ਮਨੀਲਾ (ਬਿਊਰੋ)— ਫਿਲੀਪੀਂਸ ਦੇ ਮਨੀਲਾ ਵਿਚ ਰਾਸ਼ਟਰਪਤੀ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਛੇੜੀ ਗਈ ਮੁਹਿੰਮ ਦੌਰਾਨ ਦਰਜਨਾਂ ਕਾਰਾਂ 'ਤੇ ਬੁਲਡੋਜ਼ਰ ਚਲਾ ਦਿੱਤਾ ਗਿਆ। ਜਾਣਕਾਰੀ ਮੁਤਾਬਕ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਇਹ ਕਾਰਾਂ ਗੈਰ ਕਾਨੂੰਨੀ ਤਰੀਕੇ ਨਾਲ ਇੱਥੇ ਲਿਆਂਦੀਆਂ ਗਈਆਂ ਸਨ। ਇਹ ਸਭ ਕੁਝ ਫਿਲੀਪੀਂਸ ਦੇ ਰਾਸ਼ਟਰਪਤੀ ਰੋਡਰੀਗੋ ਡੁੱਟੇਟੇ ਦੀ ਮੌਜੂਦਗੀ ਵਿਚ ਹੋਇਆ।

ਲੱਗਭਗ 8 ਕਰੋੜ ਦੀ ਕੀਮਤ ਵਾਲੀਆਂ ਇਨ੍ਹਾਂ ਲਗਜ਼ਰੀ ਕਾਰਾਂ ਨੂੰ ਮਿੱਟੀ ਵਿਚ ਮਿਲਾ ਦਿੱਤਾ ਗਿਆ। ਫਿਲੀਪੀਂਸ ਦੇ ਵਿੱਤ ਮੰਤਰੀ ਕਾਰਲੋਸ ਡੋਮਿੰਗਏਜ਼ ਨੇ ਕਿਹਾ ਕਿ ਇਹ ਕਾਰਾਂ ਟੈਕਸ ਦਾ ਭੁਗਤਾਨ ਕੀਤੇ ਬਿਨਾ ਇੱਥੇ ਲਿਆਈਆਂ ਗਈਆਂ ਸਨ।

ਫਿਲੀਪੀਂਸ ਦੇ ਬਿਊਰੋ ਆਫ ਕਸਟਮ ਵਿਚ ਇਨ੍ਹਾਂ ਕਾਰਾਂ ਨੂੰ ਨਸ਼ਟ ਕਰ ਦਿੱਤਾ ਗਿਆ। ਮੌਕਾ ਸੀ ਬਿਊਰੋ ਆਫ ਕਸਟਮ ਦੀ 116ਵੀਂ ਵਰ੍ਹੇਗੰਢ ਦਾ। ਕਸਟਮ ਅਧਿਕਾਰੀਆਂ ਮੁਤਾਬਕ ਇਨ੍ਹਾਂ ਵਿਚ ਔਡੀ, ਬੀ. ਐੱਮ. ਡਬਲਊ., ਮਰਸੀਡੀਜ਼, ਜੈਗੁਆਰ ਅਤੇ ਕਾਰਵੈੱਟ ਕਾਰਾਂ ਸ਼ਾਮਲ ਸਨ। ਰਾਸ਼ਟਰਪਤੀ ਦੀ ਨਵੀਂ ਮੁਹਿੰਮ ਵਿਚ ਹਰ ਗੈਰ ਕਾਨੂੰਨੀ ਕੰਮ ਅਤੇ ਅਪਰਾਧਾਂ 'ਤੇ ਸਖਤੀ ਨਾਲ ਕੰਟਰੋਲ ਕੀਤਾ ਜਾ ਰਿਹਾ ਹੈ।

ਅਧਿਕਾਰੀਆਂ ਮੁਤਾਬਕ ਇਹ ਇਕ ਛੋਟਾ ਜਿਹਾ ਟਰੇਲਰ ਸੀ, ਜੋ ਉਨ੍ਹਾਂ ਨੇ ਲੋਕਾਂ ਨੂੰ ਦਿਖਾਇਆ। ਰਾਸ਼ਟਰਪਤੀ ਦਾ ਕਹਿਣਾ ਹੈ ਕਿ ਅਪਰਾਧਾਂ ਵਿਰੁੱਧ ਲੜਾਈ ਵਿਚ ਜੇ ਅਪਰਾਧੀ ਨੂੰ ਮਾਰਨਾ ਪਿਆ ਤਾਂ ਇੰਝ ਵੀ ਕੀਤਾ ਜਾਵੇਗਾ।
ਕੈਨੇਡਾ ਦੇ ਇਸ ਸੂਬੇ 'ਚ ਆਵੇਗਾ ਬਰਫੀਲਾ ਤੂਫਾਨ, ਚਿਤਾਵਨੀ ਜਾਰੀ
NEXT STORY