ਨਵੀਂ ਦਿੱਲੀ (ਬਿਊਰੋ) : ਬਦਲਦੇ ਮੌਸਮ ਵਿਚ ਠੰਡੀਆਂ ਚੀਜ਼ਾਂ ਪੀਣ ਦਾ ਵੱਖਰਾ ਆਨੰਦ ਆਉਂਦਾ ਹੈ ਕਿਉਂਕਿ ਇਹ ਤੁਹਾਡੇ ਸਰੀਰ ਨੂੰ ਤੁਰੰਤ ਠੰਡਾ ਕਰਦੀਆਂ ਹਨ। ਬਾਜ਼ਾਰ ਵਿਚ ਉਪਲਬਧ ਨਕਲੀ ਜੂਸ ਦੀ ਬਜਾਏ, ਕੁਦਰਤੀ ਚੀਜ਼ਾਂ ਦਾ ਸੇਵਨ ਕਰਨ ਦੀ ਕੋਸ਼ਿਸ਼ ਕਰੋ। ਜਿਵੇਂ ਕਿ ਨਿੰਬੂ ਪਾਣੀ, ਨਾਰੀਅਲ ਪਾਣੀ, ਤਾਜ਼ੇ ਫਲਾਂ ਦਾ ਰਸ, ਗੰਨੇ ਦਾ ਰਸ। ਅੱਜ ਅਸੀਂ ਖਾਸ ਤੌਰ 'ਤੇ ਗੰਨੇ ਦੇ ਰਸ ਬਾਰੇ ਗੱਲ ਕਰਾਂਗੇ, ਜਿਸ ਦਾ ਰਸ ਜ਼ਿਆਦਾਤਰ ਗਰਮੀਆਂ ਵਿਚ ਪੀਤਾ ਜਾਂਦਾ ਹੈ।
ਗਰਮੀਆਂ ਦੇ ਮੌਸਮ 'ਚ ਤੁਹਾਨੂੰ ਹਰ ਜਗ੍ਹਾ ਗੰਨੇ ਦਾ ਰਸ ਮਿਲੇਗਾ। ਇਹ ਨਾ ਸਿਰਫ਼ ਸਵਾਦ ਵਿਚ ਬਹੁਤ ਵਧੀਆ ਹੈ, ਸਗੋਂ ਇਹ ਪੌਸ਼ਟਿਕ ਤੱਤਾਂ ਨਾਲ ਵੀ ਭਰਪੂਰ ਹੈ। ਗੰਨੇ ਦਾ ਰਸ ਪੀਣ ਦੇ ਕਈ ਫ਼ਾਇਦੇ ਹਨ ਪਰ ਇਸ ਦੇ ਕਈ ਨੁਕਸਾਨ ਵੀ ਹਨ। ਖ਼ਾਸ ਕਰਕੇ ਜੇਕਰ ਤੁਸੀਂ ਗਰਭਵਤੀ ਹੋ ਤਾਂ।
ਗੰਨੇ ਦੇ ਰਸ ਵਿਚ ਮੌਜੂਦ ਪੌਸ਼ਟਿਕ ਤੱਤ
ਗੰਨਾ ਵਿਟਾਮਿਨ-ਸੀ, ਏ, ਬੀ1, ਬੀ2, ਬੀ3, ਬੀ5 ਅਤੇ ਵਿਟਾਮਿਨ-ਬੀ6 ਨਾਲ ਭਰਪੂਰ ਹੁੰਦਾ ਹੈ। ਇਸ ਤੋਂ ਇਲਾਵਾ ਇਸ 'ਚ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਆਇਰਨ ਦੀ ਵੀ ਕਾਫ਼ੀ ਮਾਤਰਾ ਹੁੰਦੀ ਹੈ ਪਰ ਗਰਭ ਅਵਸਥਾ ਦੌਰਾਨ ਇਸ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਗਰਭ ਅਵਸਥਾ ਦੌਰਾਨ ਗਰਭਕਾਲੀ ਸ਼ੂਗਰ ਦਾ ਖ਼ਤਰਾ ਵੱਧ ਹੁੰਦਾ ਹੈ ਅਤੇ ਗੰਨੇ ਵਿਚ ਮੌਜੂਦ ਸ਼ੂਗਰ ਦਾ ਉੱਚ ਪੱਧਰ ਖ਼ਤਰਾ ਵਧਾ ਸਕਦਾ ਹੈ। ਨਾਲ ਹੀ, ਜੇਕਰ ਤੁਸੀਂ ਪਹਿਲਾਂ ਤੋਂ ਹੀ ਸ਼ੂਗਰ ਜਾਂ ਗਰਭਕਾਲੀ ਸ਼ੂਗਰ ਤੋਂ ਪੀੜਤ ਹੋ ਤਾਂ ਗੰਨੇ ਦੇ ਰਸ ਦਾ ਸੇਵਨ ਬਿਲਕੁਲ ਵੀ ਨਾ ਕਰੋ।
ਗਰਭਵਤੀ ਔਰਤਾਂ ਲਈ ਗੰਨੇ ਦੇ ਰਸ ਦੇ ਫ਼ਾਇਦੇ -
