ਇਸਲਾਮਾਬਾਦ (ਬਿਊਰੋ)– ਪੀ. ਐੱਮ. ਐੱਲ.-ਐੱਨ. ਪਾਰਟੀ ਦੇ ਸੰਸਦ ਮੈਂਬਰ ਅਹਿਸਾਨ ਇਕਬਾਲ ਨੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ’ਤੇ ਵਿਦੇਸ਼ੀ ਤਾਕਤਾਂ ਦੇ ਇਸ਼ਾਰਿਆਂ ’ਤੇ ਕੰਮ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਨੈਸ਼ਨਲ ਅਸੈਂਬਲੀ ’ਚ ਕਿਹਾ ਕਿ ਇਨ੍ਹਾਂ ਤਾਕਤਾਂ ਦੇ ਇਸ਼ਾਰਿਆਂ ’ਤੇ ਹੀ ਇਮਰਾਨ ਖ਼ਾਨ ਕਹਿ ਰਹੇ ਹਨ ਕਿ ਦੇਸ਼ ਦੇ ਪਰਮਾਣੂ ਪ੍ਰੋਗਰਾਮ ’ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਹਿਸਾਨ ਨੇ ਕਿਹਾ ਕਿ ਇਮਰਾਨ ਖ਼ਾਨ ਨੂੰ ਇਹ ਅਧਿਕਾਰ ਕਿਸ ਨੇ ਦਿੱਤਾ ਕਿ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਨ। ਉਨ੍ਹਾਂ ਦੋਸ਼ ਲਗਾਇਆ ਕਿ ਕ੍ਰਿਕਟਰ ਤੋਂ ਨੇਤਾ ਬਣੇ ਇਮਰਾਨ ਖ਼ਾਨ ਵਿਦੇਸ਼ੀ ਏਜੰਡੇ ’ਤੇ ਕੰਮ ਕਰ ਰਹੇ ਹਨ ਤੇ ਇਸ ਲਈ ਉਹ ਪਰਮਾਣੂ ਪ੍ਰੋਗਰਾਮ ਨੂੰ ਰੋਕਣ ਦੀ ਗੱਲ ਕਰ ਰਹੇ ਹਨ।
ਪੀ. ਐੱਮ. ਐੱਲ.-ਐੱਨ. ਦੇ ਮੁੱਖ ਸਕੱਤਰ ਨੇ ਨੈਸ਼ਨਲ ਅਸੈਂਬਲੀ ’ਚ ਕਿਹਾ ਕਿ ਉਨ੍ਹਾਂ ਨੇ ਦੇਸ਼ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਅਹਿਸਾਨ ਨੇ ਪੀ. ਐੱਮ. ਪ੍ਰਤੀ ਅਜਿਹੀ ਤਿੱਖੀ ਪ੍ਰਤੀਕਿਰਿਆ ਉਸ ਇੰਟਰਵਿਊ ਸਬੰਧੀ ਦਿੱਤੀ, ਜੋ ਇਮਰਾਨ ਖ਼ਾਨ ਨੇ ਇਕ ਅਮਰੀਕੀ ਪੱਤਰਕਾਰ ਨੂੰ ਦਿੱਤਾ ਸੀ ਤੇ ਜਿਸ ਨੂੰ ਮੰਗਲਵਾਰ ਨੂੰ ਛਾਪਿਆ ਗਿਆ ਸੀ। ਇਸ ਇੰਟਰਵਿਊ ’ਚ ਇਮਰਾਨ ਖ਼ਾਨ ਕੋਲੋਂ ਪੁੱਛਿਆ ਗਿਆ ਸੀ ਕਿ ਪਾਕਿਸਤਾਨ ਲਗਾਤਾਰ ਆਪਣੇ ਪਰਮਾਣੂ ਹਥਿਆਰਾਂ ’ਚ ਕਮੀ ਦੀ ਜਗ੍ਹਾ ਵਾਧਾ ਕਰ ਰਿਹਾ ਹੈ। ਇਸ ਦੇ ਜਵਾਬ ’ਚ ਇਮਰਾਨ ਖ਼ਾਨ ਨੇ ਕਿਹਾ ਸੀ ਕਿ ਇਸ ਦਾ ਸਿਰਫ ਇਕ ਹੀ ਮਕਸਦ ਹੈ ਸੁਰੱਖਿਆ। ਇਹ ਹਥਿਆਰ ਕਿਸੇ ’ਤੇ ਹਮਲਾ ਕਰਨ ਲਈ ਨਹੀਂ ਹਨ। ਇਸ ਮੌਕੇ ਉਨ੍ਹਾਂ ਭਾਰਤ ਦਾ ਨਾਂ ਲਏ ਬਿਨਾਂ ਕਿਹਾ ਕਿ ਕਸ਼ਮੀਰ ਦਾ ਮੁੱਦਾ ਸੁਲਝਣ ਤੋਂ ਬਾਅਦ ਇਨ੍ਹਾਂ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ।
