ਇੰਟਰਨੈਸ਼ਨਲ ਡੈਸਕ: ਕੈਨੇਡਾ ਵਿਚ ਖਾਲਿਸਤਾਨੀ ਵੱਖਵਾਦੀਆਂ ਦਾ ਪ੍ਰਭਾਵ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਹਾਲ ਹੀ ’ਚ ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਬਰੈਂਪਟਨ ਸ਼ਹਿਰ ਵਿਚ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਨੂੰ ਦਰਸਾਉਂਦੀ ਇਕ ਤਾਜ਼ਾ ਝਾਂਕੀ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ। ਇਸ ਮਾਮਲੇ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਕੈਨੇਡਾ ਦੀ ਰਾਜਨੀਤੀ ਵਿਚ ਵੱਖਵਾਦੀਆਂ ਦਾ ਸਮਰਥਨ ਕਰਨਾ ਇਕ ਖ਼ਤਰਨਾਕ ਖੇਡ ਹੈ, ਜੋ ਉਨ੍ਹਾਂ ਦੇ ਆਪਣੇ ਕੌਮੀ ਹਿੱਤਾਂ ਅਤੇ ਆਰਥਿਕ ਭਵਿੱਖ ਨੂੰ ਖ਼ਤਰੇ ਵਿਚ ਪਾ ਰਹੀ ਹੈ। ਭਾਰਤ ਵੱਲੋਂ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡਾ ਵਿਚ ਖਾਲਿਸਤਾਨੀਆਂ ਦੀ ਸਰਗਰਮੀ ਨੂੰ ਨਾਕਾਮ ਕਰਨ ਵਿਚ ਅਸਮਰੱਥ ਰਹੇ ਹਨ।
ਕੀ ਹੈ ਪੀ. ਐੱਮ. ਟਰੂਡੋ ਦੀ ਮਜਬੂਰੀ
ਟਰੂਡੋ ਘੱਟ ਗਿਣਤੀ ਵਾਲੀ ਸਰਕਾਰ ਦੀ ਅਗਵਾਈ ਕਰਦੇ ਹਨ, ਜਿਸ ਨੂੰ ਕੱਟੜਪੰਥੀ ਖਾਲਿਸਤਾਨੀ ਵੱਖਵਾਦੀ ਜਗਮੀਤ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ.ਡੀ.ਪੀ.) ਦਾ ਸਮਰਥਨ ਪ੍ਰਾਪਤ ਹੈ। ਸਿੰਘ ਦੀਆਂ ਐੱਨ.ਡੀ.ਪੀ. ਪਾਰਲੀਮੈਂਟ ਵਿਚ 24 ਸੀਟਾਂ ਹਨ, ਜਿਨ੍ਹਾਂ ਦਾ ਸਮਰਥਨ ਟਰੂਡੋ ਸਰਕਾਰ ਦੇ ਬਚਾਅ ਲਈ ਮਹੱਤਵਪੂਰਨ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਗਮੀਤ ਸਿੰਘ ਦਾ ਵਿਰੋਧ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਦੀ ਐੱਨ.ਡੀ.ਪੀ. ਉਦਾਰਵਾਦੀਆਂ ਨਾਲ ਅਸਾਧਾਰਨ ਲਾਭ ਪ੍ਰਾਪਤ ਕਰਦੀ ਹੈ।
ਏਅਰ ਇੰਡੀਆ ਦੇ ਜਹਾਜ਼ ਕਨਿਸ਼ਕ ਦੀ ਘਟਨਾ
ਸਾਕਾ ਨੀਲਾ ਤਾਰਾ ਤੋਂ ਬਾਅਦ 1984 ਵਿਚ ਭਾਰਤ ਵਿਚ ਸਿੱਖ ਵਿਰੋਧੀ ਦੰਗੇ ਹੋਏ, ਜੋ ਕੈਨੇਡਾ ਵਿਚ ਵੱਸਦੇ ਸਿੱਖਾਂ ਸਮੇਤ ਪੂਰੀ ਦੁਨੀਆ ਦੇ ਸਿੱਖਾਂ ਲਈ ਹਮੇਸ਼ਾ ਇਕ ਸੰਵੇਦਨਸ਼ੀਲ ਮੁੱਦਾ ਬਣਿਆ ਰਿਹਾ ਹੈ। ਕੁਝ ਮਹੀਨਿਆਂ ਬਾਅਦ ਉਸੇ ਸਾਲ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਨ੍ਹਾਂ ਦੇ ਹੀ ਸਿੱਖ ਅੰਗ ਰੱਖਿਅਕਾਂ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ। ਸਾਕਾ ਨੀਲਾ ਤਾਰਾ ਤਹਿਤ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਮੰਨੇ ਜਾਂਦੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੱਟੜਪੰਥੀ ਐਲਾਨੇ ਗਏ ਲੋਕਾਂ ਨੂੰ ਫੜਨ ਲਈ ਮੁਹਿੰਮ ਚਲਾਈ ਗਈ ਸੀ। ਇਸ ਦੌਰਾਨ ਕੀਤੀ ਗਈ ਕਾਰਵਾਈ ਵਿਚ ਕਈ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਜੂਨ 1985 ’ਚ ਕੈਨੇਡਾ ਦੇ ਮਾਂਟਰੀਅਲ ਤੋਂ ਨਵੀਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ‘ਕਨਿਸ਼ਕ’ ਨੂੰ ਹਵਾ ’ਚ ਹੀ ਬੰਬ ਨਾਲ ਉਡਾ ਦਿੱਤਾ ਗਿਆ ਸੀ । ਇਸ ਹਾਦਸੇ ਵਿਚ 329 ਲੋਕ ਮਾਰੇ ਗਏ ਸਨ ਅਤੇ ਇਸ ਨੂੰ ਇਤਿਹਾਸ ਦਾ ਕਾਲਾ ਪੰਨਾ ਕਿਹਾ ਗਿਆ। ਮਰਨ ਵਾਲਿਆਂ ਵਿਚ ਜ਼ਿਆਦਾਤਰ ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕ ਸਨ।
ਪੜ੍ਹੋ ਇਹ ਅਹਿਮ ਖ਼ਬਰ-'47 ਦੀ ਵੰਡ ਦੌਰਾਨ ਰਾਵਲਪਿੰਡੀ ਅਤੇ ਹਜ਼ਾਰਾ 'ਚ ਭੜਕੀ ਫਿਰਕੂ ਹਿੰਸਾ, ਵੱਡੇ ਪੱਧਰ 'ਤੇ ਪਲਾਇਨ
ਕੈਨੇਡਾ ਨੂੰ ਵਿਸ਼ਵ ਮੰਚ ’ਤੇ ਹੋ ਸਕਦੈ ਨੁਕਸਾਨ
