ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) - ਗਲਾਸਗੋ ਵਿੱਚ ਹੋ ਰਹੇ ਕੋਪ 26 ਜਲਵਾਯੂ ਸੰਮੇਲਨ ਵਿੱਚ ਵਿਸ਼ਵ ਭਰ ਤੋਂ ਹਜ਼ਾਰਾਂ ਡੈਲੀਗੇਟ, ਕਾਰਕੁੰਨ ਸ਼ਮੂਲੀਅਤ ਕਰ ਰਹੇ ਹਨ ਪਰ ਸੰਮੇਲਨ ਦੇ ਵਕਫੇ ਦੌਰਾਨ ਹਜ਼ਾਰਾਂ ਡੈਲੀਗੇਟਾਂ ਨੂੰ ਆਪਣੀ ਰਿਹਾਇਸ਼ ਲਈ ਜੱਦੋਜਹਿਦ ਕਰਨੀ ਪਵੇਗੀ। ਹਜ਼ਾਰਾਂ ਲੋਕਾਂ ਨੂੰ ਪਨਾਹ ਦੇਣ ਲਈ ਕੋਈ ਬੈਕਅੱਪ ਯੋਜਨਾ ਨਹੀਂ ਹੈ ਜਿਨ੍ਹਾਂ ਨੂੰ ਰਹਿਣ ਲਈ ਜਗ੍ਹਾ ਨਹੀਂ ਮਿਲੀ ਹੈ। ਕੋਪ 26 ਦੇ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਗਲਾਸਗੋ ਆਉਣ ਵਾਲੇ ਲੋਕਾਂ ਨੂੰ ਰਿਹਾਇਸ਼ ਦੇ ਪ੍ਰਬੰਧ ਕੀਤੇ ਬਿਨਾਂ ਸ਼ਹਿਰ ਦੀ ਯਾਤਰਾ ਨਾ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਹੈ, ਜਦੋਂ ਕਿ ਸੰਯੁਕਤ ਰਾਸ਼ਟਰ ਦੇ ਕਈ ਅਧਿਕਾਰਤ ਡੈਲੀਗੇਟ ਅਜੇ ਵੀ ਰਹਿਣ ਲਈ ਜਗ੍ਹਾ ਦਾ ਪ੍ਰਬੰਧ ਕਰਨ ਲਈ ਸੰਘਰਸ਼ ਕਰ ਰਹੇ ਹਨ।
ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ਵਿੱਚ 25,000 ਤੋਂ ਵੱਧ ਡੈਲੀਗੇਟਾਂ, 10,000 ਪੁਲਸ ਅਧਿਕਾਰੀਆਂ ਅਤੇ ਹਜ਼ਾਰਾਂ ਹੋਰ ਪ੍ਰਚਾਰਕਾਂ ਅਤੇ ਕਾਰਕੁੰਨਾਂ ਦੀ ਸ਼ਮੂਲੀਅਤ ਦੀ ਉਮੀਦ ਦੇ ਬਾਵਜੂਦ ਸਿਰਫ 15,000 ਹੋਟਲ ਦੇ ਕਮਰੇ ਪਹਿਲਾਂ ਹੀ ਸੁਰੱਖਿਅਤ ਕੀਤੇ ਜਾਣ ਤੋਂ ਬਾਅਦ ਰਿਹਾਇਸ਼ੀ ਸੰਕਟ ਦਾ ਸਾਹਮਣਾ ਕੀਤਾ ਜਾ ਰਿਹਾ ਹੈ। ਇਸ ਈਵੈਂਟ ਲਈ ਅਧਿਕਾਰਤ ਹਾਊਸਿੰਗ ਬਿਊਰੋ ਨੇ ਸਕਾਟਿਸ਼ ਐਗਜ਼ੀਬਿਸ਼ਨ ਸੈਂਟਰ ਦੇ 20 ਮੀਲ ਦੇ ਅੰਦਰ ਸਿਰਫ 