿਰਦਾਰ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਉਨ੍ਹਾਂ ਦੇ ਪਿਤਾ ਨੇ ਨਾ ਮਨਜ਼ੂਰ ਕਰ ਦਿੱਤਾ। ਛੋਟਿਆਂ ਕਿਰਦਾਰਾਂ ਤੋਂ ਬਾਅਦ ਰਾਣੀ ਨੂੰ ਸਾਲ 1997 'ਚ ਆਈ ਫਿਲਮ 'ਰਾਜਾ ਕੀ ਆਏਗੀ ਬਾਰਾਤ' 'ਚ ਮੁੱਖ ਅਭਿਨੇਤਰੀ ਦੀ ਪੇਸ਼ਕਸ਼ ਹੋਈ। ਇਸ ਤੋਂ ਬਾਅਦ ਉਹ 1998 'ਚ ਆਈ ਫਿਲਮ 'ਗੁਲਾਮ' ਤੋਂ ਉਹ ਦਰਸ਼ਕਾਂ ਦੀ ਚਹੇਤੀ ਬਣ ਗਈ ਅਤੇ 'ਖੰਡਾਲਾ ਗਰਲ' ਦੇ ਨਾਂ ਨਾਲ ਮਸ਼ਹੂਰ ਹੋ ਗਈ। ਮੱਧਰੇ ਕੱਦ ਵਾਲੀ ਅਤੇ ਸਾਵਲੇ ਰੰਗ ਕਾਰਨ ਉਨ੍ਹਾਂ ਨੂੰ ਕਾਫੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਦੀ 1998 'ਚ ਆਈ ਫਿਲਮ 'ਕੁਝ ਕੁਝ ਹੋਤਾ ਹੈ' ਨਾਲ ਉਨ੍ਹਾਂ ਨੇ ਸਾਰੇ ਲੋਕਾਂ ਨੂੰ ਆਪਣੀ ਪ੍ਰਤਿਭਾ ਦਾ ਸਬੂਤ ਦੇ ਦਿੱਤਾ। ਉਨ੍ਹਾਂ ਇਸੇ ਫਿਲਮ ਤੋਂ ਫਿਲਮਫੇਅਰ ਦੀ 'ਬੈਸਟ ਸਹਿ-ਅਭਿਨੇਤਰੀ' ਦਾ ਐਵਾਰਡ ਜਿੱਤ ਕੇ ਉਨ੍ਹਾਂ ਨੇ ਇਹ ਸਿੱਧ ਕਰ ਦਿੱਤਾ ਕਿ ਪ੍ਰਤਿਭਾ ਦਾ ਕੋਈ ਕੱਦ ਜਾਂ ਪੈਮਾਨਾ ਨਹੀਂ ਹੁੰਦਾ। ਜਾਣਕਾਰੀ ਅਨੁਸਾਰ ਉਨ੍ਹਾਂ ਨੇ 2000 'ਚ ਤਮਿਲ ਅਤੇ ਹਿੰਦੀ ਭਾਸ਼ਾ ਦੀ ਫਿਲਮ 'ਹੇ ਰਾਮ' 'ਚ ਕੰਮ ਕੀਤਾ ਸੀ। ਕਮਲ ਹਾਸਨ ਵਲੋਂ ਬਣਾਈ ਗਈ ਇਸ ਫਿਲਮ 'ਚ ਰਾਣੀ ਤੋਂ ਇਲਾਵਾ ਅਦਾਕਾਰਾ ਹੇਮਾ ਮਾਲਿਨੀ ਅਤੇ ਨਸੀਰੂਦੀਨ ਸ਼ਾਹ ਵਰਗੇ 'ਦਿੱਗਜ' ਕਲਾਕਾਰਾਂ ਦੀ ਭਰਮਾਰ ਸੀ। ਇਸ ਫਿਲਮ ਨੂੰ 'ਆਸਕਰ' ਲਈ ਵੀ ਚੁਣਿਆ ਗਿਆ ਸੀ।
ਇਨ੍ਹਾਂ ਫਿਲਮਾਂ ਤੋਂ ਬਾਅਦ ਰਾਣੀ ਦੇ ਕੈਰੀਅਰ ਦੇ ਸਫਲਤਾ ਦੇ ਰਸਤੇ ਖੁੱਲ ਗਏ। ਇਨ੍ਹਾਂ ਫਿਲਮਾਂ ਤੋਂ ਬਾਅਦ ਉਨ੍ਹਾਂ ਨੇ 'ਯੁਵਾ', 'ਹਮ-ਤੁਮ', 'ਵੀਰ ਜ਼ਾਰਾ', 'ਬਲੈਕ', 'ਬੰਟੀ ਔਰ ਬਬਲੀ', 'ਕਭੀ ਅਲਵੀਦਾ ਨਾ ਕਹਿਣਾ' ਵਰਗੀਆਂ ਸਫਲ ਫਿਲਮਾਂ ਦਿੱਤੀਆਂ। 