ਬੀਜਿੰਗ : ਦੁਨੀਆ ’ਚ ਗ੍ਰੀਨ ਗੈਸ ਦੇ ਦੋ ਸਭ ਤੋਂ ਵੱਡੇ ਉਤਸਰਜਕ ਚੀਨ ਅਤੇ ਅਮਰੀਕਾ ’ਚ ਵਾਤਾਵਰਣ ਨੀਤੀ ਨੂੰ ਲੈ ਕੇ ਟਵਿੱਟਰ ’ਤੇ ਟਕਰਾਅ ਦੇਖਣ ਨੂੰ ਮਿਲ ਰਿਹਾ ਹੈ। ਚੀਨ ਨੇ ਸਵਾਲ ਕੀਤਾ ਹੈ ਕਿ ਕੀ ਅਮਰੀਕਾ ਇਸ ਹਫ਼ਤੇ ਰਾਸ਼ਟਰਪਤੀ ਜੋ ਬਾਈਡੇਨ ਵੱਲੋਂ ਦਸਤਖ਼ਤ ਇਤਿਹਾਸਕ ਵਾਤਾਵਰਣ ਕਾਨੂੰਨ ’ਤੇ ਅਮਲ ਕਰ ਸਕਦਾ ਹੈ। ਅਮਰੀਕੀ ਸੰਸਦ ਵੱਲੋਂ ਪਿਛਲੇ ਸ਼ੁੱਕਰਵਾਰ ਨੂੰ ਬਿੱਲ ਪਾਸ ਹੋਣ ਤੋਂ ਬਾਅਦ ਚੀਨ ’ਚ ਅਮਰੀਕੀ ਰਾਜਦੂਤ ਨਿਕੋਲਸ ਬਰਨਜ਼ ਨੇ ਐਤਵਾਰ ਨੂੰ ਟਵਿੱਟਰ ’ਤੇ ਕਿਹਾ ਕਿ ਅਮਰੀਕਾ ਆਪਣੇ ਹੁਣ ਤੱਕ ਦੇ ਸਭ ਤੋਂ ਵੱਡੇ ਨਿਵੇਸ਼ ਨਾਲ ਜਲਵਾਯੂ ਪਰਿਵਰਤਨ ਨੂੰ ਲੈ ਕੇ ਕਾਰਵਾਈ ਕਰ ਰਿਹਾ ਹੈ ਅਤੇ ਚੀਨ ਨੂੰ ਇਸ ਦੀ ਪਾਲਣਾ ਕਰਨੀ ਚਾਹੀਦੀ ਹੈ।
ਇਸ ’ਤੇ ਪ੍ਰਤੀਕਿਰਿਆ ਦਿੰਦਿਆਂ ਚੀਨ ਦੇ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਰਾਤ ਨੂੰ ਟਵੀਟ ਕੀਤਾ, ‘‘ਸੁਣ ਕੇ ਚੰਗਾ ਲੱਗਾ। ਪਰ ਜੋ ਗੱਲ ਮਾਇਨੇ ਰੱਖਦੀ, ਉਹ ਇਹ ਹੈ ਕਿ ਕੀ ਅਮਰੀਕਾ ਇਸ ਨੂੰ ਅਮਲ ’ਚ ਲਿਆ ਸਕੇਗਾ?’’ ਵਧਦੇ ਤਾਪਮਾਨ ਨੂੰ ਸੀਮਤ ਕਰਨ ਲਈ ਵਿਸ਼ਵਵਿਆਪੀ ਯਤਨਾਂ ਦੀ ਸਫਲਤਾ ਲਈ ਅਮਰੀਕਾ ਚੀਨ ਸਹਿਯੋਗ ਨੂੰ ਵਿਆਪਕ ਤੌਰ ’ਤੇ ਮਹੱਤਵਪੂਰਨ ਮੰਨਿਆ ਜਾਂਦਾ ਹੈ। ਤਾਈਵਾਨ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਰਿਸ਼ਤਿਆਂ ’ਚ ਆਏ ਠੰਡੇਪਣ ਦੇ ਮੱਦੇਨਜ਼ਰ ਕੁਝ ਲੋਕ ਸਵਾਲ ਚੁੱਕਦੇ ਹਨ ਕਿ ਕੀ ਇਹ ਦੋਵੇਂ ਸਹਿਯੋਗ ਕਰ ਸਕਦੇ ਹਨ।