5000 ਕਮਰੇ ਬੁੱਕ ਕੀਤੇ ਹਨ ਜਿੱਥੇ ਕੋਪ 26 ਹੋਵੇਗਾ। ਰਿਹਾਇਸ਼ੀ ਸੰਕਟ ਦਾ ਸਾਹਮਣਾ ਕਰਨ ਲਈ ਵਾਤਾਵਰਣ ਸੰਗਠਨਾਂ ਨੇ ਗਲਾਸਗੋ ਸਿਟੀ ਕੌਂਸਲ ਨੂੰ ਐਮਰਜੈਂਸੀ ਰਿਹਾਇਸ਼ ਵਜੋਂ ਜਿਮ ਹਾਲ ਖੋਲ੍ਹਣ ਜਾਂ ਕੈਂਪ ਸਾਈਟਾਂ ਨੂੰ ਸਥਾਪਿਤ ਕਰਨ ਦੀ ਅਪੀਲ ਕੀਤੀ ਹੈ।
ਇਸਦੇ ਨਾਲ ਹੀ ਤਕਰੀਬਨ 3300 ਲੋਕਾਂ ਨੂੰ ਰਿਹਾਇਸ਼ ਦੇਣ ਲਈ ਦੋ ਸਮੁੰਦਰੀ ਜਹਾਜ਼ਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਥਾਨਕ ਨਿਵਾਸੀਆਂ ਵੱਲੋਂ ਵੀ ਯੋਜਨਾਵਾਂ ਤਹਿਤ ਆਪਣੇ ਘਰਾਂ ਵਿੱਚ ਰਿਹਾਇਸ਼ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਸ ਸਭ ਕੁਝ ਦੌਰਾਨ ਸਭ ਤੋਂ ਵੱਡੀ ਸਮੱਸਿਆ ਦਾ ਸਾਹਮਣਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕਰਨਾ ਪੈ ਰਿਹਾ ਹੈ ਜੋ ਵਿਦੇਸ਼ਾਂ ਤੋਂ ਗਲਾਸਗੋ ਜਾਂ ਆਸ ਪਾਸ ਦੀਆਂ ਯੂਨੀਵਰਸਿਟੀਆਂ 'ਚ ਪੜ੍ਹਨ ਆਉਣ ਦੀ ਤਿਆਰੀ 'ਚ ਹਨ। ਰਿਹਾਇਸ਼ੀ ਕਮਰਿਆਂ ਦੇ ਸੰਕਟ ਕਾਰਨ ਜਾਂ ਤਾਂ ਉਹਨਾਂ ਨੂੰ ਕਮਰੇ ਮਿਲ ਹੀ ਨਹੀਂ ਰਹੇ, ਜੇ ਮਿਲਦੇ ਵੀ ਹਨ ਤਾਂ ਮਕਾਨ ਮਾਲਕਾਂ ਵੱਲੋਂ ਕਿਰਾਏ 'ਚ ਅਥਾਹ ਵਾਧਾ ਕਰ ਦਿੱਤਾ ਗਿਆ ਹੈ। ਫਿਲਹਾਲ ਕੋਪ 26 ਦੌਰਾਨ ਰਿਹਾਇਸ਼ ਸੰਕਟ "ਵਿਹੜੇ ਆਈ ਜੰਨ, ਵਿੰਨ੍ਹੋ ਕੁੜੀ ਦੇ ਕੰਨ" ਕਹਾਵਤ ਦਾ ਰੂਪ ਧਾਰਨ ਕਰਦਾ ਨਜ਼ਰ ਆ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪ੍ਰਦੂਸ਼ਣ ਨੂੰ ਲੈ ਕੇ ਭਾਰਤ ਦੇ ਲੋਕਾਂ ਦੀ ਚਿੰਤਾ ਵਧ ਰਹੀ : ਗਲੋਬਲ ਅਧਿਐਨ
NEXT STORY