ਹਾਲ ਹੀ ਵਿਚ ਕਈ ਕੈਨੇਡੀਅਨ ਸਿਆਸਤਦਾਨਾਂ ’ਤੇ ਚੋਣਾਂ ਜਿੱਤਣ ਲਈ ਖਾਲਿਸਤਾਨ ਦੇ ਵੱਖਵਾਦੀਆਂ ਅੱਗੇ ਝੁਕਣ ਦੇ ਦੋਸ਼ ਲੱਗੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਰਣਨੀਤੀ ਥੋੜ੍ਹੇ ਸਮੇਂ ਲਈ ਸੰਭਾਵੀ ਤੌਰ ’ਤੇ ਲਾਭਦਾਇਕ ਹੈ ਪਰ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਵਿਚੋਂ ਇਕ ਭਾਰਤ ਨਾਲ ਡੂੰਘੇ ਸਬੰਧਾਂ ਦੀ ਸੰਭਾਵਨਾ ਨੂੰ ਕਮਜ਼ੋਰ ਕਰ ਕੇ ਕੈਨੇਡਾ ਦੇ ਲੰਬੇ ਸਮੇਂ ਦੇ ਹਿੱਤਾਂ ਨੂੰ ਖਤਰਾ ਪੈਦਾ ਕਰਦੀ ਹੈ। ਕੈਨੇਡਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੋਡੀ ਥਾਮਸ ਨੇ ਹਾਲ ਹੀ ’ਚ ਭਾਰਤ ’ਤੇ ਦਖਲਅੰਦਾਜ਼ੀ ਦਾ ਦੋਸ਼ ਲਗਾਇਆ ਸੀ। ਰਾਜਨੀਤਿਕ ਮਾਹਰਾਂ ਦਾ ਕਹਿਣਾ ਹੈ ਕਿ ਇਹ ਇਕ ਅਜਿਹਾ ਦਾਅਵਾ ਸੀ, ਜੋ ਸਪੱਸ਼ਟ ਤੌਰ ’ਤੇ ਇਕ ਖਾਸ ਵੋਟਰ ਅਧਾਰ ਨੂੰ ਅਪੀਲ ਕਰਨ ਦੀ ਕੋਸ਼ਿਸ਼ ਸੀ। ਕੱਟੜਪੰਥੀਆਂ ਅਤੇ ਵੱਖਵਾਦੀਆਂ ਨੂੰ ਹੱਲਾਸ਼ੇਰੀ ਦੇਣ ਨਾਲ ਵਿਸ਼ਵ ਮੰਚ ’ਤੇ ਕੈਨੇਡਾ ਦੀ ਸਾਖ ਨੂੰ ਨੁਕਸਾਨ ਪਹੁੰਚ ਸਕਦਾ ਹੈ।
ਕੀ ਹੈ ਸਿਆਸੀ ਸਮੀਕਰਨ
ਕੈਨੇਡੀਅਨ ਆਮ ਚੋਣਾਂ ਵਿਚ ਟਰੂਡੋ ਦੀ ਲਿਬਰਲ ਪਾਰਟੀ ਨੇ 157 ਸੀਟਾਂ ਜਿੱਤੀਆਂ, ਵਿਰੋਧੀ ਕੰਜ਼ਰਵੇਟਿਵ ਨੇ 121, ਬਲਾਕ ਕਿਊਬੇਕੋਇਸ ਨੇ 32, ਐੱਨ.ਡੀ.ਪੀ. ਨੇ 24, ਗ੍ਰੀਨ ਪਾਰਟੀ ਨੇ 3 ਅਤੇ ਇਕ ਆਜ਼ਾਦ ਨੇ ਜਿੱਤ ਹਾਸਲ ਕੀਤੀ। ਇਸ ਲਈ ਟਰੂਡੋ ਨੂੰ 170 ਦੇ ਜਾਦੂਈ ਅੰਕੜੇ ਤੱਕ ਪਹੁੰਚਣ ਲਈ ਆਪਣੀ ਖੱਬੇ-ਪੱਖੀ ਵਿਰੋਧੀ ਪਾਰਟੀਆਂ ਦੇ ਘੱਟੋ-ਘੱਟ 13 ਵਿਧਾਇਕਾਂ ਦੇ ਸਮਰਥਨ ’ਤੇ ਭਰੋਸਾ ਕਰਨਾ ਪਿਆ। ਚੋਣਾਂ ਤੋਂ ਬਾਅਦ ਸਿੰਘ ਅਤੇ ਟਰੂਡੋ ਨੇ ਇਕ ਭਰੋਸੇ ਅਤੇ ਸਪਲਾਈ ਸਮਝੌਤੇ ’ਤੇ ਦਸਤਖਤ ਕੀਤੇ, ਜੋ 2025 ਤੱਕ ਲਾਗੂ ਰਹੇਗਾ।
