ਬ੍ਰਿਸਬੇਨ (ਸੁਰਿੰਦਰਪਾਲ ਖੁਰਦ) - ਆਸਟ੍ਰੇਲੀਆ ਦੇ ਵੱਖ-ਵੱਖ ਸੂਬਿਆਂ ’ਚ ਕੋਵਿਡ-19 ਦੇ ਵਧੇਰੇ ਕੇਸਾਂ ’ਚ ਇਜ਼ਾਫਾ ਹੋਣ ਨਾਲ ਕੀਤੀ ਗਈ ਤਾਲਾਬੰਦੀ ਕਾਰਨ ਵਿਦੇਸ਼ੀ ਵਿਦਿਆਰਥੀਆਂ ਨੂੰ ਵਾਪਸ ਆਸਟ੍ਰੇਲੀਆ ਲਿਆਉਣ ਅਤੇ ਅੰਤਰਰਾਸ਼ਟਰੀ ਸਿੱਖਿਆ ਖੇਤਰ ਦੇ ਆਪਣੇ ਵਧੇਰੇ ਮੁਨਾਫੇ ਵਾਲੇ ਕਾਰੋਬਾਰ ਨੂੰ ਮੁੜ ਚਾਲੂ ਕਰਨ ਦਾ ਰਸਤਾ ਲੱਭਣ ਲਈ ਸੰਘਰਸ਼ ਕਰਦਾ ਦਿਖਾਈ ਦੇ ਰਿਹਾ ਹੈ। ਜਿਸ ਨਾਲ ਸਿੱਖਿਆ ਖੇਤਰ ਵਿਚ ਵਧੇਰੇ ਚਿੰਤਾਵਾਂ ਪੈਦਾ ਹੋ ਰਹੀਆਂ ਹਨ ਕਿ ਵਿਦਿਆਰਥੀ ਦੂਜੇ ਦੇਸ਼ਾਂ ਵਿਚ ਪੜ੍ਹਨ ਦਾ ਰੁੱਖ਼ ਕਰ ਰਹੇ ਹਨ। ਮਹਾਮਾਰੀ ਤੋਂ ਪਹਿਲਾਂ, ਆਸਟ੍ਰੇਲੀਆ ਦਾ ਅੰਤਰਰਾਸ਼ਟਰੀ ਸਿੱਖਿਆ ਖੇਤਰ ਲਗਭਗ 40 ਬਿਲੀਅਨ ਡਾਲਰ ਦਾ ਸਾਲਾਨਾ ਕਾਰੋਬਾਰ ਸੀ। ਆਸਟ੍ਰੇਲੀਆਈ ਸੰਘੀ ਸਰਕਾਰ ਵਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ ਮਈ 2019 ਤੋਂ ਮਈ 2021 ਤੱਕ ਨਵੇਂ ਦਾਖਲਿਆਂ ਵਿਚ 30 ਫੀਸਦੀ ਤੱਕ ਦੀ ਗਿਰਾਵਟ ਆਈ ਹੈ। ਪਿਛਲੇ ਵਿੱਤੀ ਵਰ੍ਹੇ ਦੌਰਾਨ 1,00,000 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਆਸਟ੍ਰੇਲੀਆਈ ਸਰਹੱਦਾਂ ਬੰਦ ਰਹਿਣ ਕਾਰਨ ਆਸਟ੍ਰੇਲੀਆ ਨੂੰ ਛੱਡ ਗਏ ਹਨ।
ਜਿਸ ਨਾਲ ਲਗਭਗ 10 ਬਿਲੀਅਨ ਡਾਲਰ ਦੇ ਨੁਕਸਾਨ ਨੇ ਯੂਨੀਵਰਸਿਟੀਆਂ ਨੂੰ ਆਪਣਾ ਸਟਾਫ ਅਤੇ ਕੋਰਸਾਂ ਵਿਚ ਕਟੌਤੀ ਕਰਨ ਲਈ ਮਜ਼ਬੂਰ ਕੀਤਾ ਹੈ। ਪਰ ਆਸਟ੍ਰੇਲੀਆ ਸਰਕਾਰ ਵਿਦੇਸ਼ੀ ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਰਾਜਾਂ ਅਤੇ ਯੂਨੀਵਰਸਿਟੀਆਂ ਦੁਆਰਾ ਤਿਆਰ ਯੋਜਨਾਵਾਂ ਦੀ ਲੜੀ ਸ਼ੁਰੂ ਕਰਨ ਵਿਚ ਵਾਰ-ਵਾਰ ਅਸਫਲ ਰਹੀ ਹੈ। ਨਿਊ ਸਾਊਥ ਵੇਲਜ਼, ਵਿਕਟੋਰੀਆ ਅਤੇ ਕੁਈਨਜਲੈਂਡ ਵਰਗੇ ਪ੍ਰਮੁੱਖ ਸੂਬਿਆਂ ਵਿਚ ਲੱਗੀ ਤਾਲਾਬੰਦੀ ਕਾਰਨ ਰਾਜਾਂ ਦੇ ਪਾਇਲਟ ਪ੍ਰੋਗਰਾਮਾਂ ਰਾਹੀਂ ਵਿਦੇਸ਼ੀ ਵਿਦਿਆਰਥੀਆਂ ਦੀ ਵਾਪਸੀ ਨੂੰ ਹੋਰ ਪਿੱਛੇ ਧੱਕ ਦਿੱਤਾ ਹੈ।
