ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਦੇਸ਼ ਵਿਚ ਹਰ ਸਾਲ ਹਜ਼ਾਰਾਂ ਲੋਕ ਚੰਗੇ ਭਵਿੱਖ ਦੀ ਆਸ ਨਾਲ ਯੂ. ਕੇ. ਵਿਚ ਰਹਿਣ ਲਈ ਪਨਾਹ ਦੀ ਬੇਨਤੀ ਕਰਦੇ ਹਨ। ਪਿਛਲੇ ਸਾਲ 2020 ਵਿਚ ਵੀ ਸੈਂਕੜੇ ਲੋਕਾਂ ਨੇ ਇਸ ਕਾਨੂੰਨ ਤਹਿਤ ਅਰਜ਼ੀਆਂ ਦਿੱਤੀਆਂ ਹਨ ਪਰ ਕੋਰੋਨਾ ਮਹਾਮਾਰੀ ਕਾਰਨ ਉਨ੍ਹਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਜਿਹੇ ਹੀ ਸੈਂਕੜੇ ਪਨਾਹਗੀਰਾਂ ਨੂੰ ਕੈਂਟ ਵਿਚ ਸਾਬਕਾ ਸੈਨਿਕ ਬੈਰਕਾਂ ਦੀ ਅਸਥਾਈ ਰਿਹਾਇਸ਼ ਵਿਚ ਰੱਖਿਆ ਗਿਆ ਹੈ ਅਤੇ ਇਸ ਰਿਹਾਇਸ਼ ਵਿਚ ਰਹਿ ਰਹੇ ਪਨਾਹ ਮੰਗਣ ਵਾਲੇ ਲੋਕਾਂ ਨੇ ਉਨ੍ਹਾਂ ਨੂੰ ਮਿਲਣ ਵਾਲੀਆਂ ਨਾ ਮਾਤਰ ਸਹੂਲਤਾਂ ਦੇ ਵਿਰੁੱਧ ਭੁੱਖ ਹੜਤਾਲ ਕਰਕੇ ਆਵਾਜ਼ ਉਠਾਈ ਹੈ। ਕੈਂਟ ਦੇ ਫੋਕੈਸਟੋਨ ਨੇੜੇ ਨੇਪੀਅਰ ਬੈਰਕ ਸਾਈਟ ਨੂੰ ਅਸਥਾਈ ਰਿਹਾਇਸ਼ ਵਜੋਂ ਵਰਤ ਕੇ ਸਤੰਬਰ ਮਹੀਨੇ ਤੋਂ ਲਗਭਗ 400 ਪਨਾਹ ਮੰਗਣ ਵਾਲੇ ਪ੍ਰਵਾਸੀਆਂ ਨੂੰ ਰੱਖਿਆ ਜਾ ਰਿਹਾ ਹੈ।
ਇਸ ਪਨਾਹ ਘਰ ਨੂੰ ਮਾੜੀਆਂ ਸਿਹਤ ਸਹੂਲਤਾਂ, ਕਾਨੂੰਨੀ ਸਲਾਹ ਦੀ ਘਾਟ ਅਤੇ ਜ਼ਿਆਦਾ ਭੀੜ ਭਰੇ ਹਾਲਤਾਂ ਦੇ ਕਾਰਨ ਬੰਦ ਕਰਨ ਦੀਆਂ ਮੰਗਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਸਥਾ ਦੇ ਵਲੰਟੀਅਰਾਂ ਅਨੁਸਾਰ ਸੋਮਵਾਰ ਨੂੰ ਤਕਰੀਬਨ 350 ਲੋਕ ਆਪਣੀ ਪਨਾਹ ਸੰਬੰਧੀ ਦਾਅਵਿਆਂ ਬਾਰੇ ਜਾਣਕਾਰੀ ਦੀ ਘਾਟ, ਕੋਵਿਡ-19 ਫੈਲਣ ਦੇ ਖ਼ਤਰੇ ਅਤੇ ਮਾੜੀ ਸਫ਼ਾਈ ਦੇ ਵਿਰੋਧ ਵਿਚ ਰੋਸ ਵਜੋਂ ਭੁੱਖ ਹੜਤਾਲ 'ਤੇ ਬੈਠ ਗਏ ਸਨ।
ਪੁਲਸ ਅਧਿਕਾਰੀਆਂ ਅਨੁਸਾਰ ਦਰਜਨਾਂ ਵਸਨੀਕਾਂ ਨੇ ਬੈਰਕਾਂ ਦੇ ਗੇਟਾਂ ਤੇ “ਆਜ਼ਾਦੀ” ਦੇ ਨਾਅਰੇ ਲਗਾਉਣ ਦੇ ਨਾਲ ਅਤੇ ਸਮਾਜਿਕ ਦੂਰੀਆਂ ਦੀ ਘਾਟ ਅਤੇ ਮਾਨਸਿਕ ਸਿਹਤ ਸਮੱਸਿਆਵਾਂ ਦੀ ਜਾਣਕਾਰੀ ਦਿੰਦੇ ਹੋਏ ਬੈਨਰ ਵੀ ਲਹਿਰਾਏ ਗਏ। ਹਾਲਾਂਕਿ ਮੰਤਰੀ ਕ੍ਰਿਸ ਫਿਲਪ ਅਨੁਸਾਰ ਸਰਕਾਰ ਪਨਾਹ ਮੰਗਣ ਵਾਲਿਆਂ ਦੀ ਸਿਹਤ ਅਤੇ ਹੋਰ ਸਹੂਲਤਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹੈ ਜਿਸਦੇ ਤਹਿਤ ਸ਼ਰਨਾਰਥੀਆਂ ਨੂੰ ਸੁਰੱਖਿਅਤ, ਨਿੱਘੀ, ਕੋਰੋਨਾਂ ਵਾਇਰਸ ਤੋਂ ਸੁਰੱਖਿਅਤ ਰਿਹਾਇਸ਼ ਵੀ ਪ੍ਰਦਾਨ ਕੀਤੀ ਜਾਂਦੀ ਹੈ।
ਸਕਾਟਲੈਂਡ 'ਚ ਮੌਸਮ ਵਿਭਾਗ ਨੇ ਦਿੱਤੀ ਭਾਰੀ ਬਰਫਬਾਰੀ ਦੀ ਚਿਤਾਵਨੀ
NEXT STORY