ਵਾਸ਼ਿੰਗਟਨ- ਸਿਗਰਟਨੋਸ਼ੀ ਕਰਨਾ ਖੁਦ ਤੇ ਦੂਜਿਆਂ ਦੇ ਲਈ ਹਾਨੀਕਾਰਕ ਹੈ, ਇਹ ਤਾਂ ਸਾਰੇ ਜਾਣਦੇ ਹੀ ਹਨ ਪਰ ਵਿਗਿਆਨੀਆਂ ਨੇ ਜੋ ਖੁਲਾਸੇ ਕੀਤੇ ਹਨ ਉਹ ਬੇਹੱਦ ਖਤਰਨਾਕ ਤੇ ਹੈਰਾਨ ਕਰਨ ਵਾਲੇ ਹਨ। ਅਸਲ ਵਿਚ ਇਕ ਸੋਧ ਵਿਚ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਕੱਪੜਿਆਂ ਵਿਚੋਂ ਖਤਰਨਾਕ ਕੈਮੀਕਲ ਨਿਕਲਦੇ ਹਨ ਤੇ ਇਸ ਨਾਲ ਸਿਹਤ ਨੂੰ ਗੰਭੀਰ ਖਤਰਾ ਹੁੰਦਾ ਹੈ। ਇਸ ਤਰ੍ਹਾਂ ਦੇ ਪਹਿਲੇ ਅਧਿਐਨ ਵਿਚ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਿਗਰਟ ਪੀਣ ਵਾਲਾ ਵਿਅਕਤੀ ਜਦੋਂ ਸਿਨੇਮਾ ਹਾਲ ਵਿਚ ਦਾਖਲ ਹੁੰਦਾ ਹੈ ਤਾਂ ਹਾਲ ਦੇ ਵਾਤਾਵਰਣ ਵਿਚ ਖਤਰਨਾਕ ਕੈਮੀਕਲ ਦੂਜਿਆਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ।
ਅਮਰੀਕਾ ਦੀ ਯੇਲ ਯੂਨੀਵਰਸਿਟੀ ਦੇ ਵਿਗਿਆਨੀ ਤੇ ਮੁੱਖ ਖੋਜਕਾਰ ਪ੍ਰੋਫੈਸਰ ਡ੍ਰਿਯੂ ਗੇਂਟਰ ਦੱਸਦੇ ਹਨ ਕਿ ਸਿਨੇਮਾ ਹਾਲ ਵਿਚ ਸਿਗਰਟਨੋਸ਼ੀ ਕਰਨ ਵਾਲੇ ਦੀ ਮੌਜੂਦਗੀ ਨਾਲ ਉਥੇ ਮੌਜੂਦ ਲੋਕਾਂ ਦੀ ਸਿਹਤ ਨੂੰ ਇਕ ਘੰਟੇ ਦੇ ਅੰਦਰ 10 ਸਿਗਰਟ ਪੀਣ ਜਿੰਨਾ ਨੁਕਸਾਨ ਹੁੰਦਾ ਹੈ। ਇਸ ਲਈ ਅਜਿਹਾ ਸੋਚਣਾ ਗਲਤ ਹੋਵੇਗਾ ਕਿ ਸਿਗਰਟ ਪੀਣ ਵਾਲਿਆਂ ਤੋਂ ਦੂਰ ਰਹਿਣ ਨਾਲ ਨੁਕਸਾਨ ਨਹੀਂ ਹੋਵੇਗਾ।
ਅਸਲ ਵਿਚ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਕੱਪੜਿਆਂ ਵਿਚੋਂ ਨਿਕਲਣ ਵਾਲੇ ਘਾਤਕ ਕੈਮੀਕਲ ਨੂੰ 'ਥਰਡਹੈਂਡ ਸਮੋਕਿੰਗ' ਕਹਿੰਦੇ ਹਨ। ਸਿਗਰਟ ਪੀਣ ਵਾਲਿਆਂ ਦੇ ਕੱਪੜੇ, ਸਰੀਰ ਜਾਂ ਉਸ ਦੇ ਕੋਲ ਮੌਜੂਦ ਚੀਜ਼ਾਂ 'ਤੇ ਕੈਮੀਕਲ ਜਾਂ ਨਿਕੋਟੀਨ ਜਮ੍ਹਾ ਹੋ ਜਾਂਦਾ ਹੈ। ਇਸ ਨਾਲ ਡੀ.ਐਨ.ਏ. ਨੂੰ ਨੁਕਸਾਨ ਹੁੰਦਾ ਹੈ, ਜਿਸ ਨਾਲ ਕੈਂਸਰ ਹੋਣ ਦਾ ਖਦਸ਼ਾ ਵਧ ਜਾਂਦਾ ਹੈ। ਸਿਗਰਟਨੋਸ਼ੀ ਨਾਲ ਵਿਅਕਤੀ ਵਿਚ 50 ਤਰ੍ਹਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਹੁੰਦੀਆਂ ਹਨ, ਜਿਹਨਾਂ ਵਿਚੋਂ ਵਧੇਰੇ ਜਾਨਲੇਵਾ ਹੁੰਦੀਆਂ ਹਨ।