ਹਾਲ ਹੀ ’ਚ ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਂਸੀ ਪੇਲੋਸੀ ਦੀ ਤਾਈਵਾਨ ਯਾਤਰਾ ਨੂੰ ਲੈ ਕੇ ਚੀਨ ਨੇ ਇਸ ਮਹੀਨੇ ਦੇ ਸ਼ੁਰੂ ’ਚ ਵਿਰੋਧ ਵਜੋਂ ਅਮਰੀਕਾ ਨਾਲ ਜਲਵਾਯੂ ਤੇ ਹੋਰ ਮੁੱਦਿਆਂ ’ਤੇ ਅਮਰੀਕਾ ਨਾਲ ਗੱਲਬਾਤ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਸੀ। ਚੀਨ ਅਤੇ ਅਮਰੀਕਾ ਦਰਮਿਆਨ ਸਹਿਯੋਗ ਵਾਲੇ ਕੁਝ ਖੇਤਰਾਂ ’ਚ ਜਲਵਾਯੂ ਵੀ ਸ਼ਾਮਲ ਹੈ। ਅਮਰੀਕੀ ਅਧਿਕਾਰੀਆਂ ਨੇ ਚੀਨ ਦੇ ਰੁਖ਼ ਦੀ ਨਿੰਦਾ ਕੀਤੀ ਸੀ ਅਤੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਸੀ, ਇਹ ‘‘ਅਮਰੀਕਾ ਨੂੰ ਨਹੀਂ, ਸੰਸਾਰ ਨੂੰ ਸਜ਼ਾ ਦਿੰਦਾ ਹੈ।’’ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜੀਅਨ ਨੇ ਪਿਛਲੇ ਹਫ਼ਤੇ ਅਮਰੀਕਾ ਤੋਂ ‘ਵਾਤਾਵਰਣ ਤਬਦੀਲੀ ’ਤੇ ਆਪਣੀਆਂ ਇਤਿਹਾਸਕ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਅਤੇ ਆਪਣੀ ਅਯੋਗਤਾ ਲਈ ਬਹਾਨੇ ਲੱਭਣਾ ਬੰਦ ਕਰਨ’ ਦਾ ਸੱਦਾ ਦਿੱਤਾ ਸੀ।
ਇਸ ’ਤੇ ਪ੍ਰਤੀਕਿਰਿਆ ਮੰਗਣ ’ਤੇ ਮੰਤਰਾਲੇ ਨੇ ਬਾਅਦ ’ਚ ਆਪਣੇ ਕੁਝ ਜਵਾਬ ਟਵੀਟ ਕੀਤੇ ਸਨ ਅਤੇ ਅਮਰੀਕੀ ਜਲਵਾਯੂ ਪਰਿਵਰਤਨ ਬਿੱਲ ’ਤੇ ਆਪਣੇ ਟਵੀਟ ਤੋਂ ਬਰਨਜ਼ ਨੇ ਚਾਰ ਦਿਨ ਬਾਅਦ ਜਵਾਬ ਦਿੱਤਾ ਸੀ। ਉਨ੍ਹਾਂ ਕਿਹਾ ਸੀ, ‘‘ਚੀਨ ਨੂੰ ਇਸ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਅਮਰੀਕਾ ਨਾਲ ਵਾਤਾਵਰਣ ਸਹਿਯੋਗ ਨੂੰ ਮੁਅੱਤਲ ਕਰਨ ਦੇ ਆਪਣੇ ਫ਼ੈਸਲੇ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।’’ ਚੀਨ ਨੇ ਇਸ ’ਤੇ ਟਵੀਟ ਕੀਤਾ, ‘‘ਕੀ ਅਮਰੀਕਾ ਇਸ ’ਤੇ ਅਮਲ ਕਰ ਸਕਦਾ ਹੈ?’’
ਮੰਕੀਪਾਕਸ ਦਾ ਨਾਂ ਬਦਲਣ ਨਾਲ ਖਤਮ ਹੋਵੇਗਾ ਕਲੰਕ : ਅਫਰੀਕਨ ਹੈਲਥ ਏਜੰਸੀ
NEXT STORY