ਕੈਲਗਰੀ : ਕੈਨੇਡਾ ਦਾ ਕੈਲਗਰੀ ਵਿਚ ਦੋ ਦਸਤਾਰਧਾਰੀ ਪੰਜਾਬੀਆਂ ਵੱਲੋਂ ਭਾਈਚਾਰੇ ਦੇ ਹੀ ਲੋਕਾਂ ਤੋਂ ਫਿਰੌਤੀ ਮੰਗਣ ਦੀ ਘਟਨਾ ਸਾਹਮਣੇ ਆਈ ਹੈ। ਦਸ਼ਮੇਸ਼ ਕਲਚਰ ਸੈਂਟਰ, 135 ਗੁਰਦੁਆਰਾ ਸਾਹਿਬ ਬਲਵੀਡ NE, ਕੈਲਗਰੀ, AB T3J 2X5 ਵਿਖੇ ਬੀਤੀ ਰਾਤ ਗੁਰਦੁਆਰਾ ਸਾਹਿਬ ਦੀ ਪਾਰਕਿੰਗ 'ਚ ਇਸੇ ਘਟਨਾ ਦੇ ਸਬੰਧ ਵਿਚ ਇਕ ਦਸਤਾਰਧਾਰੀ ਸਿੱਖ ਵੱਲੋਂ ਹਥਿਆਰ ਵੀ ਲਹਿਰਾਏ ਜਾਣ ਦੀ ਘਟਨਾ ਦੇਖੀ ਗਈ। ਜਿਸ ਤੋਂ ਬਾਅਦ ਮੌਕੇ 'ਤੇ ਪੁਲਸ ਨੂੰ ਸੱਦਿਆ ਗਿਆ ਤੇ ਦੋ ਜਣਿਆਂ ਦੀ ਇਸ ਦੌਰਾਨ ਗ੍ਰਿਫਤਾਰੀ ਹੋਈ।
ਸਾਰੀ ਘਟਨਾ ਤੋਂ ਬਾਅਦ ਪੀੜਤ ਨੌਜਵਾਨਾਂ ਪਛਾਣ ਜ਼ਾਹਰ ਨਾ ਹੋਣ ਦੀ ਸ਼ਰਤ 'ਤੇ ਦੱਸਿਆ ਕਿ ਗੁਰਸੇਵਕ ਸਿੰਘ ਰੰਧਾਵਾ ਤੇ ਇਕ ਹੋਰ ਨੌਜਵਾਨ ਗੁਰਪ੍ਰੀਤ ਸਿੰਘ ਵੱਲੋਂ ਉਨ੍ਹਾਂ ਤੋਂ ਜ਼ਬਰੀ ਫੋਨ 'ਤੇ ਫਿਰੌਤੀ ਮੰਗੀ ਜਾ ਰਹੀ ਸੀ। ਇਸੇ ਦੌਰਾਨ ਉਨ੍ਹਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਜਦੋਂ ਨੌਜਵਾਨਾਂ ਨੇ ਰੰਧਾਵਾ ਤੋਂ ਅਜਿਹਾ ਕਰਨ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਅੱਗਿਓਂ ਦਸਵੰਦ ਕੱਢਣ ਦੀ ਗੱਲ ਆਖੀ ਗਈ। ਇਸ ਦੌਰਾਨ ਰੰਧਾਵਾ ਨੇ ਫੋਨ 'ਤੇ ਨੌਜਵਾਨਾਂ ਨੂੰ ਧਮਕੀਆਂ ਵੀ ਦਿੱਤੀਆਂ। ਪੀੜਤਾਂ ਨੇ ਦੱਸਿਆ ਬੀਤੇ ਦਿਨੀਂ ਵੀ ਉਕਤ ਲੋਕਾਂ ਨੇ ਉਨ੍ਹਾਂ ਦੇ ਘਰ ਦੇ ਬਾਹਰ ਕਈ ਗੇੜੇ ਮਾਰੇ ਤੇ ਇਸ ਦੌਰਾਨ ਉਨ੍ਹਾਂ ਨੇ ਗੋਲੀਬਾਰੀ ਵੀ ਕੀਤੀ। ਨੌਜਵਾਨਾਂ ਨੇ ਵੀਡੀਓ ਵਿਚ ਉਨ੍ਹਾਂ ਦੇ ਵਾਹਨਾਂ 'ਤੇ ਗੋਲੀਆਂ ਦੇ ਨਿਸ਼ਾਨ ਵੀ ਦਿਖਾਏ।