2005 'ਚ ਉਨ੍ਹਾਂ ਨੇ '50ਵੇਂ ਫਿਲਮਫੇਅਰ ਐਵਾਰਡ' 'ਚ 'ਬੈਸਟ ਅਦਾਕਾਰਾ' ਅਤੇ 'ਬੈਸਟ ਸਹਾਇਕ ਅਦਾਕਾਰਾ' ਦੋਵੇਂ ਹੀ ਐਵਾਰਡ ਪ੍ਰਾਪਤ ਕੀਤੇ ਅਤੇ ਇਕ ਸਾਲ 'ਚ ਦੋਵੇਂ ਐਵਾਰਡ ਜਿੱਤਣ ਵਾਲੀ ਉਹ ਪਹਿਲੀ ਅਭਿਨੇਤਰੀ ਬਣੀ। ਫਿਲਮ 'ਬਲੈਕ' 'ਚ ਉਨ੍ਹਾਂ ਨੇ ਆਪਣੀ ਸ਼ਾਨਦਾਰ ਅਭਿਨੈ ਦੀ ਪ੍ਰਤਿਭਾ ਦਾ ਸ਼ਕਤੀਸ਼ਾਲੀ ਸਬੂਤ ਦਿੱਤਾ, ਜਿਸ 'ਚ ਉਨ੍ਹਾਂ ਨੇ ਅੰਨ੍ਹੇ ਅਤੇ ਬੋਲੇ ਵਿਅਕਤੀ ਦਾ ਕਿਰਦਾਰ ਨਿਭਾਇਆ ਸੀ।
ਇਥੇ ਇਹ ਦੱਸਣਯੋਗ ਹੈ ਕਿ ਫਿਲਮਾਂ ਤੋਂ ਇਲਾਵਾ ਉਹ ਸਮਾਜ ਸੇਵਾ 'ਚ ਵੀ ਬਹੁਤ ਅੱਗੇ ਰਹਿੰਦੀ ਹੈ। ਉਨ੍ਹਾਂ ਨੇ ਕਈ ਸੰਸਥਾਵਾਂ ਲਈ ਚੰਦਾ ਇੱਕਠਾ ਵੀ ਕੀਤਾ ਹੈ। 2015 'ਚ ਰਾਣੀ ਬ੍ਰਿਟਿਸ਼ ਏਸ਼ੀਅਨ ਟ੍ਰਸਟ ਵਲੋਂ ਆਯੋਜਿਤ ਇਕ ਚੈਰਿਟੀ ਡਿਨਰ 'ਚ ਪ੍ਰਿੰਸ ਚਾਰਲਸ ਨਾਲ ਵੀ ਸ਼ਾਮਲ ਹੋਈ ਸੀ। ਇਨ੍ਹਾਂ ਤੋਂ ਇਲਾਵਾ ਉਨ੍ਹਾਂ ਨੇ 2006 'ਚ ਹੋਰ ਬਾਲੀਵੁੱਡ ਅਭਿਨੇਤਰੀਆਂ ਨਾਲ ਆਸਟ੍ਰੇਲੀਆਂ ਦੇ ਕਾਮਨਵੈਲਥ ਖੇਡਾਂ 'ਚ ਭਾਰਤੀ ਪਰੰਪਰਾ ਦਾ ਵੀ ਪ੍ਰਦਰਸ਼ਨ ਵੀ ਕੀਤਾ ਸੀ।
ਜਾਣਕਾਰੀ ਅਨੁਸਾਰ ਤਿੰਨ ਦਹਾਕੇ ਤੋਂ ਫਿਲਮ ਪਰਦੇ 'ਤੇ ਸਰਗਰਮ ਰਹਿਣ ਵਾਲੀ ਅਦਾਕਾਰਾ ਰਾਣੀ ਮੁਖਰਜੀ ਨੇ ਸਾਲ 2014 'ਚ ਮਸ਼ਹੂਰ ਫਿਲਮ ਨਿਰਮਾਤਾ ਆਦਿੱਤਿਯ ਚੋਪੜਾ ਨਾਲ ਵਿਆਹ ਕੀਤਾ ਅਤੇ 2015 'ਚ ਉਨ੍ਹਾਂ ਦੇ ਘਰ ਬੇਟੀ ਜਨਮ ਹੋਇਆ, ਜਿਸ ਦਾ ਨਾਂ ਉਨ੍ਹਾਂ ਨੇ ਆਪਣੇ ਨਾਂ ਆਦਿੱਤਿਯ ਅਤੇ ਰਾਣੀ ਨੂੰ ਮਿਲਾ ਕੇ ਆਦਿਰਾ ਰੱਖਿਆ। ਅੱਜਕਲ ਉਹ ਆਪਣੇ ਘਰ ਸੰਸਾਰ 'ਚ ਰੁੱਝੀ ਹੋਈ ਹੈ ਅਤੇ ਫਿਲਮਾਂ ਤੋਂ ਕਾਫੀ ਦੂਰੀ ਬਣਾਈ ਹੋਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਉਹ ਮਰਦੇ ਦਮ ਤੱਕ ਫਿਲਮਾਂ 'ਚ ਕੰਮ ਕਰਦੀ ਰਹੇਗੀ।
ਦਰਸ਼ਕਾਂ ਦੇ ਮਨੋਰੰਜਨ ਲਈ ਫਿਲਮ ਬਣਾਉਂਦਾ ਹਾਂ : ਆਰ. ਬਾਲਕੀ
NEXT STORY