ਬੀਜਿੰਗ- ਚਾਹੇ ਹੀ ਕੁਝ ਬਹਾਦਰ ਭਾਰਤੀ ਚੀਨ ਦੇ ਵੁਹਾਨ ਵਿਚ ਹੀ ਰੁਕ ਗਏ ਹਨ ਤੇ 76 ਦਿਨਾਂ ਦੇ ਲਾਕਡਾਊਨ ਤੋਂ ਬਾਅਦ ਆਪਣੇ ਕੰਮ 'ਤੇ ਪਰਤ ਗਏ ਪਰ ਦੇਸ਼ ਵਿਚ ਕੋਰੋਨਾ ਵਾਇਰਸ ਦੇ ਬਿਨਾਂ ਲੱਛਣ ਵਾਲੇ ਮਾਮਲਿਆਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਉਹਨਾਂ ਨੂੰ ਇਕ ਘਾਤਕ ਵਾਇਰਸ ਦੀ ਦੂਜੀ ਲਹਿਰ ਦਾ ਡਰ ਸਤਾ ਰਿਹਾ ਹੈ।
ਕੋਰੋਨਾ ਵਾਇਰਸ ਮਹਾਮਾਰੀ ਦਾ ਕੇਂਦਰ ਇਹ ਚੀਨੀ ਸ਼ਹਿਰ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਆਖਰੀ ਮਰੀਜ਼ ਨੂੰ ਛੁੱਟੀ ਮਿਲਣ ਤੋਂ ਬਾਅਦ ਮੁੜ ਸੁਰਖੀਆਂ ਵਿਚ ਆਇਆ ਸੀ। ਇਸ ਸ਼ਹਿਰ ਦੇ ਲਈ ਇਹ ਇਕ ਅਦਿੱਖ ਦੁਸ਼ਮਣ ਦੇ ਖਿਲਾਫ ਉਸ ਦੀ ਲੜਾਈ ਵਿਚ ਇਕ ਮੀਲ ਦਾ ਪੱਥਰ ਸੀ। ਵੈਸੇ ਭਾਰਤ ਤੇ ਕਈ ਹੋਰ ਦੇਸ਼ ਅਜੇ ਵੀ ਇਸ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਾਕਡਾਊਨ ਤੋਂ ਲੰਘ ਰਹੇ ਹਨ। ਇਸ ਮਹਾਮਾਰੀ ਨੇ ਦੁਨੀਆ ਵਿਚ ਹੁਣ ਤੱਕ 2.1 ਲੱਖ ਲੋਕਾਂ ਦੀ ਜਾਨ ਲੈ ਲਈ ਹੈ। ਵੁਹਾਨ ਵਿਚ ਇਸ ਮਹਾਮਾਰੀ ਦੀ ਵੱਡੀ ਮਾਰ ਪਈ ਹੈ। ਸ਼ਹਿਰ ਵਿਚ ਇਸ ਵਾਇਰਸ ਦੇ 50,333 ਮਾਮਲੇ ਸਾਹਮਣੇ ਆਏ ਤੇ 3,869 ਮਰੀਜ਼ਾਂ ਦੀ ਜਾਨ ਚਲੀ ਗਈ। ਕੋਰੋਨਾ ਵਾਇਰਸ ਦੇ ਪੈਰ ਪਸਾਰਣ ਤੋਂ ਬਾਅਦ 600 ਤੋਂ ਵਧੇਰੇ ਭਾਰਤੀ ਵਿਦਿਆਰਥੀ ਤੇ ਪੇਸ਼ੇਵਰਾਂ ਨੂੰ ਭਾਰਤ ਸਰਕਾਰ ਨੇ ਉਹਨਾਂ ਦੀ ਸੁਰੱਖਿਆ ਪੁਖਤਾ ਕਰਨ ਲਈ ਫਰਵਰੀ ਵਿਚ ਉਥੋਂ ਕੱਢਿਆ ਪਰ ਕੁਝ ਭਾਰਤੀ ਉਥੇ ਹੀ ਰੁਕ ਗਏ ਤੇ ਉਹਨਾਂ ਨੇ ਆਪਣੇ ਪੇਸ਼ੇਵਰ ਤੇ ਨਿੱਜੀ ਕਾਰਣਾਂ ਕਰਕੇ ਇਸ ਸੰਕਟ ਦਾ ਮੁਕਾਬਲਾ ਕਰਨ ਦਾ ਰਸਤਾ ਚੁਣਿਆ। ਜਦੋਂ ਪੀਟੀਆਈ ਭਾਸ਼ਾ ਨੇ ਉਹਨਾਂ ਨਾਲ ਸੰਪਰਕ ਕੀਤਾ ਤਾਂ ਉਹਨਂ ਵਿਚੋਂ ਕੁਝ ਨੇ ਪਛਾਣ ਜ਼ਾਹਿਰ ਨਾ ਕਰਨ ਦੀ ਸ਼ਰਤ 'ਤੇ ਵੁਹਾਨ ਦੀ ਵਰਤਮਾਨ ਹਾਲਤ ਬਾਰੇ ਖੁੱਲ੍ਹ ਕੇ ਗੱਲ ਕੀਤੀ।
ਇਕ ਭਾਰਤੀ ਖੋਜਕਾਰ ਨੇ ਕਿਹਾ ਕਿ ਹਾਂ ਲਾਕਡਾਊਨ 8 ਅਪ੍ਰੈਲ ਨੂੰ ਹਟਾਇਆ ਗਿਆ ਤੇ ਵਧੇਰੇ ਲੋਕ ਬਾਹਰ ਨਿਕਲੇ ਪਰ ਉਹ ਕੰਮ 'ਤੇ ਨਿਕਲੇ ਤੇ ਜ਼ਰੂਰੀ ਸਮਾਨ ਖਰੀਦਣ ਲਈ ਨਿਕਲੇ। ਵਧੇਰੇ ਲੋਕ ਬਿਨਾਂ ਲੱਛਣ ਵਾਲੇ ਮਾਮਲਿਆਂ ਦੇ ਡਰ ਨਾਲ ਆਪਣੇ ਘਰਾਂ ਵਿਚ ਰੁਕੇ ਹੋਏ ਹਨ। ਚੀਨ ਵਿਚ ਕੋਵਿਡ-19 ਦੇ ਬਾਰੇ ਵਿਚ ਰੋਜ਼ਾਨਾ ਜਾਣਕਾਰੀਆਂ ਦੇਣ ਵਾਲੇ ਨੈਸ਼ਨਲ ਹੈਲਥ ਕਮੀਸ਼ਨ ਦਾ ਕਹਿਣਾ ਹੈ ਕਿ ਵੁਹਾਨ ਕਾਰਣ ਪਿਛਲੇ ਕਈ ਦਿਨਾਂ ਤੋਂ ਕੋਈ ਨਵਾਂ ਮਾਮਲਾ ਜਾਂ ਮਰੀਜ਼ ਦੀ ਮੌਤ ਦੀ ਖਬਰ ਸਾਹਮਣੇ ਨਹੀਂ ਆਈ ਹੈ। ਸੋਮਵਾਰ ਨੂੰ ਦੇਸ਼ ਵਿਚ ਬਿਨਾਂ ਲੱਛਣਾਂ ਵਾਲੇ 40 ਮਾਮਲੇ ਸਾਹਮਣੇ ਆਏ, ਜਿਹਨਾਂ ਵਿਚੋਂ ਤਿੰਨ ਮਰੀਜ਼ ਵਿਦੇਸ਼ ਤੋਂ ਪਰਤੇ ਹਨ।
ਐਨ.ਐਚ.ਸੀ. ਦਾ ਕਹਿਣਾ ਹੈ ਕਿ ਹੁਣ ਤੱਕ ਬਿਨਾਂ ਲੱਛਣ ਵਾਲੇ 997 ਮਰੀਜ਼ ਅਜੇ ਵੀ ਮੈਡੀਕਲ ਨਿਗਰਾਨੀ ਵਿਚ ਹਨ, ਜਿਹਨਾਂ ਵਿਚੋਂ 130 ਮਰੀਜ਼ ਵਿਦੇਸ਼ ਤੋਂ ਪਰਤੇ ਹਨ। ਹੁਬਈ ਸੂਬੇ ਵਿਚ ਸੋਮਵਾਰ ਤੱਕ 599 ਅਜਿਹੇ ਮਰੀਜ਼ ਮੈਡੀਕਲ ਨਿਰੀਖਣ ਵਿਚ ਸਨ। ਵੁਹਾਨ ਇਸੇ ਸੂਬੇ ਦੀ ਰਾਜਧਾਨੀ ਹੈ। ਵੈਸੇ ਇਸ ਵਾਇਰਸ ਦਾ ਇਨਫੈਕਸ਼ਨ ਘਟਣ ਤੋਂ ਬਾਅਦ ਚੀਨ ਨੇ ਵੁਹਾਨ ਵਿਚ 16 ਅਸਥਾਈ ਹਸਪਤਾਲ ਬੰਦ ਕਰ ਦਿੱਤੇ ਹਨ ਤੇ ਉਥੋਂ ਹੋਰ ਸੂਬਿਆਂ ਦੇ 42,000 ਤੋਂ ਵਧੇਰੇ ਮੈਡੀਕਲ ਕਰਮਚਾਰੀਆਂ ਨੂੰ ਵਾਪਸ ਬੁਲਾ ਲਿਆ ਹੈ। ਪਰ ਬਿਨਾਂ ਲੱਛਣ ਵਾਲੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਇਕ ਹੋਰ ਭਾਰਤੀ ਨੇ ਕਿਹਾ ਕਿ ਬਿਨਾਂ ਲੱਛਣ ਵਾਲੇ ਮਾਮਲਿਆਂ ਦੇ ਕਾਰਣ ਲੋਕਾਂ ਵਿਚ ਬੇਚੈਨੀ ਤੇ ਡਰ ਹੈ ਕਿਉਂਕਿ ਤੁਸੀਂ ਕੰਮ ਵਾਲੀ ਥਾਂ ਜਾਂ ਸ਼ਹਿਰ ਵਿਚ ਜਿਸ ਨਾਲ ਮਿਲ ਰਹੇ ਹੁੰਦੇ ਹੋ, ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਨਹੀਂ ਹੁੰਦੀ। ਉਸ ਨੇ ਕਿਹਾ ਕਿ ਸ਼ਹਿਰ ਵਿਚ ਕੋਵਿਡ-19 ਦੀ ਦੂਜੀ ਲਹਿਰ ਆਉਣ ਦਾ ਡਰ ਹੈ, ਇਸੇ ਕਾਰਣ ਵਧੇਰੇ ਲੋਕ ਕੰਮ ਤੋਂ ਬਾਅਦ ਆਪਣੇ ਘਰਾਂ ਵਿਚ ਹੀ ਰਹਿੰਦੇ ਹਨ। ਇਕ ਹੋਰ ਭਾਰਤੀ ਨੇ ਕਿਹਾ ਕਿ ਅਜਿਹਾ ਵੀ ਖਦਸ਼ਾ ਹੈ ਕਿ ਜੋ ਲੋਕ ਸਿਹਤਮੰਦ ਹੋ ਗਏ ਹਨ ਉਹ ਦੁਬਾਰਾ ਨਾ ਇਸ ਵਾਇਰਸ ਦੀ ਗ੍ਰਿਫਤ ਵਿਚ ਆ ਜਾਣ। ਕੁਝ ਭਾਰਤੀਆਂ ਨੂੰ ਭਾਰਤ ਵਿਚ ਫੈਲ ਰਹੇ ਵਾਇਰਸ ਨੂੰ ਲੈ ਕੇ ਚਿੰਤਾ ਹੈ। ਵੈਸੇ ਇਕ ਭਾਰਤੀ ਖੋਜਕਾਰ ਨੇ ਇਸ ਵਾਇਰਸ 'ਤੇ ਪੈਦਾ ਹੋਏ ਸਵਾਲ 'ਤੇ ਕਿਹਾ ਕਿ ਦੁਨੀਆ ਨੂੰ ਪਹਿਲਾਂ ਇਸ ਵਾਇਰਸ 'ਤੇ ਕੰਟਰੋਲ ਕਰਨ 'ਤੇ ਧਿਆਨ ਦੇਣਾ ਚਾਹੀਦਾ ਹੈ ਫਿਰ ਅਜਿਹੇ ਵਿਸ਼ਿਆਂ ਨੂੰ ਦੇਖਣਾ ਚਾਹੀਦਾ ਹੈ।
ਅਮਰੀਕਾ 'ਚ ਦਿਸਿਆ 'ਉੱਡਣ ਖਟੋਲਾ', ਪੈਂਟਾਗਨ ਨੇ ਵੀਡੀਓ ਜਾਰੀ ਕਰ ਕੀਤਾ ਦਾਅਵਾ
NEXT STORY