ਸਿਆਸੀ ਤੁਸ਼ਟੀਕਰਨ ਨਾਲ ਵਿਗੜ ਸਕਦੇ ਹਨ ਰਿਸ਼ਤੇ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ 2021 ਵਿਚ ਭਾਰਤ ਤੋਂ ਕੋਵਿਡ ਟੀਕਿਆਂ ਦੀ ਬੇਨਤੀ ਭਾਰਤ ਅਤੇ ਕੈਨੇਡਾ ਨਾਲ ਮਜ਼ਬੂਤ ਵਪਾਰਕ ਸਬੰਧਾਂ ਦਾ ਸੰਕੇਤ ਦਿੰਦੀ ਹੈ। ਹਾਲਾਂਕਿ ਕੈਨੇਡਾ ਵਿਚ ਖਾਲਿਸਤਾਨੀ ਵੱਖਵਾਦੀਆਂ ਦਾ ਵਧਦਾ ਪ੍ਰਭਾਵ ਅਤੇ ਸਬੰਧਤ ਸਿਆਸੀ ਤੁਸ਼ਟੀਕਰਨ ਸਬੰਧਾਂ ਵਿਚ ਤਣਾਅ ਪੈਦਾ ਕਰ ਸਕਦੇ ਹਨ। ਕੈਨੇਡਾ ਦੀ ਕੁੱਲ ਆਬਾਦੀ ਦਾ 2.1 ਫੀਸਦੀ ਹਿੱਸਾ ਸਿੱਖ ਡਾਇਸਪੋਰਾ ਕੈਨੇਡੀਅਨ ਸਮਾਜ ਅਤੇ ਰਾਜਨੀਤੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਵਿਸ਼ੇਸ਼ ਤੌਰ ’ਤੇ ਕੈਨੇਡੀਅਨ ਸਿੱਖ ਜਗਮੀਤ ਸਿੰਘ ਖੱਬੇਪੱਖੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਮੁਖੀ ਹਨ। ਸਿਆਸੀ ਨਜ਼ਰੀਏ ਨਾਲ ਇਸ ਭਾਈਚਾਰੇ ਦਾ ਸੰਭਾਵੀ ਪ੍ਰਭਾਵ ਮਹੱਤਵਪੂਰਨ ਹੈ ਪਰ ਇਹ ਖਾਲਿਸਤਾਨ ਵਰਗੇ ਵੱਖਵਾਦੀ ਕਾਰਨਾਂ ਦੀ ਵਕਾਲਤ ਕਰਨ ਵਾਲੇ ਕੱਟੜਪੰਥੀਆਂ ਦੇ ਹੇਰ-ਫੇਰ ਦਾ ਜੋਖਮ ਵੀ ਉਠਾਉਂਦਾ ਹੈ।
ਕੀ ਕਹਿੰਦੇ ਹਨ ਆਬਾਦੀ ਦੇ ਅੰਕੜੇ?
2019 ਦੀ ਮਰਦਮਸ਼ੁਮਾਰੀ ਅਨੁਸਾਰ, ਕੈਨੇਡਾ ਦੀ ਆਬਾਦੀ 3.76 ਕਰੋੜ ਹੈ।
ਕੈਨੇਡਾ ਸਰਕਾਰ ਮੁਤਾਬਕ ਦੇਸ਼ ਵਿਚ ਵੱਸਣ ਵਾਲੇ ਭਾਰਤੀਆਂ ਦੀ ਗਿਣਤੀ 14 ਲੱਖ ਦੇ ਕਰੀਬ ਹੈ।
ਭਾਰਤ ਦੇ ਵਿਦੇਸ਼ ਮੰਤਰਾਲੇ ਅਨੁਸਾਰ ਕੈਨੇਡਾ ਵਿਚ 50% ਭਾਰਤੀ ਸਿੱਖ ਅਤੇ 39% ਹਿੰਦੂ ਹਨ।
ਪ੍ਰਤੀ ਕਿਲੋਮੀਟਰ ਰਿਹਾਇਸ਼ ’ਚ 4 ਲੋਕ ਰਹਿੰਦੇ ਹਨ, ਇਹ ਦੁਨੀਆ ਵਿਚ ਸਭ ਤੋਂ ਘੱਟ ਆਬਾਦੀ ਦੀ ਘਣਤਾ ਵਿਚੋਂ ਇਕ ਹੈ।
ਇਸ ਤੋਂ ਇਲਾਵਾ ਉਥੇ ਮੁਸਲਮਾਨ, ਈਸਾਈ, ਜੈਨ ਅਤੇ ਬੋਧੀ ਵੀ ਹਨ।
ਇਨ੍ਹਾਂ ਵਿਚੋਂ ਵਧੇਰੇ ਗ੍ਰੇਟਰ ਟੋਰਾਂਟੋ, ਗ੍ਰੇਟਰ ਵੈਨਕੂਵਰ, ਮਾਂਟਰੀਅਲ ਅਤੇ ਕੈਲਗਰੀ ਵਿਚ ਰਹਿੰਦੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹੁਣ ਡੈੱਡ ਬਾਡੀ ਤੋਂ ਵੀ ਹਾਰਟ ਟਰਾਂਸਪਲਾਂਟ ਸੰਭਵ, ਵਧੇਰੇ ਲੋਕਾਂ ਨੂੰ ਮਿਲ ਸਕੇਗਾ ਨਵਾਂ ਜੀਵਨ
NEXT STORY