ਮੰਡੀ ਅਰਨੀਵਾਲਾ (ਸੁਖਦੀਪ) : ਮੰਡੀ ਅਰਨੀਵਾਲਾ ’ਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਮੰਡੀ ’ਚ ਚੋਰਾਂ ਦੇ ਹੌਸਲੇ ਪੂਰੇ ਬੁਲੰਦ ਹੋ ਚੁੱਕੇ ਹਨ। ਜਿਥੇ ਉਹ ਬਿਨ੍ਹਾਂ ਕਿਸੇ ਡਰ-ਭੈਅ ਦੇ ਸਮਾਜ ਵਿਰੋਧੀ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ। ਇਨ੍ਹਾਂ ਘਟਨਾਵਾਂ ਨੂੰ ਦੇਖ ਕੇ ਲੱਗਦਾ ਹੈ ਕਿ ਮੰਡੀ ’ਚ ਜਿਵੇਂ ਚੋਰ ਪੂਰੇ ਚੁਸਤ ਹੋਣ ਅਤੇ ਪੁਲਸ ਸੁਸਤ ਹੋਵੇ। ਵਰਨਣਯੋਗ ਹੈ ਕਿ ਮੰਡੀ ’ਚ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਕਰੀਬ 33 ਲੱਖ ਰੁਪਏ ਦੀ ਲਾਗਤ ਨਾਲ ਸੀ. ਸੀ. ਟੀ. ਵੀ. ਕੈਮਰੇ ਵੀ ਲਾਏ ਗਏ ਹਨ ਅਤੇ ਇਨ੍ਹਾਂ ਕੈਮਰਿਆਂ ਦਾ ਮਕਸਦ ਮੰਡੀ ’ਚ ਸਮਾਜ ਵਿਰੋਧੀ ਅਨਸਰਾਂ ’ਤੇ ਨਜ਼ਰ ਰੱਖਣਾ ਸੀ ਪਰ ਮੰਡੀ ’ਚ ਚੋਰੀ ਦੀਆਂ ਘਟਨਾਵਾਂ ਹੀ ਰੁਕਣ ਦਾ ਨਾਂ ਨਹੀਂ ਲੈ ਰਹੀਆਂ।
ਮੰਡੀ ’ਚ ਚੋਰਾਂ ਵੱਲੋਂ ਲੋਕਾਂ ਦੇ ਮੋਟਰਸਾਈਕਲਾਂ ਨੂੰ ਹਰ ਰੋਜ਼ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਮੰਡੀ ’ਚ ਦੋ ਦਿਨਾਂ ’ਚ ਤਿੰਨ ਮੋਟਰਸਾਈਕਲ ਚੋਰੀ ਹੋ ਚੁੱਕੇ ਹਨ ਪਰ ਪੁਲਸ ਚੋਰਾਂ ਨੂੰ ਫੜਨ ਦੀ ਬਜਾਏ ਪੰਜ ਸੱਤ ਮੰਡੀ ਦੇ ਬੰਦਿਆਂ ਨੂੰ ਨਾਲ ਲੈ ਕੇ ਬਿਨਾਂ ਕਿਸੇ ਸਬੂਤਾਂ ਤੋਂ ਇੱਥੇ ਮਿਹਨਤ-ਮਜ਼ਦੂਰੀ ਜਾਂ ਆਪਣੇ ਕੰਮ ਕਾਰਾਂ ’ਚ ਲੱਗੇ ਆਮ ਗਰੀਬ ਲੋਕਾਂ ਨੂੰ ਪ੍ਰੇਸ਼ਾਨ ਕਰਨ ’ਚ ਲੱਗ ਜਾਂਦੀ ਹੈ, ਜਿਸ ਕਾਰਨ ਚੋਰਾਂ ਦੇ ਹੌਸਲੇ ਬੁਲੰਦ ਹੋ ਜਾਂਦੇ ਹਨ ਕਿਉਂਕਿ ਪੁਲਸ ਦੇ ਸਿਕੰਜੇ ਤੋਂ ਚੋਰ ਹੋਰ ਦੂਰ ਹੋ ਜਾਂਦੇ ਹਨ।
ਮੰਡੀ ਵਾਸੀਆਂ ਤੇ ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਪੁਲਸ ਚੋਰਾਂ ’ਤੇ ਕਾਰਵਾਈ ਕਰੇ ਨਾ ਕਿ ਮੰਡੀ ’ਚ ਕੰਮ ਕਾਰਾਂ ’ਚ ਲੱਗੇ ਲੋਕਾਂ ਤੇ ਉਂਗਲ ਚੁੱਕੇ। ਉਨ੍ਹਾਂ ਪ੍ਰਸ਼ਾਸਨ ਨੂੰ ਲੰਮੇ ਹੱਥੀ ਲੈਂਦਿਆਂ ਕਿਹਾ ਕਿ ਸਮਾਜ ਵਿਰੁੱਧ ਅਨਸਰਾਂ ’ਤੇ ਠੱਲ ਪਾਈ ਜਾਵੇ, ਤਾਂ ਹੀ ਉਹ ਆਪਣਾ ਕੰਮਕਾਜ ਤੇ ਜਾਨ-ਮਾਲ ਨੂੰ ਸੁਰੱਖਿਅਤ ਮਹਿਸੂਸ ਕਰਨਗੇ।
ਧੀ ਨੂੰ ਲੋਹੜੀ ਦੇ ਕੇ ਪਰਤ ਰਹੇ ਮਾਪਿਆਂ ਨਾਲ ਵਾਪਰਿਆ ਹਾਦਸਾ
NEXT STORY