ਗੁਰਦਾਸਪੁਰ/ਪਾਕਿਸਤਾਨ, ਵਿਨੋਦ)- ਲਾਹੌਰ ’ਚ 6 ਮਈ 2023 ਨੂੰ ਖਾਲਿਸਤਾਨ ਕਮਾਂਡੋ ਫੋਰਸ ਦੇ ਚੀਫ ਪਰਮਜੀਤ ਸਿੰਘ ਪੰਜਵੜ ਦੀ ਉਸ ਸਮੇਂ ਅਣਪਛਾਤੇ ਮੋਟਰਸਾਈਕਲ ਸਵਾਰ ਦੋ ਲੋਕਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਜਦ ਉਹ ਸਵੇਰੇ ਸੈਰ ਦੇ ਲਈ ਜਾ ਰਿਹਾ ਸੀ। ਪਰਮਜੀਤ ਸਿੰਘ ਪੰਜਵੜ ਦੀ ਹੱਤਿਆ ਨੂੰ ਪੁਲਸ ਨੇ ਉਦੋਂ ਇਕ ਸਿੱਖ ਦੀ ਹੱਤਿਆ ਦੱਸ ਕੇ ਕੇਸ ਦਰਜ਼ ਕਰਕੇ ਖਾਨਾਪੂਰਤੀ ਕੀਤੀ ਸੀ, ਪਰ ਅੱਜ ਇਸ ਹੱਤਿਆ ਸਬੰਧੀ ਪਾਕਿਸਤਾਨੀ ਪੁਲਸ, ਪਾਕਿਸਤਾਨ ਦੀ ਗੁਪਤਚਰ ਏਜੰਸੀ ਆਈ.ਐੱਸ.ਆਈ ਸਮੇਤ ਪਾਕਿਸਤਾਨ ਸਰਕਾਰ ਦੀ ਚੁੱਪੀ ਅਤੇ ਹੱਤਿਆਰਿਆਂ ਦਾ ਪਤਾ ਲਗਾਉਣ ਦੇ ਲਈ ਕੌਸ਼ਿਸ ਤੱਕ ਨਾ ਕਰਨ ਤੇ ਪਾਕਿਸਤਾਨ ਵਿਚ ਸ਼ਰਨ ਲਈ ਬੈਠੇ ਅੱਤਵਾਦੀਆਂ ਨੇ ਆਈ.ਐੱਸ.ਆਈ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਆਪਣਾ ਵਿਰੋਧ ਦਰਜ਼ ਕਰਵਾਇਆ।
ਸਰਹੱਦ ਪਾਰੋਂ ਆਏ ਸੂਤਰਾਂ ਅਨੁਸਾਰ ਅੱਜ ਪਾਕਿਸਤਾਨ ਵਿੱਚ ਸ਼ਰਨ ਲੈ ਰਹੇ ਖਾਲਿਸਤਾਨੀ ਵਿਚਾਰਧਾਰਾ ਨਾਲ ਸਬੰਧਤ ਅੱਤਵਾਦੀ ਜਥੇਬੰਦੀਆਂ ਅਤੇ ਭਾਰਤੀ ਪੰਜਾਬ ਦੀ ਹੰਗਾਮੀ ਸਾਂਝੀ ਮੀਟਿੰਗ ਲਾਹੌਰ ਦੇ ਬਾਹਰਵਾਰ ਇੱਕ ਕੋਠੀ ਵਿੱਚ ਹੋਈ। ਜਿਸ ਦੀ ਅਗਵਾਈ ਖਾਲਿਸਤਾਨ ਜਿੰਦਾਬਾਦ ਆਰ.ਐੱਫ.ਓ.ਐੱਸ ਮੁਖੀ ਰਣਜੀਤ ਸਿੰਘ ਨੀਟਾ ਨੇ ਕੀਤੀ। ਇਸ ਤੋਂ ਪਹਿਲਾਂ ਮੀਟਿੰਗ ਦੌਰਾਨ ਕੁਝ ਅੱਤਵਾਦੀਆਂ ਨੇ ਰਣਜੀਤ ਸਿੰਘ ਨੀਟਾ ’ਤੇ ਪਰਮਜੀਤ ਸਿੰਘ ਪੰਜਵੜ ਨੂੰ ਮਾਰਨ ਦਾ ਦੋਸ ਲਾਇਆ। ਉਨਾਂ ਕਿਹਾ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ ਵੱਲੋਂ ਪੰਜਵੜ ਨੂੰ ਭਾਰਤ ਵਿੱਚ ਨਸੀਲੇ ਪਦਾਰਥ ਆਦਿ ਭੇਜਣ ਦਾ ਇੰਚਾਰਜ ਬਣਾਏ ਜਾਣ ਤੋਂ ਬਾਅਦ ਗੁੱਸੇ ਵਿੱਚ ਆ ਕੇ ਉਸ ਨੇ ਪੰਜਵੜ ਦਾ ਕਤਲ ਕਰ ਦਿੱਤਾ। ਪਰ ਬਾਅਦ ਵਿੱਚ ਕੁਝ ਹੋਰ ਲੋਕਾਂ ਦੇ ਦਖਲ ਨਾਲ ਮਾਮਲਾ ਸਾਂਤ ਹੋ ਗਿਆ। ਰਣਜੀਤ ਸਿੰਘ ਨੀਟਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਆਪਣੀ ਬੇਟੀ ਦੀ ਸਹੁੰ ਚੁੱਕੀ ਅਤੇ ਸਾਰਿਆਂ ਨੂੰ ਭਰੋਸਾ ਦਿਵਾਇਆ ਕਿ ਪਰਮਜੀਤ ਸਿੰਘ ਪੰਜਵੜ ਦੇ ਕਤਲ ਵਿੱਚ ਉਸ ਦਾ ਕੋਈ ਹੱਥ ਨਹੀਂ ਹੈ।
ਪਰਮਜੀਤ ਸਿੰਘ ਪੰਜਵੜ ਦੇ ਕਤਲ ਤੋਂ ਬਾਅਦ ਵੀ ਲਾਹੌਰ ਪੁਲਿਸ ਵੱਲੋਂ ਦੋਸੀਆਂ ਨੂੰ ਫੜਨ ਲਈ ਕੁਝ ਨਾ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਵੜ ਨੂੰ ਇੱਕ ਆਮ ਸਿੱਖ ਦੱਸ ਕੇ ਕੇਸ ਦਰਜ ਕਰਨ ਅਤੇ ਇਸ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾਉਣ ਲਈ ਆਈ.ਐੱਸ.ਆਈ ਤੋਂ ਇਸ ਮਾਮਲੇ ਬਾਰੇ ਸਪੱਸ਼ਟੀਕਰਨ ਮੰਗਣ ਅਤੇ ਪਾਕਿਸਤਾਨ ਵਿੱਚ ਸਰਨ ਲੈ ਚੁੱਕੇ ਖਾਲਿਸਤਾਨੀ ਸਮਰਥਕਾਂ ਦੀ ਸੁਰੱਖਿਆ ਬਾਰੇ ਗੱਲ ਕਰਨ ਲਈ ਕਿਹਾ ਤਾਂ ਇਸ ਸਬੰਧੀ ਜਦੋਂ ਰਣਜੀਤ ਸਿੰਘ ਨੀਟਾ ਨੇ ਲਾਹੌਰ ਸਥਿਤ ਆਈ.ਐੱਸ.ਆਈ ਅਧਿਕਾਰੀ ਨੂੰ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਫੋਨ ਕੀਤਾ ਤਾਂ ਮੋਬਾਈਲ ਫੋਨ ਸੁਣਨ ਵਾਲੇ ਅਧਿਕਾਰੀ ਨੇ ਫੋਨ ਕੱਟ ਦਿੱਤਾ। ਜਿਸ ’ਤੇ ਹਰ ਕੋਈ ਆਈ.ਐੱਸ.ਆਈ ਦੇ ਇਸ ਵਤੀਰੇ ਤੋਂ ਨਾਰਾਜ ਹੋ ਗਿਆ ਅਤੇ ਉਨਾਂ ਨੇ ਉਨਾਂ ਦੇ ਦਫਤਰ ਜਾਣ ਦਾ ਫੈਸਲਾ ਕੀਤਾ।