1. ਗਰਭ ਅਵਸਥਾ ਦੌਰਾਨ ਕਬਜ਼ ਇੱਕ ਆਮ ਸਮੱਸਿਆ ਬਣ ਜਾਂਦੀ ਹੈ। ਅਜਿਹੇ ਸਮੇਂ 'ਚ ਜੇਕਰ ਤੁਸੀਂ ਗੰਨੇ ਦਾ ਰਸ ਪੀਂਦੇ ਹੋ ਤਾਂ ਕਬਜ਼ ਦੀ ਬੀਮਾਰੀ ਤੋਂ ਰਾਹਤ ਮਿਲ ਸਕਦੀ ਹੈ। ਇਸ ਤੋਂ ਇਲਾਵਾ ਗੰਨੇ ਦਾ ਰਸ ਪੇਟ ਦੀ ਇਨਫੈਕਸ਼ਨ ਨੂੰ ਰੋਕਣ ਦਾ ਵੀ ਕੰਮ ਕਰਦਾ ਹੈ।
2. ਗਰਭ ਅਵਸਥਾ ਇੱਕ ਅਜਿਹਾ ਸਮਾਂ ਹੁੰਦਾ ਹੈ ਜਦੋਂ ਸਿਹਤ ਨੂੰ ਸਭ ਤੋਂ ਵੱਧ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ ਅਤੇ ਗੰਨੇ ਦਾ ਰਸ ਇਹਨਾਂ ਲੋੜਾਂ ਨੂੰ ਪੂਰਾ ਕਰਨ ਲਈ ਕੰਮ ਕਰਦਾ ਹੈ।
3. ਇਸ 'ਚ ਮੌਜੂਦ ਐਂਟੀਆਕਸੀਡੈਂਟ ਤੁਹਾਨੂੰ ਬੈਕਟੀਰੀਅਲ ਇਨਫੈਕਸ਼ਨ, ਫੰਗਲ ਅਤੇ ਵਾਇਰਲ ਇਨਫੈਕਸ਼ਨ ਤੋਂ ਵੀ ਬਚਾਉਂਦੇ ਹਨ।
4. ਲੀਵਰ ਦੇ ਸਹੀ ਕੰਮ ਕਰਨ ਲਈ ਬਿਲੀਰੂਬਿਨ ਦਾ ਪੱਧਰ ਸਹੀ ਮਾਤਰਾ ਵਿਚ ਹੋਣਾ ਜ਼ਰੂਰੀ ਹੈ ਅਤੇ ਰੋਜ਼ਾਨਾ ਗੰਨੇ ਦਾ ਰਸ ਪੀਣ ਨਾਲ ਇਸ ਦਾ ਪੱਧਰ ਸਹੀ ਰਹਿੰਦਾ ਹੈ।
5. ਗਰਭ ਅਵਸਥਾ ਵਿਚ ਅਕਸਰ ਥਕਾਵਟ ਅਤੇ ਕਮਜ਼ੋਰੀ ਦੀ ਭਾਵਨਾ ਹੁੰਦੀ ਹੈ, ਅਜਿਹੀ ਸਥਿਤੀ ਵਿਚ ਗੰਨੇ ਦਾ ਰਸ ਤੁਹਾਡੀ ਇਮਿਊਨਿਟੀ ਨੂੰ ਵਧਾ ਕੇ ਤੁਹਾਨੂੰ ਤਾਕਤ ਦੇਣ ਦਾ ਕੰਮ ਕਰਦਾ ਹੈ।
ਗਰਭਵਤੀ ਔਰਤਾਂ ਜ਼ਰੂਰ ਰੱਖਣ ਇਨ੍ਹਾਂ ਗੱਲਾਂ ਦਾ ਧਿਆਨ -
1. ਗਰਭ ਅਵਸਥਾ ਦੌਰਾਨ ਗੰਨੇ ਦਾ ਰਸ ਪੀਣਾ ਸੁਰੱਖਿਅਤ ਹੈ ਪਰ ਤੁਹਾਨੂੰ ਇਸ ਦੇ ਸੇਵਨ ਵਿਚ ਕੁਝ ਸਾਵਧਾਨੀਆਂ ਵੀ ਵਰਤਣੀਆਂ ਚਾਹੀਦੀਆਂ ਹਨ, ਜਿਵੇਂ ਕਿ ਗੰਨੇ ਦਾ ਰਸ ਕਿਸੇ ਸਾਫ਼ ਜਗ੍ਹਾ ਤੋਂ ਖਰੀਦੋ।
2. ਜੇਕਰ ਗੰਨੇ ਦਾ ਰਸ ਸਾਫ਼-ਸੁਥਰਾ ਨਾ ਕੱਢਿਆ ਜਾਵੇ ਤਾਂ ਇਸ ਨਾਲ ਪੇਟ ਦੀ ਇਨਫੈਕਸ਼ਨ ਵੀ ਹੋ ਸਕਦੀ ਹੈ।
3. ਗੰਨੇ ਦੇ ਰਸ ਦਾ ਜ਼ਿਆਦਾ ਸੇਵਨ ਨਾ ਕਰੋ। ਇਸ 'ਚ ਮੌਜੂਦ ਹਾਈ ਸ਼ੂਗਰ ਲੈਵਲ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾਉਣ ਦਾ ਕੰਮ ਕਰਦਾ ਹੈ। ਖਾਸ ਕਰਕੇ ਗਰਭ ਅਵਸਥਾ ਦੌਰਾਨ ਇਹ ਜ਼ਿਆਦਾ ਨੁਕਸਾਨ ਕਰ ਸਕਦਾ ਹੈ।
ਦਹੀਂ ਹੈ ਪੌਸ਼ਟਿਕ ਤੱਤਾਂ ਨਾਲ ਭਰਪੂਰ ਸੂਪਰ ਫੂਡ, ਜਾਣੋ ਇਸ ਦੇ ਫਾਇਦੇ ਤੇ ਸੇਵਨ ਦੇ ਸਹੀ ਸਮੇਂ ਬਾਰੇ
NEXT STORY