ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ’ਚ ਕੋਰੋਨਾ ਵੈਕਸੀਨ ਮੁਹਿੰਮ ਜਾਰੀ ਹੈ, ਜਿਸ ਦੇ ਚਲਦਿਆਂ ਜਿੱਥੇ ਵੈਕਸੀਨ ਦੀਆਂ ਲੱਖਾਂ ਖੁਰਾਕਾਂ ਲਗਾਈਆਂ ਗਈਆਂ ਹਨ, ਉੱਥੇ ਹੀ ਲੱਖਾਂ ਵੈਕਸੀਨ ਦੀਆਂ ਖੁਰਾਕਾਂ ਵੱਖ-ਵੱਖ ਕਾਰਨਾਂ ਕਰਕੇ ਬਰਬਾਦ ਵੀ ਹੋਈਆਂ ਹਨ। ਇਸ ਸਬੰਧੀ ਇੱਕ ਰਿਪੋਰਟ ਦੇ ਅਨੁਸਾਰ ਅਮਰੀਕਾ ’ਚ 1 ਮਾਰਚ ਤੋਂ ਕੋਵਿਡ-19 ਟੀਕਿਆਂ ਦੀਆਂ ਘੱਟੋ-ਘੱਟ 15.1 ਮਿਲੀਅਨ ਖੁਰਾਕਾਂ ਖਰਾਬ ਹੋਈਆਂ ਹਨ। ਜਨਤਕ ਰਿਕਾਰਡਾਂ ਦੀ ਬੇਨਤੀ ਦੇ ਜਵਾਬ ’ਚ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ. ਡੀ. ਸੀ.) ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਕੁਝ ਰਾਸ਼ਟਰੀ ਫਾਰਮੇਸੀ ਚੇਨਾਂ ’ਚੋਂ ਹਰੇਕ ਨੇ 1 ਮਿਲੀਅਨ ਤੋਂ ਵੱਧ ਖਰਾਬ ਖੁਰਾਕਾਂ ਦੀ ਰਿਪੋਰਟ ਕੀਤੀ ਹੈ।
ਇਨ੍ਹਾਂ ’ਚੋਂ ਵਾਲਗ੍ਰੀਨਜ਼ ਨੇ ਕਿਸੇ ਵੀ ਫਾਰਮੇਸੀ, ਰਾਜ ਜਾਂ ਹੋਰ ਟੀਕਾ ਸੰਸਥਾ ਦੇ ਮੁਕਾਬਲੇ ਦੇ ਸਭ ਤੋਂ ਵੱਧ ਖਰਾਬ ਹੋਈਆਂ ਖੁਰਾਕਾਂ ਦੀ ਰਿਪੋਰਟ ਕੀਤੀ, ਜਿਨ੍ਹਾਂ ਦੀ ਗਿਣਤੀ ਤਕਰੀਬਨ 2.6 ਮਿਲੀਅਨ ਦੱਸੀ ਗਈ ਹੈ, ਜਦਕਿ ਸੀ. ਵੀ. ਐੱਸ. ਨੇ 2.3 ਮਿਲੀਅਨ, ਵਾਲਮਾਰਟ ਨੇ 1.6 ਮਿਲੀਅਨ ਅਤੇ ਰਾਈਟ ਏਡ ਨੇ 1.1 ਮਿਲੀਅਨ ਖਰਾਬ ਹੋਈਆਂ ਖੁਰਾਕਾਂ ਦੀ ਰਿਪੋਰਟ ਕੀਤੀ ਹੈ। ਇਹ ਅੰਕੜੇ ਫਾਰਮੇਸੀਆਂ, ਰਾਜਾਂ ਆਦਿ ਵੱਲੋਂ ਸਵੈ-ਰਿਪੋਰਟ ਕੀਤੇ ਅੰਕੜਿਆਂ ’ਤੇ ਆਧਾਰਿਤ ਹਨ। ਇਨ੍ਹਾਂ ਅੰਕੜਿਆਂ ’ਚ ਵੀ ਘੱਟੋ-ਘੱਟ ਸੱਤ ਸਟੇਟਾਂ ਅਤੇ ਕਈ ਵੱਡੀਆਂ ਏਜੰਸੀਆਂ ਦੇ ਅੰਕੜੇ ਸ਼ਾਮਲ ਨਹੀਂ ਹਨ। ਇਸ ਤੋਂ ਇਲਾਵਾ ਖੁਰਾਕਾਂ ਦੀ ਬਰਬਾਦੀ ਦੇ ਕਾਰਨ ਵੱਖੋ-ਵੱਖਰੇ ਹੁੰਦੇ ਹਨ। ਜਿਨ੍ਹਾਂ ’ਚ ਟੁੱਟੀਆਂ ਹੋਈਆਂ ਸ਼ੀਸ਼ੀਆਂ, ਟੀਕੇ ਨੂੰ ਵਰਤਣ ’ਚ ਗਲਤੀਆਂ, ਫ੍ਰੀਜ਼ਰ ’ਚ ਖਰਾਬੀ ਆਦਿ ਸ਼ਾਮਲ ਹਨ। ਵਿਸ਼ਵ ’ਚ ਕਈ ਦੇਸ਼ ਅਜਿਹੇ ਵੀ ਹਨ, ਜੋ ਕੋਰੋਨਾ ਵੈਕਸੀਨ ਨੂੰ ਪ੍ਰਾਪਤ ਕਰਨ ਲਈ ਸ਼ੰਘਰਸ਼ ਕਰ ਰਹੇ ਹਨ, ਜਦਕਿ ਅਮਰੀਕਾ ’ਚ ਲੱਖਾਂ ਖੁਰਾਕਾਂ ਬਰਬਾਦ ਹੋ ਰਹੀਆਂ ਹਨ।
ਜਲਵਾਯੂ ਸੰਕਟ ਨਾਲ ਨਜਿੱਠਣ 'ਚ ਚੀਨ ਮਹੱਤਵਪੂਰਨ : ਜਾਨ ਕੈਰੀ
NEXT STORY