ਲਾਈਫਸਟਾਈਲ ਡੈਸਕ (ਬਿਊਰੋ) : ਮਾਪੇ ਆਪਣੇ ਬੱਚਿਆਂ ਦੀ ਸਿਹਤ ਦੀ ਜਿੰਨੀ ਚਿੰਤਾ ਕਰਦੇ ਹਨ, ਓਨੀ ਸ਼ਾਇਦ ਹੀ ਕੋਈ ਹੋਰ ਕਰਦਾ ਹੋਵੇ। ਭਾਰਤ 'ਚ ਅੱਜ ਵੀ ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ਨੂੰ ਸਿਰਫ਼ ਸਰੀਰਕ ਤੌਰ 'ਤੇ ਤੰਦਰੁਸਤ ਰੱਖਣ 'ਤੇ ਜ਼ੋਰ ਦਿੰਦੇ ਹਨ। ਸਿਰਫ਼ ਕੁਝ ਚੋਣਵੇਂ ਲੋਕ ਹੀ ਇਸ ਗੱਲ ਵੱਲ ਧਿਆਨ ਦਿੰਦੇ ਹਨ ਕਿ ਬੱਚੇ ਦਾ ਮਾਨਸਿਕ ਤੌਰ 'ਤੇ ਤੰਦਰੁਸਤ ਹੋਣਾ ਕਿੰਨਾ ਜ਼ਰੂਰੀ ਹੈ। ਅੱਜ ਦੇ ਸਮੇਂ 'ਚ ਹਰ ਉਮਰ ਵਰਗ ਦੇ ਲੋਕ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਅਜਿਹੇ 'ਚ ਮਾਪਿਆਂ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਆਪਣੇ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਮਾਨਸਿਕ ਬੀਮਾਰੀ ਦਾ ਸ਼ਿਕਾਰ ਨਾ ਹੋਣ ਦੇਣ।
ਬੱਚੇ ਨਾਲ ਕਰੋ ਗੱਲਬਾਤ
ਆਪਣੇ ਬੱਚੇ ਦੇ ਨੇੜੇ ਰਹਿਣ ਤੇ ਉਸ ਦੇ ਮਨ 'ਚ ਕੀ ਚੱਲ ਰਿਹਾ ਹੈ, ਇਹ ਜਾਣਨ ਦਾ ਸਭ ਤੋਂ ਸੌਖਾ ਤਰੀਕਾ ਹੈ ਉਸ ਨਾਲ ਗੱਲਬਾਤ ਕਰਨਾ। ਤੁਸੀਂ ਆਪਣੇ ਬੱਚਿਆਂ ਨਾਲ ਪੜ੍ਹਾਈ, ਖੇਡਾਂ ਜਾਂ ਉਨ੍ਹਾਂ ਦੀ ਰੁਚੀ ਦੇ ਹੋਰ ਵਿਸ਼ਿਆਂ 'ਤੇ ਹਰ ਰੋਜ਼ ਕੁਝ ਸਮਾਂ ਜ਼ਰੂਰ ਬੈਠ ਕੇ ਗੱਲਬਾਤ ਕਰੋ। ਅਜਿਹਾ ਕਰਨ ਨਾਲ ਤੁਹਾਡਾ ਬੱਚਾ ਕਦੇ ਵੀ ਇਕੱਲਾ ਮਹਿਸੂਸ ਨਹੀਂ ਕਰੇਗਾ ਅਤੇ ਆਪਣੀ ਜ਼ਿੰਦਗੀ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਨਾਲ ਸ਼ੇਅਰ ਕਰਨ ਤੋਂ ਝਿਜਕੇਗਾ ਵੀ ਨਹੀਂ।
ਬੱਚੇ ਦੇ ਵਿਹਾਰ ਵੱਲ ਦਿਉ ਖ਼ਾਸ ਧਿਆਨ
ਸਾਡੇ ਸਮਾਜ 'ਚ ਅਕਸਰ ਦੇਖਿਆ ਜਾਂਦਾ ਹੈ ਕਿ ਜਿਵੇਂ-ਜਿਵੇਂ ਬੱਚਾ ਵੱਡਾ ਹੁੰਦਾ ਹੈ, ਮਾਪੇ ਉਸ ਵੱਲ ਘੱਟ ਧਿਆਨ ਦਿੰਦੇ ਹਨ। ਇਸ ਕਾਰਨ ਬੱਚਾ ਆਪਣੇ ਪਰਿਵਾਰ ਤੋਂ ਕੱਟਿਆ ਹੋਇਆ ਮਹਿਸੂਸ ਕਰਨ ਲੱਗਦਾ ਹੈ ਅਤੇ ਹੌਲੀ-ਹੌਲੀ ਆਪਣੀਆਂ ਨਿੱਜੀ ਗੱਲਾਂ ਨੂੰ ਲੁਕਾਉਣਾ ਸ਼ੁਰੂ ਕਰ ਦਿੰਦਾ ਹੈ। ਅਜਿਹੀ ਸਥਿਤੀ 'ਚ ਤੁਹਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਤੁਸੀਂ ਆਪਣੇ ਬੱਚੇ ਦੇ ਵਿਹਾਰ 'ਚ ਆ ਰਹੀਆਂ ਛੋਟੀਆਂ-ਛੋਟੀਆਂ ਤਬਦੀਲੀਆਂ 'ਤੇ ਵੀ ਨਜ਼ਰ ਰੱਖੋ ਅਤੇ ਉਸ ਨੂੰ ਮਾੜੀਆਂ ਚੀਜ਼ਾਂ ਦੇ ਪ੍ਰਭਾਵ 'ਚ ਆਉਣ ਤੋਂ ਰੋਕੋ।
