ਬਰੈਂਪਟਨ— ਕੈਨੇਡਾ 'ਚ ਪਿਛਲੇ ਮਹੀਨੇ ਪੰਜਾਬੀ ਮੂਲ ਦੇ ਨੌਜਵਾਨ ਪਵਿੱਤਰ ਸਿੰਘ ਬੱਸੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ। 21 ਸਾਲਾ ਪਵਿੱਤਰ ਬਰੈਂਪਟਨ 'ਚ ਰਹਿੰਦਾ ਸੀ। ਬਰੈਂਪਟਨ 'ਚ ਰਹਿ ਰਹੇ ਉਸ ਦੇ ਪਰਿਵਾਰ ਨੇ ਫੈਸਲਾ ਕੀਤਾ ਹੈ ਕਿ ਉਹ 19 ਅਪ੍ਰੈਲ ਨੂੰ ਆਪਣੇ ਪੁੱਤ ਦੇ ਨਾਂ 'ਤੇ ਚੈਰੀਟੇਬਲ ਸੇਵਾ ਸੰਸਥਾ(ਲੋਕ ਭਲਾਈ ਦੇ ਕੰਮ) ਸ਼ੁਰੂ ਕਰਨਗੇ। ਪਰਿਵਾਰ ਨੇ ਕਿਹਾ ਕਿ ਉਹ ਇਸ ਦਾ ਨਾਂ ਪਵਿੱਤਰ ਦੇ ਨਾਂ 'ਤੇ ਹੀ ਰੱਖਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੁੱਤ ਭਾਵੇਂ ਇਸ ਦੁਨੀਆ 'ਚ ਨਹੀਂ ਪਰ ਉਸ ਦੇ ਨਾਂ 'ਤੇ ਸ਼ੁਰੂ ਹੋਣ ਵਾਲੀ ਸੰਸਥਾ ਹੋਰਾਂ ਜ਼ਰੂਰਤਮੰਦਾਂ ਲਈ ਹਮੇਸ਼ਾ ਅੱਗੇ ਰਹੇਗੀ।
ਤੁਹਾਨੂੰ ਦੱਸ ਦਈਏ ਕਿ 19 ਮਾਰਚ 2018 ਨੂੰ ਬਰੈਂਪਟਨ 'ਚ ਇਕ ਸਕੂਲ ਦੀ ਗਰਾਊਂਡ 'ਚ 2 ਵਿਅਕਤੀਆਂ ਨੇ ਪਵਿੱਤਰ ਨੂੰ ਬੁਰੀ ਤਰ੍ਹਾਂ ਕੁੱਟ-ਕੁੱਟ ਕੇ ਜ਼ਖਮੀ ਕਰ ਦਿੱਤਾ ਸੀ। ਉਸ ਨੂੰ ਹਸਪਤਲ 'ਚ ਭਰਤੀ ਕਰਵਾਇਆ ਗਿਆ ਸੀ ਪਰ ਉਸ ਦੇ ਸਿਰ 'ਚ ਬਹੁਤ ਸੱਟਾਂ ਲੱਗੀਆਂ ਸਨ, ਇਸ ਲਈ ਉਸ ਨੂੰ ਬਚਾਇਆ ਨਾ ਜਾ ਸਕਿਆ। ਇਸ ਮਾਮਲੇ 'ਚ ਪੁਲਸ ਨੇ 3 ਪੰਜਾਬੀਆਂ ਨੂੰ ਹਿਰਾਸਤ 'ਚ ਲਿਆ ਹੈ।
ਪਰਿਵਾਰ ਨੇ ਦੱਸਿਆ ਕਿ ਪਵਿੱਤਰ ਨੇਕ ਸੋਚ ਦਾ ਮਾਲਕ ਸੀ। ਬੱਸੀ ਪਰਿਵਾਰ ਪੰਜਾਬ ਦੇ ਹੁਸ਼ਿਆਰਪੁਰ ਨਾਲ ਸੰਬੰਧਤ ਹੈ। ਪਵਿੱਤਰ ਦੀ ਵੱਡੀ ਭੈਣ ਬਲਜੀਤ ਕੌਰ ਬੱਸੀ ਪਹਿਲੀ ਕੈਨੇਡੀਅਨ-ਪੰਜਾਬੀ ਮਹਿਲਾ ਹੈ ਜੋ ਕੈਨੇਡਾ ਦੀ ਇਕ ਮੈਗਜ਼ੀਨ ਲਈ ਚੁਣੀ ਗਈ ਸੀ। ਮਸ਼ਹੂਰ ਕਵਿੱਤਰੀ ਰੂਪੀ ਕੌਰ ਦਾ ਇਸ ਪਰਿਵਾਰ ਨਾਲ ਬਹੁਤ ਪਿਆਰ ਹੈ।
ਪਵਿੱਤਰ ਦੀ ਚਚੇਰੀ ਭੈਣ ਗੁਰਜੀਤ ਕੌਰ ਬੱਸੀ ਨੇ ਦੱਸਿਆ,''ਪਰਿਵਾਰ 19 ਅਪ੍ਰੈਲ ਨੂੰ ਬਰੈਂਪਟਨ 'ਚ ਇਕ ਚੈਰੀਟੇਬਲ ਪ੍ਰੋਗਰਾਮ ਕਰਵਾਉਣ ਜਾ ਰਿਹਾ ਹੈ। ਇਸ 'ਚ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਅਤੇ ਕਈ ਹੋਰ ਲੋਕ ਹਿੱਸਾ ਲੈਣਗੇ। ਇਸ ਮੌਕੇ ਆਰਟ ਵਰਕ ਵੀ ਕਰਵਾਇਆ ਜਾ ਰਿਹਾ ਹੈ।'' ਉਨ੍ਹਾਂ ਦੱਸਿਆ ਕਿ ਪਵਿੱਤਰ ਹਮੇਸ਼ਾ ਲੋਕਾਂ ਦੀ ਮਦਦ ਲਈ ਅੱਗੇ ਰਹਿੰਦਾ ਸੀ ਅਤੇ ਇੱਥੇ ਉਹ ਉਸ ਵੱਲੋਂ ਕੀਤੇ ਗਏ ਕੰਮਾਂ ਦੀਆਂ ਗੱਲਾਂ ਕਰਨਗੇ ।
ਆਸਟ੍ਰੇਲੀਆ 'ਚ ਕਾਰ ਹੋਈ ਹਾਦਸੇ ਦੀ ਸ਼ਿਕਾਰ, ਇਕ ਦੀ ਮੌਤ
NEXT STORY