ਕੈਨੇਡਾ ਅਤੇ ਇੰਗਲੈਂਡ ਵਰਗੇ ਦੇਸ਼ ਜਿਨ੍ਹਾਂ ਵਿਦਿਆਰਥੀਆਂ ਅਤੇ ਹੋਰ ਯਾਤਰੀਆਂ ਨੇ ਟੀਕਾ ਲਗਾਇਆ ਹੈ, ਉਨ੍ਹਾਂ ਨੂੰ ਬਿਨਾਂ ਕਿਸੇ ਜੋਖ਼ਮ ਦੇ, ਕੁਆਰੰਟੀਨ-ਮੁਕਤ ਦਾਖ਼ਲੇ ਦੀ ਆਗਿਆ ਦੇਣਾ ਸ਼ੁਰੂ ਕਰ ਰਹੇ ਹਨ। ਜਿਸ ਨਾਲ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਉਨ੍ਹਾਂ ਦੇਸ਼ਾਂ ਵੱਲ ਰੁੱਖ਼ ਕਰ ਰਹੇ ਹਨ। ਕੁਝ ਵਿਦਿਆਰਥੀਆਂ ਨੇ ਦੱਸਿਆ ਜਿਨ੍ਹਾਂ ਨੇ ਪਹਿਲਾਂ ਹੀ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਵਿਚ ਆਪਣੀ ਆਨਲਾਈਨ ਪੜ੍ਹਾਈ ਸ਼ੁਰੂ ਕਰ ਦਿੱਤੀ ਸੀ, ਲਗਭਗ ਉਨ੍ਹਾਂ ਸਾਰਿਆਂ ਨੂੰ ਆਪਣੇ ਫ਼ੈਸਲੇ 'ਤੇ ਬਹੁਤ ਅਫ਼ਸੋਸ ਹੈ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ 'ਚ ਕੁਆਰੰਟੀਨ ਦੀਆਂ ਸਖ਼ਤ ਨੀਤੀਆਂ ਤੋਂ ਤੰਗ ਆ ਕੇ ਉਹ ਆਪਣੀ ਪੜ੍ਹਾਈ ਦੀ ਮੰਜ਼ਿਲ ਨੂੰ ਯੂਰਪ, ਕੈਨੇਡਾ ਜਾਂ ਅਮਰੀਕਾ ਵਿਚ ਬਦਲਣ ਲਈ ਵਿਚਾਰ ਅਧੀਨ ਹਨ। ਸੰਘੀ ਸਿੱਖਿਆ ਮੰਤਰੀ ਐਲਨ ਟੱਜ ਨੇ ਤਾਜਾ ਬਿਆਨ ਕਿਹਾ ਹੈ, ਕਿ ਆਸਟ੍ਰੇਲੀਆ ਵਿਚ 70 ਤੋਂ 80 ਪ੍ਰਤੀਸ਼ਤ ਟੀਕਾਕਰਨ ਦਾ ਟੀਚਾ ਪ੍ਰਾਪਤ ਕੀਤੇ ਬਗੈਰ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਰਹੱਦਾਂ ਨੂੰ ਦੁਬਾਰਾ ਨਹੀਂ ਖੋਲਿਆ ਜਾ ਸਕਦਾ, ਜਿਸ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਆਸਾਂ ਉਮੀਦਾਂ ਨੂੰ ਬੂਰ ਪੈਂਦਾਂ ਨਜ਼ਰ ਨਹੀਂ ਆ ਰਿਹਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਚੀਨ 'ਚ ਕੋਰੋਨਾ ਦੇ ਡੈਲਟਾ ਵੈਰੀਐਂਟ ਦੇ ਮਿਲੇ 77 ਕੇਸ, ਕਈ ਸ਼ਹਿਰਾਂ 'ਚ ਮੁੜ ਹੋਵੇਗੀ ਟੈਸਟਿੰਗ
NEXT STORY