ਚੰਡੀਗੜ੍ਹ : ਭਾਰਤੀ ਹਾਕੀ ਦੇ 100 ਸਾਲ ਪੂਰੇ ਹੋਣ ਮੌਕੇ ਹਾਕੀ ਚੰਡੀਗੜ੍ਹ ਵੱਲੋਂ ਆਉਣ ਵਾਲੇ 7 ਨਵੰਬਰ ਨੂੰ ਭਾਰਤੀ ਹਾਕੀ ਸ਼ਤਾਬਦੀ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਇਤਿਹਾਸਕ ਮੌਕੇ ‘ਤੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਹੋਣਗੇ। ਹਾਕੀ ਚੰਡੀਗੜ੍ਹ ਦੇ ਪ੍ਰਧਾਨ ਕਰਣ ਗਿੱਲਹੋਤਰਾ, ਉਪ-ਪ੍ਰਧਾਨ ਅਨਿਲ ਵੋਹਰਾ ਅਤੇ ਸਲਾਹਕਾਰ ਸ਼ਾਲੀਨ ਕਪੂਰ ਨੇ ਕਟਾਰੀਆ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਮਾਰੋਹ ਦਾ ਸੱਦਾ ਦਿੱਤਾ। ਰਾਜਪਾਲ ਨੇ ਸਮਾਰੋਹ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਚੰਡੀਗੜ੍ਹ ਇਸ ਮੌਕੇ ‘ਤੇ ਹਾਕੀ ਦੇ ਇਤਿਹਾਸ ਵਿਚ ਇਕ ਨਵਾਂ ਅਧਿਆਇ ਲਿਖੇਗਾ।
ਕਰਣ ਗਿੱਲਹੋਤਰਾ ਨੇ ਦੱਸਿਆ ਕਿ ਸਮਾਰੋਹ ਦੇ ਆਯੋਜਨ ਵਿਚ ਚੰਡੀਗੜ੍ਹ ਪ੍ਰਸ਼ਾਸਨ, ਖੇਡ ਵਿਭਾਗ ਅਤੇ ਨਗਰ ਨਿਗਮ ਚੰਡੀਗੜ੍ਹ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ “ਹਾਕੀ ਭਾਰਤ ਦੀ ਸ਼ਾਨਦਾਰ ਵਿਰਾਸਤ ਹੈ। 1925 ਵਿਚ ਰਾਸ਼ਟਰੀ ਹਾਕੀ ਸੰਸਥਾ ਦੀ ਸਥਾਪਨਾ ਨਾਲ ਸ਼ੁਰੂ ਹੋਈ ਇਹ ਯਾਤਰਾ ਹੁਣ 100 ਸਾਲ ਪੂਰੇ ਕਰ ਰਹੀ ਹੈ। ਇਹ ਸਾਡੇ ਲਈ ਮਾਣ ਦਾ ਮੌਕਾ ਹੈ ਕਿ ਚੰਡੀਗੜ੍ਹ ਇਸ ਇਤਿਹਾਸਕ ਸਮਾਰੋਹ ਦਾ ਹਿੱਸਾ ਬਣ ਰਿਹਾ ਹੈ। ਸਾਡਾ ਉਦੇਸ਼ ਨਵੀਂ ਪੀੜ੍ਹੀ ਨੂੰ ਹਾਕੀ ਦੇ ਸੁਨਹਿਰੇ ਇਤਿਹਾਸ ਨਾਲ ਜੋੜਨਾ ਹੈ।
ਅਨਿਲ ਵੋਹਰਾ ਨੇ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ 10 ਵਜੇ ਹੋਵੇਗੀ, ਜਿਸ ਵਿਚ ਤਿੰਨ ਪ੍ਰਦਰਸ਼ਨੀ ਮੈਚ ਖੇਡੇ ਜਾਣਗੇ। ਮੁੰਡਿਆਂ ਦੇ ਜੂਨੀਅਰ ਤੇ ਸੀਨੀਅਰ ਵਰਗਾਂ ਦੇ ਮੈਚਾਂ ਦੇ ਨਾਲ ਕੁੜੀਆਂ ਦਾ ਇਕ ਵਿਸ਼ੇਸ਼ ਮੈਚ ਵੀ ਸ਼ਾਮਲ ਹੋਵੇਗਾ। ਇਸ ਮੌਕੇ ‘ਤੇ ਦੇਸ਼-ਵਿਦੇਸ਼ ਤੋਂ ਕਈ ਮਸ਼ਹੂਰ ਹਾਕੀ ਖਿਡਾਰੀ ਹਾਜ਼ਰ ਰਹਿਣਗੇ, ਜਿਨ੍ਹਾਂ ਵਿੱਚ ਓਲੰਪਿਅਨ ਦੀਪਕ ਠਾਕੁਰ, ਰਾਜਪਾਲ ਸਿੰਘ, ਬਲਜੀਤ ਸਿੰਘ, ਨਾਲ ਹੀ ਭਾਰਤ ਦੀ ਮੌਜੂਦਾ ਟੀਮ ਦੇ ਕਪਤਾਨ ਸੰਜੇ, ਮਨਿੰਦਰ ਸਿੰਘ, ਵਿਕਰਮਜੀਤ ਸਿੰਘ ਅਤੇ ਜੂਨੀਅਰ ਟੀਮ ਦੇ ਕਪਤਾਨ ਰੋਹਿਤ ਸ਼ਾਮਲ ਹਨ। ਕਰਣ ਗਿੱਲਹੋਤਰਾ ਨੇ ਅੱਗੇ ਦੱਸਿਆ ਕਿ ਹਾਕੀ ਇੰਡੀਆ ਦੀ ਅਗਵਾਈ ਹੇਠ ਦੇਸ਼ ਭਰ ਵਿਚ ਇਕੋ ਸਮੇਂ ਅਜੇਹੇ ਸ਼ਤਾਬਦੀ ਸਮਾਰੋਹ ਆਯੋਜਿਤ ਕੀਤੇ ਜਾਣਗੇ ਤਾਂ ਜੋ ਹਾਕੀ ਨੂੰ ਨਵਾਂ ਮਾਨ ਅਤੇ ਨਵੀਂ ਪਹਿਚਾਣ ਮਿਲ ਸਕੇ।
ਜੂਨੀਅਰ ਹਾਕੀ ਵਿਸ਼ਵ ਕੱਪ : ਪਾਕਿਸਤਾਨ ਹਾਕੀ ਟੀਮ ਦੇ ਨਾਂ ਵਾਪਸ ਲੈਣ ਤੋਂ ਬਾਅਦ ਓਮਾਨ ਟੂਰਨਾਮੈਂਟ 'ਚ ਸ਼ਾਮਲ
NEXT STORY