ਬੱਚੇ ਦਾ ਵਧਾਉਂਦੇ ਰਹੋ ਆਤਮ-ਵਿਸ਼ਵਾਸ
ਆਪਣੇ ਬੱਚੇ ਨੂੰ ਮਾਨਸਿਕ ਤੌਰ 'ਤੇ ਤੰਦਰੁਸਤ ਰੱਖਣ ਲਈ ਇਹ ਵੀ ਜ਼ਰੂਰੀ ਹੈ ਕਿ ਉਸ 'ਚ ਕਦੇ ਵੀ ਆਤਮ-ਵਿਸ਼ਵਾਸ ਦੀ ਕਮੀ ਨਾ ਹੋਵੇ। ਆਪਣੇ ਬੱਚੇ ਦੀ ਛੋਟੀਆਂ-ਛੋਟੀਆਂ ਸਫ਼ਲਤਾਵਾਂ 'ਤੇ ਵੀ ਉਸ ਦੀ ਪ੍ਰਸ਼ੰਸਾ ਕਰੋ। ਇਸ ਤੋਂ ਇਲਾਵਾ ਬੱਚੇ ਨੂੰ ਉਸ ਦੀਆਂ ਅਸਫਲਤਾਵਾਂ 'ਤੇ ਝਿੜਕਣ ਦੀ ਬਜਾਏ ਉਸ ਦੀਅਂ ਕੋਸ਼ਿਸ਼ਾਂ ਦੀ ਸ਼ਲਾਘਾ ਕਰੋ ਅਤੇ ਅੱਗੇ ਵਧਣ ਲਈ ਉਤਸ਼ਾਹਿਤ ਕਰੋ।
ਬੱਚਿਆਂ ਨੂੰ ਜ਼ਰੂਰ ਸਿਖਾਓ ਚੰਗੀਆਂ ਆਦਤਾਂ
ਕਿਸੇ ਵਿਅਕਤੀ ਦੀ ਸਰੀਰਕ ਸਿਹਤ ਦਾ ਉਸ ਦੀ ਮਾਨਸਿਕ ਸਿਹਤ 'ਤੇ ਵੀ ਸਿੱਧਾ ਅਸਰ ਪੈਂਦਾ ਹੈ। ਜੇਕਰ ਤੁਹਾਡਾ ਬੱਚਾ ਕਿਸੇ ਸਰੀਰਕ ਸਮੱਸਿਆ ਨਾਲ ਜੂਝ ਰਿਹਾ ਹੈ, ਤਾਂ ਇਹ ਉਸ ਦੀ ਮਾਨਸਿਕ ਸਿਹਤ 'ਤੇ ਵੀ ਮਾੜਾ ਪ੍ਰਭਾਵ ਪਾ ਸਕਦੀ ਹੈ। ਇਸ ਲਈ ਛੋਟੀ ਉਮਰ ਤੋਂ ਹੀ ਬੱਚੇ ਨੂੰ ਸਿਹਤਮੰਦ ਆਦਤਾਂ ਸਿਖਾਓ। ਬੱਚੇ ਨੂੰ ਕਸਰਤ, ਯੋਗਾ, ਪ੍ਰਾਣਾਯਾਮ ਅਤੇ ਧਿਆਨ ਕਰਨ ਲਈ ਪ੍ਰੇਰਿਤ ਕਰੋ। ਉਸ ਨੂੰ ਕਿਸੇ ਨਾ ਕਿਸੇ ਸਰੀਰਕ ਗਤੀਵਿਧੀ 'ਚ ਰੁੱਝੇ ਰੱਖਣ ਦੀ ਕੋਸ਼ਿਸ਼ ਕਰੋ।
ਮਾਨਸਿਕ ਸਿਹਤ ਨੂੰ ਨਾ ਕਰੋ ਨਜ਼ਰਅੰਦਾਜ਼
ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਸਾਨੂੰ ਬੱਚੇ ਦੀ ਮਾਨਸਿਕ ਸਿਹਤ ਵਰਗੀ ਗੰਭੀਰ ਅਤੇ ਮਹੱਤਵਪੂਰਨ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਬੱਚੇ ਦੀ ਮਾਨਸਿਕ ਸਿਹਤ ਬਾਰੇ ਖੁੱਲ੍ਹ ਕੇ ਗੱਲ ਕੀਤੀ ਜਾਵੇ ਅਤੇ ਇਸ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ ਲੱਭਿਆ ਜਾਵੇ, ਇਹ ਅੱਜ ਦੇ ਸਮੇਂ ਦੀ ਬਹੁਤ ਵੱਡੀ ਲੋੜ ਹੈ।
Viral Fever ਤੋਂ ਛੁਟਕਾਰਾ ਦਿਵਾਉਣਗੇ ਇਹ ਘਰੇਲੂ ਨੁਸਖ਼ੇ, ਦੂਰ ਹੋ ਜਾਵੇਗਾ ਬੁਖਾਰ
NEXT STORY