ਸੂਤਰਾਂ ਅਨੁਸਾਰ ਦੁਪਹਿਰ 12 ਵਜੇ ਦੇ ਕਰੀਬ ਇਹ ਆਗੂ ਕਈ ਗੱਡੀਆਂ ਵਿੱਚ ਪੁਲਸ ਸੁਰੱਖਿਆ ਨਾਲ ਆਈ.ਐੱਸ.ਆਈ ਦਫਤਰ ਗਏ ਅਤੇ ਆਈ.ਐੱਸ.ਆਈ ਅਧਿਕਾਰੀਆਂ ਨਾਲ ਗੱਲ ਕਰਨ ਦੀ ਮੰਗ ਕੀਤੀ। ਸੂਤਰ ਦੱਸਦੇ ਹਨ ਕਿ ਕਰੀਬ 1 ਘੰਟਾ 20 ਮਿੰਟ ਦੇ ਇੰਤਜਾਰ ਤੋਂ ਬਾਅਦ ਆਈ.ਐੱਸ.ਆਈ ਅਧਿਕਾਰੀ ਨੇ ਸਿਰਫ ਪੰਜ ਲੋਕਾਂ ਨੂੰ ਮਿਲਣ ਦੀ ਇਜਾਜਤ ਦਿੱਤੀ। ਜਿਸ ’ਤੇ ਕੁਝ ਸਮੇਂ ਲਈ ਫਿਰ ਤਣਾਅ ਪੈਦਾ ਹੋ ਗਿਆ, ਕਿਉਂਕਿ ਇਹ ਸਾਰੇ ਅਧਿਕਾਰੀ ਨੂੰ ਮਿਲਣਾ ਚਾਹੁੰਦੇ ਸਨ। ਬਾਅਦ ਵਿੱਚ ਰਣਜੀਤ ਸਿੰਘ ਨੀਟਾ ਦੀ ਅਗਵਾਈ ਵਿੱਚ ਪੰਜ ਖਾਲਿਸਤਾਨੀ ਸਮਰਥਕਾਂ ਨੇ ਅਧਿਕਾਰੀ ਨਾਲ ਮੀਟਿੰਗ ਕੀਤੀ। ਪਰ ਮੀਟਿੰਗ ਖਤਮ ਹੋਣ ਤੋਂ ਬਾਅਦ, ਸਾਰੇ ਖਾਲਿਸਤਾਨ ਪੱਖੀ ਅਧਿਕਾਰੀ ਦੇ ਵਤੀਰੇ ਤੋਂ ਨਿਰਾਸ ਦਿਖਾਈ ਦਿੱਤੇ ਅਤੇ ਉਸੇ ਰਿਹਾਇਸ ’ਤੇ ਵਾਪਸ ਚਲੇ ਗਏ ਜਿੱਥੋਂ ਉਹ ਚਲੇ ਗਏ ਸਨ।
ਸੂਤਰਾਂ ਮੁਤਾਬਕ ਇਸ ਤੋਂ ਬਾਅਦ ਇਨਾਂ ਖਾਲਿਸਤਾਨੀ ਸਮਰਥਕਾਂ ਦੀ ਬੰਦ ਕਮਰਾ ਮੀਟਿੰਗ ਫਿਰ ਸ਼ੁਰੂ ਹੋ ਗਈ। ਪਰ ਮੀਟਿੰਗ ਵਿੱਚ ਇਨਾਂ ਖਾਲਿਸਤਾਨੀ ਸਮਰਥਕਾਂ ਵੱਲੋਂ ਕੀ ਫੈਸਲਾ ਲਿਆ ਗਿਆ ਇਹ ਪਤਾ ਨਹੀਂ ਲੱਗ ਸਕਿਆ। ਪਰ ਇਹ ਤੈਅ ਹੈ ਕਿ ਪਰਮਜੀਤ ਸਿੰਘ ਪੰਜਵੜ ਦੇ ਕਤਲ ਸਬੰਧੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ., ਲਾਹੌਰ ਪੁਲਿਸ ਅਤੇ ਪਾਕਿਸਤਾਨ ਸਰਕਾਰ ਦੇ ਵਤੀਰੇ ਤੋਂ ਸਾਰੇ ਦੁਖੀ ਹਨ। ਇਨਾਂ ਖਾਲਿਸਤਾਨੀ ਸਮਰਥਕਾਂ ਨੇ ਪਾਕਿਸਤਾਨ ਵਿੱਚ ਕੁਝ ਹੋਰ ਸਿੱਖਾਂ ਦੇ ਕਤਲ ਦਾ ਮਾਮਲਾ ਵੀ ਆਈ.ਐੱਸ.ਆਈ ਅਧਿਕਾਰੀਆਂ ਕੋਲ ਉਠਾਇਆ ਸੀ।
ਭਾਰਤ ਇਕ ਜ਼ਿੰਦਾ ਲੋਕਤੰਤਰ ਹੈ, ਉਥੇ ਜਾ ਕੇ ਖ਼ੁਦ ਹੀ ਵੇਖੋ: ਵ੍ਹਾਈਟ ਹਾਊਸ
NEXT STORY