ਬ੍ਰਿਸਬੇਨ, (ਸਤਵਿੰਦਰ ਟੀਨੂੰ)— ਆਸਟ੍ਰੇਲੀਆ ਦੇ ਖ਼ੂਬਸੂਰਤ ਸ਼ਹਿਰ ਬ੍ਰਿਸਬੇਨ ਦੇ ਸਮੂਹ ਸਿੱਖ ਗੁਰਦੁਆਰਿਆਂ ਲੋਗਨ ਸਿੱਖ ਟੈਂਪਲ, ਟੈਗਮ ਸਿੱਖ ਟੈਂਪਲ ਅਤੇ ਇਨਾਲਾ ਸਿੱਖ ਟੈਂਪਲ ਵਿਖੇ ਛੇਵੇਂ ਪਾਤਸ਼ਾਹ ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ 'ਬੰਦੀ ਛੋੜ ਦਿਵਸ' ਨੂੰ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਮਨਾਇਆ ਗਿਆ।

ਬੰਦੀ ਛੋੜ ਦਿਵਸ (ਮੁਕਤੀ ਦਾ ਦਿਵਸ) ਅੱਸੂ ਮਹੀਨੇ ਵਿੱਚ ਮਨਾਇਆ ਜਾਣ ਵਾਲਾ ਇੱਕ ਮਹੱਤਵਪੂਰਣ ਸਿੱਖ ਤਿਉਹਾਰ ਹੈ।

ਇਸ ਦਿਨ ਨਾਲ ਸਿੱਖ ਇਤਿਹਾਸ ਦੀਆਂ ਕਈ ਮੁੱਖ ਘਟਨਾਵਾਂ ਜੁੜੀਆਂ ਹੋਈਆਂ ਹਨ। ਮੁੱਖ ਰੂਪ ਵਿਚ ਸਿੱਖ ਇਤਿਹਾਸ ਨਾਲ ਇਸ ਤਿਉਹਾਰ ਦਾ ਸੰਬੰਧ ਉਸ ਸਮੇਂ ਤੋਂ ਜੁੜਿਆ ਜਦੋਂ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿਚੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ । ਇਸੇ ਖੁਸ਼ੀ ਵਿੱਚ ਸਿੱਖ ਸੰਗਤਾਂ ਨੇ ਘਰਾਂ ਵਿਚ ਘਿਓ ਦੇ ਦੀਵੇ ਜਗਾਏ ਸਨ। ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਖੁਸ਼ੀ ਵਿਚ ਦੀਪ-ਮਾਲਾ ਕੀਤੀ ਗਈ ਸੀ।

ਸਮੂਹ ਸਿੱਖ ਗੁਰਦੁਆਰਿਆਂ 'ਚ ਇਸ ਦਿਨ 'ਤੇ ਪੰਜਾਬੀਆਂ ਨੇ ਭਾਰੀ ਗਿਣਤੀ ਵਿੱਚ ਇਕੱਠੇ ਹੋ ਕੇ ਸ਼ਰਧਾ ਨਾਲ ਮੱਥਾ ਟੇਕਿਆ ਤੇ ਗੁਰੂ ਦੀ ਬਾਣੀ ਸੁਣ ਆਪਣੇ ਜੀਵਨ ਨੂੰ ਸਫਲ ਕੀਤਾ। ਸਿੱਖ ਰੀਤ ਅਨੁਸਾਰ ਗੁਰੂ ਦੇ ਲੰਗਰ ਅਤੁੱਟ ਵਰਤੇ ਗਏ।
ਬਗਦਾਦੀ ਦੀ ਮੌਤ 'ਤੇ ਟਰੂਡੋ ਨੇ ਕਿਹਾ- ਸਾਥੀਆਂ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖੇਗਾ ਕੈਨੇਡਾ
NEXT STORY