ਮੈਲਬੌਰਨ (ਮਨਦੀਪ ਸਿੰਘ ਸੈਣੀ)- ਮੈਲਬੌਰਨ ਵਿਚ ਬੀਤੇ ਸੋਮਵਾਰ ਨੂੰ ਪੰਜਾਬੀ ਨੌਜਵਾਨ ਸੁਖਵਿੰਦਰ ਸਿੰਘ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ।ਸੁਖਵਿੰਦਰ ਸਿੰਘ ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਦਾ ਵਸਨੀਕ ਸੀ ਅਤੇ ਮੈਲਬੌਰਨ ਵਿਚ ਟਰੱਕ ਦਾ ਲਾਈਸੈਂਸ ਲੈਣ ਆਇਆ ਸੀ।ਜਾਣਕਾਰ ਸੂਤਰਾਂ ਮੁਤਾਬਕ ਟਰੱਕ ਦਾ ਟੈਸਟ ਦਿੰਦੇ ਸਮੇਂ ਸੁਖਵਿੰਦਰ ਸਿੰਘ ਨੂੰ ਕੁਝ ਘਬਰਾਹਟ ਮਹਿਸੂਸ ਹੋਈ ਤਾਂ ਟਰੱਕ ਸਿਖਲਾਈ ਸਕੂਲ ਵਾਲਿਆਂ ਨੇ ਮੁੱਢਲੀ ਸਹਾਇਤਾ ਲਈ ਐਂਬੂਲੈਂਸ ਨੂੰ ਬੁਲਾਇਆ।ਪਰ ਹਸਪਤਾਲ ਪਹੁੰਚਣ ਤੋਂ ਬਾਅਦ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ।ਮ੍ਰਿਤਕ ਆਸਟ੍ਰੇਲੀਆ ਦਾ ਨਾਗਰਿਕ ਸੀ ਤੇ ਜ਼ਿਲਾ ਲੁਧਿਆਣਾ ਦੇ ਪਿੰਡ ਮਾਜਰੀ ਨਾਲ ਸਬੰਧਤ ਸੀ।ਸੁਖਵਿੰਦਰ ਸਿੰਘ ਦੀ ਉਮਰ 40 ਸਾਲ ਦੇ ਕਰੀਬ ਦੱਸੀ ਗਈ ਹੈ।ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਛੋਟੇ ਬੱਚੇ ਛੱਡ ਗਿਆ ਹੈ।
ਮੈਲਬੌਰਨ ਦੇ ਸਮਾਜ ਸੇਵੀ ਫੁੱਲਵਿੰਦਰ ਸਿੰਘ ਗਰੇਵਾਲ ਅਤੇ ਬ੍ਰਿਸਬੇਨ ਤੋਂ ਮਨਜੀਤ ਬੋਪਾਰਾਏ ਨੇ ਦੱਸਿਆ ਕਿ ਦੁੱਖ ਦੀ ਇਸ ਘੜੀ ਵਿਚ ਅਸੀਂ ਪਰਿਵਾਰ ਦੇ ਨਾਲ ਖੜ੍ਹੇ ਹਾਂ।ਉਹਨਾਂ ਦੱਸਿਆ ਕਿ ਉਹ ਪ੍ਰਸ਼ਾਸ਼ਨ ਨਾਲ ਪੂਰੀ ਤਰਾਂ ਸੰਪਰਕ ਵਿਚ ਹਨ ਤੇ ਜ਼ਰੂਰੀ ਕਾਰਵਾਈ ਪੂਰੀ ਹੋਣ ਉਪਰੰਤ ਲਾਸ਼ ਪੰਜਾਬ ਨੂੰ ਰਵਾਨਾ ਕਰ ਦਿੱਤੀ ਜਾਵੇਗੀ।ਇਸ ਬੇਵਕਤੀ ਮੌਤ 'ਤੇ ਪੰਜਾਬੀ ਭਾਈਚਾਰੇ ਵੱਲੋਂ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ।
ਕਰੋੜਾਂ ਦੀ ਲਾਟਰੀ ਜਿੱਤਣ ਦੇ ਬਾਅਦ ਮਾਸਕ ਪਾ ਕੇ ਲਿਆ ਇਨਾਮ, ਇਹ ਸੀ ਡਰ
NEXT STORY