ਸਿਨੇਮਾ ਹਾਲ ਵਿਚ ਖਤਰਾ ਵਧੇਰੇ
ਵਿਗਿਆਨੀਆਂ ਨੇ ਸਿਨੇਮਾ ਹਾਲ ਦੇ ਅੰਦਰ ਤੰਬਾਕੂ ਉਤਪਾਦਾਂ ਦੇ ਹਾਨੀਕਾਰਕ ਤੱਤਾਂ ਦਾ ਪਤਾ ਲਾਉਣ ਦੇ ਲਈ ਮਾਸ ਸਪੇਕਟ੍ਰੋਮੇਟ੍ਰੀ ਤਕਨੀਕ ਦੀ ਵਰਤੋਂ ਕੀਤੀ। ਇਸ ਦੇ ਰਾਹੀਂ ਹਾਲ ਵਿਚ ਸਿਗਰਟਨੋਸ਼ੀ ਦੇ ਲਈ ਵਰਤੀਆਂ ਜਾਣ ਵਾਲੀਆਂ ਹੋਰ ਚੀਜ਼ਾਂ ਨੂੰ ਛੋਹਿਆ ਗਿਆ। ਵਿਗਿਆਨੀਆਂ ਨੂੰ ਪਤਾ ਲੱਗਿਆ ਕਿ ਸਿਗਰਟ ਵਿਚ ਜੋ ਹਾਨੀਕਾਰਕ ਤੱਤ ਹੁੰਦੇ ਹਨ, ਉਸ ਦੀ ਮਾਤਰਾ ਹਾਲ ਵਿਚ ਲੋਕਾਂ ਦੇ ਦਾਖਲ ਹੋਣ ਨਾਲ ਹਾਲ ਦੇ ਅੰਦਰ ਵੀ ਆ ਜਾਂਦੇ ਹਨ। ਇਸ ਦਾ ਮਤਲਬ ਇਹ ਹੋਇਆ ਕਿ ਸਿਨੇਮਾ ਹਾਲ ਵਿਚ ਬੈਠੇ ਲੋਕਾਂ ਨੂੰ ਵੀ ਉਨਾਂ ਹੀ ਖਤਰਾ ਹੈ, ਜਿਨਾਂ ਸਿਗਰਟਨੋਸ਼ੀ ਕਰਨ ਵਾਲੇ ਕਿਸੇ ਵਿਅਕਤੀ ਦੇ ਕੋਲ ਖੜ੍ਹੇ ਹੋਣ ਨਾਲ ਹੁੰਦਾ ਹੈ।
ਥਰਡਹੈਂਡ ਸਮੋਕ ਨਾਲ ਦਿਮਾਗ, ਲਿਵਰ ਨੂੰ ਖਤਰਾ
ਥਰਡਹੈਂਡ ਸਮੋਕਿੰਗ ਨਾਲ ਦਿਮਾਗ ਤੇ ਲਿਵਰ ਨੂੰ ਨੁਕਸਾਨ ਹੁੰਦਾ ਹੈ। ਕਈ ਵਾਰ ਪਾਚਨ ਤੰਤਰ ਵੀ ਖਰਾਬ ਹੋ ਜਾਂਦਾ ਹੈ। ਚੂਹਿਆਂ 'ਤੇ ਹੋਈ ਖੋਜ ਵਿਚ ਪਤਾ ਲੱਗਿਆ ਕਿ ਇਸ ਨਾਲ ਟਾਈਪ-2 ਡਾਈਬਟੀਜ਼ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ ਤੇ ਜ਼ਖਮ ਵੀ ਜਲਦੀ ਨਹੀਂ ਭਰਦੇ।
ਵਿਗਿਆਨੀਆਂ ਨੇ ਦੱਸਿਆ ਕਿ ਸੈਕਿੰਡ ਹੈਂਡ ਸਮੋਕਿੰਗ ਦੌਰਾਨ ਚਾਰ ਹਜ਼ਾਰ ਕੈਮੀਕਲ ਨਿਕਲਦੇ ਹਨ। ਸਿਨੇਮਾ ਹਾਲ ਵਿਚ ਜਦੋਂ ਲੋਕ ਦਾਖਲ ਹੁੰਦੇ ਹਨ ਤਾਂ ਇਸ ਦਾ ਪੱਧਰ ਜ਼ਿਆਦਾ ਰਹਿੰਦਾ ਹੈ। ਜਦ ਉਹ ਚਲੇ ਜਾਂਦੇ ਹਨ ਤਾਂ ਵੀ ਪੁਰਾਣੀ ਸਥਿਤੀ ਬਣੀ ਰਹਿੰਦੀ ਹੈ।
ਈਰਾਨ ਗਲਤ ਢੰਗ ਨਾਲ ਹਿਰਾਸਤ 'ਚ ਲਏ ਅਮਰੀਕੀ ਨਾਗਰਿਕ ਕਰੇ ਰਿਹਾਅ : ਪੋਂਪਿਓ
NEXT STORY