ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਫਰਿਜ਼ਨੋ ਵਿਚ ਵਾਇਰਸ ਦੇ ਮਾਮਲਿਆਂ ਵਿਚ ਵਾਧਾ ਲਗਾਤਾਰ ਜਾਰੀ ਹੈ। ਕੈਲੀਫੋਰਨੀਆ ਦੇ ਪਬਲਿਕ ਹੈਲਥ ਵਿਭਾਗ ਦੀ ਸੋਮਵਾਰ ਨੂੰ ਜਾਰੀ ਰਿਪੋਰਟ ਅਨੁਸਾਰ ਫਰਿਜ਼ਨੋ ਕਾਉਂਟੀ ਨੇ ਕੋਵਿਡ-19 ਦੇ 55 ਨਵੇਂ ਮਾਮਲੇ ਦਰਜ ਕੀਤੇ ਹਨ, ਜਿਸ ਨਾਲ ਮਾਰਚ ਵਿਚ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਇੱਥੇ ਮਾਮਲਿਆਂ ਦੀ ਕੁੱਲ ਸੰਖਿਆ 31,613 ਹੋ ਗਈ ਹੈ।
ਸਟੇਟ ਦੇ ਅੰਕੜਿਆਂ ਅਨੁਸਾਰ ਇਹ ਵਾਧਾ ਪਿਛਲੇ ਰਿਪੋਰਟਿੰਗ ਦਿਨ ਤੋਂ 0.2% ਵਾਧੇ ਨੂੰ ਦਰਸਾਉਂਦਾ ਹੈ। ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਫਰਿਜ਼ਨੋ ਵਿਚ ਚਾਰ ਨਵੀਆਂ ਮੌਤਾਂ ਵੀ ਹੋਈਆਂ ਹਨ ਅਤੇ ਕੋਰੋਨਾ ਵਾਇਰਸ ਕਾਰਨ ਹੋਈਆਂ ਮੌਤਾਂ ਦੀ ਗਿਣਤੀ 443 ਤੱਕ ਪਹੁੰਚ ਗਈ ਹੈ। ਇਸਦੇ ਇਲਾਵਾ ਨਵੇਂ ਅੰਕੜਿਆਂ ਅਨੁਸਾਰ ਕਾਉਂਟੀ ਵਿੱਚ 14 ਦਿਨਾਂ ਦੀ ਔਸਤਨ ਟੈਸਟ ਪੋਜ਼ੀਟਿਵਿਟੀ ਦਰ 4.5% ਹੈ। ਸਿਹਤ ਵਿਭਾਗ ਦੇ ਅਨੁਸਾਰ ਕੁੱਲ 109 ਮਰੀਜ਼ਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਅਤੇ ਉਨ੍ਹਾਂ ਵਿੱਚੋਂ 32 ਸੋਮਵਾਰ ਤੱਕ ਇਨਟੈਂਸਿਵ ਕੇਅਰ ਯੂਨਿਟ ਵਿਚ ਸਨ।
ਵਾਇਰਸ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਫਰਿਜ਼ਨੋ ਦੇ ਸਿਹਤ ਅਧਿਕਾਰੀ ਡਾ. ਰਾਇਸ ਵੋਹਰਾ ਨੇ ਪਿਛਲੇ ਹਫਤੇ ਮੈਮੋਰੀਅਲ ਡੇਅ ਤੋਂ ਬਾਅਦ ਵਾਇਰਸ ਦੇ ਮਾਮਲਿਆਂ ਵਿਚ ਹੋਏ ਵਾਧੇ ਵੱਲ ਇਸ਼ਾਰਾ ਕਰਦਿਆਂ, ਵਸਨੀਕਾਂ ਨੂੰ ਹੈਲੋਵੀਨ ਨਾਂ ਮਨਾਉਣ ਦੀ ਅਪੀਲ ਕੀਤੀ ਸੀ। ਸਮੁੱਚੇ ਕੈਲੀਫੋਰਨੀਆਂ ਵਿੱਚ, ਸੋਮਵਾਰ ਨੂੰ ਕੁੱਲ 4,529 ਨਵੇਂ ਕੋਵਿਡ -19 ਕੇਸ ਦਰਜ਼ ਕੀਤੇ ਗਏ ਹਨ, ਜਿਸ ਨਾਲ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਰਾਜ ਭਰ ਵਿੱਚ ਕੁੱਲ ਕੇਸਾਂ ਦੀ ਗਿਣਤੀ 926,534 ਹੋ ਗਈ ਹੈ। ਇਸਦੇ ਨਾਲ ਹੀ ਸੋਮਵਾਰ ਨੂੰ ਕੁੱਲ 41 ਮੌਤਾਂ ਦੀ ਵੀ ਪੁਸ਼ਟੀ ਹੋਈ ਹੈ ਜਿਸ ਨਾਲ ਰਾਜ ਭਰ ਵਿੱਚ ਮੌਤਾਂ ਦਾ ਅੰਕੜਾ 17,667 ਹੋ ਗਿਆ ਹੈ। ਹਸਪਤਾਲਾਂ ਵਿੱਚ ਦਾਖਲ ਮਰੀਜ਼ਾ ਦੇ ਸੰਬੰਧ ਵਿਚ ਪੂਰੇ ਪ੍ਰਦੇਸ਼ ਵਿੱਚ 2,474 ਮਰੀਜ਼ ਹਸਪਤਾਲ ਵਿੱਚ ਦਾਖਲ ਕੀਤੇ ਗਏ ਹਨ, ਅਤੇ 698 ਇਨਟੈਂਸਿਵ ਕੇਅਰ ਯੂਨਿਟ ਵਿਚ ਹਨ।
ਫਰਿਜ਼ਨੋ ਦੇ ਕੋਰੋਨਾ ਮਾਮਲਿਆਂ 'ਚ ਹੋਇਆ ਹੋਰ 55 ਨਵੇਂ ਮਾਮਲਿਆਂ ਦਾ ਵਾਧਾ
NEXT STORY