ਉਨ੍ਹਾਂ ਦੱਸਿਆ ਕਿ ਇਸ ਸਭ ਤੋਂ ਬਾਅਦ ਵੀ ਜਦੋਂ ਉਹ ਰੰਧਾਵਾ ਦੀਆਂ ਧਮਕੀਆਂ ਤੋਂ ਨਾ ਡਰੇ ਤਾਂ ਉਹ ਆਪਣੇ ਸਾਥੀਆਂ ਨਾਲ ਕੈਲਗਰੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਤਕ ਆ ਗਿਆ। ਇਸ ਦੌਰਾਨ ਜਦੋਂ ਨੌਜਵਾਨਾਂ ਨੇ ਉਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਗੁਰਸੇਵਕ ਸਿੰਘ ਰੰਧਾਵਾ ਨੇ ਸ਼ਰੇਆਮ ਹੀ ਆਪਣਾ ਰਿਵਾਲਵਰ ਕੱਢ ਲਿਆ। ਇਸ ਸਾਰੀ ਘਟਨਾ ਤੋਂ ਬਾਅਦ ਹੀ ਮੌਕੇ ਉੱਤੇ ਪੁਲਸ ਨੂੰ ਬੁਲਾਇਆ ਗਿਆ। ਇਸ ਤੋਂ ਬਾਅਦ ਪੁਲਸ ਨੇ ਗੁਰਸੇਵਕ ਸਿੰਘ ਤੇ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਮਿਲੀ ਜਾਣਕਾਰੀ ਮੁਤਾਬਕ ਰੰਧਾਵਾ ਨੌਜਵਾਨਾਂ ਤੋਂ ਤਿੰਨ ਲੱਖ ਡਾਲਰ ਦੀ ਮੰਗ ਕਰ ਰਿਹਾ ਸੀ।
ਦੱਸ ਦਈਏ ਕਿ ਇਸ ਸਾਰੀ ਘਟਨਾ ਤੋਂ ਬਾਅਦ ਗ੍ਰਿਫਤਾਰ ਕੀਤੇ ਗੁਰਸੇਵਕ ਸਿੰਘ ਰੰਧਾਵਾ ਤੇ ਗੁਰਪ੍ਰੀਤ ਸਿੰਘ ਦੋਵਾਂ 'ਤੇ ਹੀ ਫਿਰੌਤੀ ਮੰਗਣ ਦੇ ਚਾਰਜ ਲਾਏ ਗਏ ਹਨ। ਦੱਸ ਦਈਏ ਕਿ ਗੁਰਸੇਵਕ ਸਿੰਘ ਦੇ ਸੋਸ਼ਲ ਮੀਡੀਆ ਪੇਜ ਮੁਤਾਬਕ ਉਹ ਕੈਨੇਡਾ ਵਿਚ ਰੀਅਲ ਅਸਟੇਟ ਏਜੰਟ ਵਜੋਂ ਕੰਮ ਕਰਦਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗੁਰਸੇਵਕ ਸਿੰਘ ਰੰਧਾਵਾ ਦੇ ਖਾਲਿਸਤਾਨੀ ਸਮਰਥਕ ਹੋਣ ਦੀ ਗੱਲ ਸਾਹਮਣੇ ਆਈ ਸੀ। ਰੰਧਾਵਾ 'ਤੇ ਗੈਂਗਸਟਰ ਰਿੰਦਾ ਦੇ ਕਰੀਬੀ ਹੋਣ ਦੀਆਂ ਵੀ ਖਬਰਾਂ ਹਨ।
ਤੁਰਕੀ ਦੇ ਰਾਸ਼ਟਰਪਤੀ ਨੇ UN 'ਚ ਨਹੀਂ ਕੀਤਾ 'ਕਸ਼ਮੀਰ' ਦਾ ਜ਼ਿਕਰ, ਧਿਆਨ 'ਗਾਜ਼ਾ' 'ਤੇ ਕੇਂਦਰਿਤ
NEXT STORY