ਅਹਿਸਾਨ ਦਾ ਕਹਿਣਾ ਸੀ ਕਿ ਪੀ. ਐੱਮ. ਦੇ ਇਸ ਬਿਆਨ ਤੋਂ ਇਹ ਅਰਥ ਨਿਕਲਿਆ ਹੈ ਕਿ ਪਾਕਿਸਤਾਨ ਆਪਣਾ ਪਰਮਾਣੂ ਪ੍ਰੋਗਰਾਮ ਬੰਦ ਕਰ ਸਕਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਸਭ ਕੁਝ ਇਮਰਾਨ ਨੇ ਵਿਦੇਸ਼ੀ ਸਹਾਇਤਾ ਦੇਣ ਵਾਲਿਆਂ ਦੇ ਇਸ਼ਾਰਿਆਂ ’ਤੇ ਕੀਤਾ ਤੇ ਕਿਹਾ ਹੈ। ਅਹਿਸਾਨ ਨੇ ਨੈਸ਼ਨਲ ਅਸੈਂਬਲੀ ’ਚ ਕਿਹਾ ਕਿ ਪਾਕਿਸਤਾਨ ਦਾ ਪਰਮਾਣੂ ਪ੍ਰੋਗਰਾਮ ਕਿਸੇ ਵੀ ਸੂਰਤ ’ਚ ਨਹੀਂ ਰੁਕੇਗਾ ਤੇ ਨਾ ਹੀ ਇਸ ’ਤੇ ਕਿਸੇ ਨਾਲ ਕੋਈ ਗੱਲਬਾਤ ਹੋਵੇਗੀ।
ਨੈਸ਼ਨਲ ਅਸੈਂਬਲੀ ’ਚ ਬਜਟ ’ਤੇ ਹੋਈ ਚਰਚਾ ਦੌਰਾਨ ਅਹਿਸਾਨ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਸਰਕਾਰ ਦੇ ਵਿੱਤੀ ਬਿੱਲ ਨਾਲ ਦੇਸ਼ ’ਚ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ’ਚ ਜ਼ਬਰਦਸਤ ਵਾਧਾ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਇਨ੍ਹੀਂ ਦਿਨੀਂ ਬਿਨਾਂ ਕਿਸੇ ਯੋਜਨਾ ਦੇ ਤਹਿਤ ਚੱਲ ਰਿਹਾ ਹੈ। ਸਰਕਾਰ ਦੀ ਨਾ ਤਾਂ ਕੋਈ ਨੀਤੀ ਹੈ ਤੇ ਨਾ ਹੀ ਉਸ ਦੀ ਨੀਯਤ ਸਾਫ ਹੈ। ਉਨ੍ਹਾਂ ਕਿਹਾ ਕਿ ਇਮਰਾਨ ਖ਼ਾਨ ਨੇ ਦੇਸ਼ ਨੂੰ ਤਬਾਹ ਕਰਨ ਦੀ ਜੋ ਸ਼ੁਰੂਆਤ ਕੀਤੀ ਹੈ, ਉਸ ’ਚ ਉਹ ਖ਼ੁਦ ਹੀ ਤਬਾਹ ਹੋ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪਾਕਿ ’ਚ ‘ਆਟਾ ਸੰਕਟ’, ਇਮਰਾਨ ਸਰਕਾਰ ਨੇ ਵਧਾਇਆ ਟੈਕਸ, ਵਿਰੋਧ ’ਚ ਆਟਾ ਮਿੱਲਾਂ ਬੰਦ ਕਰਨ ਦੀ ਤਿਆਰੀ
NEXT STORY